ਡਾਲਫਿਨ ਬਣੀ ਨੂੰਹ
ਧਰਮਪਾਲ
ਜ਼ੀ ਟੀਵੀ ਨਵਾਂ ਸ਼ੋਅ ‘ਕਿਉਂਕਿ... ਸਾਸ ਮਾਂ, ਬਹੂ ਬੇਟੀ ਹੋਤੀ ਹੈ’ ਲੈ ਕੇ ਆ ਰਿਹਾ ਹੈ ਜੋ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰੇਗਾ। ਗੁਜਰਾਤੀ ਪਿਛੋਕੜ ’ਤੇ ਆਧਾਰਿਤ ਪਾਲਨਪੁਰ ਦੇ ਰਾਜਗੌਰ ਪਰਿਵਾਰ ਵਿੱਚ ਨਰਾਤਿਆਂ ਦੇ ਤਿਉਹਾਰ ਦੌਰਾਨ ਇੱਕ ਤੂਫਾਨ ਮਚ ਗਿਆ ਜਦੋਂ ਘਰ ਦੀ ਸਭ ਤੋਂ ਛੋਟੀ ਨੂੰਹ ਹੇਤਲ, ਇੱਕ ਨੂੰਹ ਦੀ ਰਵਾਇਤੀ ਭੂਮਿਕਾ ਨਿਭਾਉਣ ਤੋਂ ਇਨਕਾਰ ਕਰਦੀ ਹੈ ਅਤੇ ਪਰਿਵਾਰ ਤੋਂ ਅਲੱਗ ਹੋਣਾ ਚਾਹੁੰਦੀ ਹੈ। ਰਾਜਗੌਰ ਕਬੀਲੇ ਦੀ ਮੁਖੀ ਅਤੇ ਪਰਿਵਾਰ ਦੀ ਸਭ ਤੋਂ ਵੱਡੀ ਨੂੰਹ ਅੰਬਿਕਾ, ਪਰਿਵਾਰ ਵਿੱਚ ਅਚਾਨਕ ਆਏ ਇਸ ਮੋੜ ਤੋਂ ਬਹੁਤ ਦੁਖੀ ਹੈ ਕਿਉਂਕਿ ਉਸ ਨੇ ਹਮੇਸ਼ਾਂ ਆਪਣੇ ਪਰਿਵਾਰ ਨੂੰ ਇਕੱਠਾ ਰੱਖਿਆ ਹੈ।
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਡਾਲਫਿਨ ਦੂਬੇ ਸ਼ੋਅ ਵਿੱਚ ਹੇਤਲ ਦੀ ਭੂਮਿਕਾ ਨਿਭਾਏਗੀ। ਹੇਤਲ ਦੇ ਸਿਧਾਂਤ ਅੰਬਿਕਾ ਦੇ ਨਾਲ ਟਕਰਾਉਂਦੇ ਹਨ, ਜਿਸ ਕਾਰਨ ਪਰਿਵਾਰ ਵਿੱਚ ਫੁੱਟ ਪੈਦਾ ਹੋ ਜਾਂਦੀ ਹੈ। ਇਸ ਪਰਿਵਾਰ ਦੀ ਸਭ ਤੋਂ ਛੋਟੀ ਨੂੰਹ ਹੋਣ ਕਾਰਨ ਹੇਤਲ ਦਾ ਮੰਨਣਾ ਹੈ ਕਿ ਪਰਿਵਾਰ ਦੀ ਜਾਇਦਾਦ ’ਤੇ ਪਰਿਵਾਰ ਦੇ ਹਰ ਮੈਂਬਰ ਦਾ ਪੂਰਾ ਹੱਕ ਹੈ। ਉਸ ਦਾ ਮੰਨਣਾ ਹੈ ਕਿ ਉਸ ਦਾ ਪਰਿਵਾਰ ਉਸ ਨੂੰ ਸਿਰਫ਼ ਨੂੰਹ ਸਮਝਦਾ ਹੈ ਅਤੇ ਉਸ ਨੂੰ ਕਦੇ ਵੀ ਧੀ ਨਹੀਂ ਮੰਨੇਗਾ। ਹੇਤਲ ਦੀ ਸੋਚ ਹੈ ਕਿ ‘ਸੱਸ ਕਦੇ ਮਾਂ ਨਹੀਂ ਬਣ ਸਕਦੀ ਅਤੇ ਨੂੰਹ ਕਦੇ ਧੀ ਨਹੀਂ ਬਣ ਸਕਦੀ’ ਅਤੇ ਇਸ ਸੋਚ ’ਤੇ ਦ੍ਰਿੜ ਹੋ ਕੇ ਹੇਤਲ ਜਾਇਦਾਦ ’ਚੋਂ ਆਪਣਾ ਹਿੱਸਾ ਮੰਗਦੀ ਹੈ ਅਤੇ ਪਰਿਵਾਰ ਤੋਂ ਵੱਖ ਹੋਣਾ ਚਾਹੁੰਦੀ ਹੈ।
ਡਾਲਫਿਨ ਦੱਸਦੀ ਹੈ, “ਮੈਂ ਅਜਿਹੇ ਵਿਲੱਖਣ ਟੈਲੀਵਿਜ਼ਨ ਸ਼ੋਅ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ ਜਿਸ ਵਿੱਚ ਦਰਸ਼ਕਾਂ ਲਈ ਅਜਿਹਾ ਨਵਾਂ ਸੰਕਲਪ ਹੈ। ਮੇਰਾ ਕਿਰਦਾਰ ਹੇਤਲ ਰਾਜਗੌਰ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਰਗਾ ਨਹੀਂ ਹੈ। ਉਸ ਦੇ ਵਿਚਾਰ ਅਕਸਰ ਉਸ ਦੇ ਪਤੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਟਕਰਾ ਜਾਂਦੇ ਹਨ ਅਤੇ ਇਸ ਨਾਲ ਗਲਤਫਹਿਮੀਆਂ ਅਤੇ ਵਿਵਾਦ ਪੈਦਾ ਹੁੰਦੇ ਹਨ। ਹੇਤਲ ਹਮੇਸ਼ਾਂ ਆਪਣੇ ਆਪ ਨੂੰ ਪਹਿਲ ਦਿੰਦੀ ਹੈ। ਹਾਲਾਂਕਿ ਮੈਂ ਬਹੁਤ ਭਾਵੁਕ ਵਿਅਕਤੀ ਹਾਂ, ਪਰ ਇਸ ਵਿਹਾਰਕ ਕਿਰਦਾਰ ਨੂੰ ਨਿਭਾਉਣ ਲਈ ਮੈਨੂੰ ਆਪਣੀ ਸ਼ਖ਼ਸੀਅਤ ਨੂੰ ਬਦਲਣਾ ਪਿਆ। ਇਹ ਇੱਕ ਔਖਾ ਕੰਮ ਹੈ, ਪਰ ਮੈਂ ਹਮੇਸ਼ਾਂ ਆਪਣਾ 100 ਫੀਸਦੀ ਦਿਆਂਗੀ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਾਂਗੀ।”
ਜਿੱਥੇ ਡਾਲਫਿਨ ਸ਼ੋਅ ਵਿੱਚ ਆਪਣੇ ਆਨ-ਸਕਰੀਨ ਕਿਰਦਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ, ਉੱਥੇ ਦਰਸ਼ਕਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅੰਬਿਕਾ ਰਾਜਗੌਰ ਪਰਿਵਾਰ ਨੂੰ ਇਕੱਠਾ ਰੱਖਣ ਲਈ ਕਿਸ ਤਰ੍ਹਾਂ ਦਾ ਕਦਮ ਚੁੱਕਦੀ ਹੈ, ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਜਾਵੇਗਾ।
ਗੁਰਦਾਸ ਮਾਨ ਤੋਂ ਪ੍ਰੇਰਿਤ ਬਾਦਸ਼ਾਹ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਟੈਲੇਂਟ ਰਿਐਲਿਟੀ ਸ਼ੋਅ ‘ਇੰਡੀਆਜ਼ ਗੌਟ ਟੇਲੈਂਟ’ ’ਤੇ ਅੱਜ ਗੁਰਦਾਸ ਮਾਨ ਆਉਣਗੇ। ਸਾਰੀਆਂ ਪੇਸ਼ਕਾਰੀਆਂ ਅਤੇ ਖਰੀਆਂ-ਖਰੀਆਂ ਗੱਲਾਂ ਦੇ ਵਿਚਕਾਰ ਗੁਰਦਾਸ ਮਾਨ ਨਾਲ ਗੱਲ ਕਰਦੇ ਹੋਏ, ਬਾਦਸ਼ਾਹ ਨੇ ਖੁਲਾਸਾ ਕੀਤਾ ਕਿ ਉਸ ਦੇ ਸੰਗੀਤ ਦੀ ਦੁਨੀਆ ਵਿੱਚ ਆਉਣ ਦੀ ਪ੍ਰੇਰਨਾ ਗੁਰਦਾਸ ਮਾਨ ਹੀ ਹੈ। ਇਹ ਪਲ ਸਾਂਝਾ ਕਰਦਿਆਂ ਉਸ ਨੇ ਕਿਹਾ, “ਮੇਰੇ ਘਰ ਵਿੱਚ ਮਾਨ ਸਾਹਬ ਦੇ ਗੀਤ ਚੱਲਦੇ ਸਨ ਅਤੇ ਮੇਰੇ ਸੰਗੀਤ ਦੀ ਦੁਨੀਆ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਮਾਨ ਸਾਹਬ ਹਨ। ਮੇਰੇ ਮਾਤਾ-ਪਿਤਾ ਸੰਗੀਤ ਦੇ ਸ਼ੌਕੀਨ ਨਹੀਂ ਸਨ, ਪਰ ਮੇਰੇ ਘਰ ਜੋ ਵੀ ਸੰਗੀਤ ਚੱਲਦਾ ਸੀ, ਉਹ ਜ਼ਿਆਦਾਤਰ ਮਾਨ ਸਾਹਬ ਦਾ ਸੰਗੀਤ ਸੀ। ਕਿਹਾ ਜਾਂਦਾ ਹੈ ਕਿ 5-6 ਸਾਲ ਦੀ ਉਮਰ ਦੇ ਵਿਚਕਾਰ ਬੱਚੇ ਦਾ ਚਰਿੱਤਰ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਉਸ ਉਮਰ ਵਿੱਚ ਮਾਨ ਸਾਹਬ ਦੇ ਗੀਤ ਸੁਣਨੇ ਸ਼ੁਰੂ ਕਰ ਦਿੱਤੇ ਸਨ, ਸ਼ਾਇਦ ਇਸੇ ਕਰਕੇ ਸਾਨੂੰ ਜ਼ਿੰਦਗੀ ਵਿੱਚ ਇਹ ਚੰਗੀ ਸਿੱਖਿਆ ਮਿਲੀ ਹੈ। ਤੁਸੀਂ ਉਨ੍ਹਾਂ ਦੇ ਗੀਤਾਂ ਤੋਂ ਕੁਝ ਨਾ ਕੁਝ ਸਿੱਖਦੇ ਹੋ। ਸੋਸ਼ਲ ਮੀਡੀਆ ’ਤੇ ਮੈਨੂੰ ਫਾਲੋ ਕਰਨ ਵਾਲੇ ਜਾਣਦੇ ਹਨ ਕਿ ਸਾਡੇ ਘਰ ’ਚ ਮਾਨ ਸਾਹਬ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਹਨ। ਨਾਲ ਹੀ, ਮੇਰੇ ਬੱਚੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਨਾਲ ਨਹੀਂ ਬੁਲਾਉਂਦੇ; ਉਹ ਉਨ੍ਹਾਂ ਨੂੰ ‘ਬਾਬਾਜੀ’ ਕਹਿੰਦੇ ਹਨ।’’
ਇਸ ਤੋਂ ਇਲਾਵਾ, ਬਾਦਸ਼ਾਹ ਦਾ ਕਹਿਣਾ ਹੈ ਕਿ ਨਾ ਸਿਰਫ਼ ਉਨ੍ਹਾਂ ਦਾ ਬਲਕਿ ਉਨ੍ਹਾਂ ਦੀ ਧੀ ਦਾ ਵੀ ਪਹਿਲਾ ਲਾਈਵ ਕੰਸਰਟ ਮਾਨ ਸਾਹਬ ’ਤੇ ਸੀ। ਉਹ ਕਹਿੰਦਾ ਹੈ, “ਮੇਰੀ ਜ਼ਿੰਦਗੀ ਦਾ ਪਹਿਲਾ ਕੰਸਰਟ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਸੀ ਅਤੇ ਇਹ ਮਾਨ ਸਾਹਬ ਦਾ ਕੰਸਰਟ ਸੀ। ਮੇਰੀ ਧੀ ਦਾ ਪਹਿਲਾ ਕੰਸਰਟ ਵੀ ਮਾਨ ਸਾਹਬ ਦਾ ਸੀ। ਇੰਨਾ ਹੀ ਨਹੀਂ ਮੇਰੀ ਬੇਟੀ ਨੂੰ ਵੀ ਮਾਨ ਸਾਹਬ ਤੋਂ ਪਹਿਲਾ ਤੋਹਫਾ ਮਿਲਿਆ ਹੈ। ਉਹ ਉਨ੍ਹਾਂ ਕੁਝ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਨਾ ਸਿਰਫ਼ ਸਟੇਡੀਅਮਾਂ ਨੂੰ ਭਰਦੇ ਹਨ ਬਲਕਿ ਮੈਦਾਨਾਂ ਨੂੰ ਵੀ ਭਰਦੇ ਹਨ। ਹੁਣ ਪਤਾ ਨਹੀਂ ਕਿਉਂ, ਪਰ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਮਾਨ ਸਾਹਬ ਘੱਟ ਸੰਗੀਤ ਰਿਲੀਜ਼ ਕਰ ਰਹੇ ਹਨ। ਪਰ ਉਹ ਅਜੇ ਵੀ ਮਹਾਨ ਹਨ; ਉਨ੍ਹਾਂ ਨੂੰ ਲਗਾਤਾਰ ਗੀਤ ਰਿਲੀਜ਼ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਲੋਕ ਅਜੇ ਵੀ ਉਨ੍ਹਾਂ ਨੂੰ ਸੁਣਨ ਲਈ ਜਾਂਦੇ ਹਨ।’’
ਮਿਸ਼ਕਤ ਦੀ ਨਵੀਂ ਪਾਰੀ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੀ ਆਗਾਮੀ ਕਾਲਪਨਿਕ ਪੇਸ਼ਕਸ਼ ‘ਕਾਵਿਆ- ਏਕ ਜਜ਼ਬਾ, ਏਕ ਜਨੂੰਨ’ ਵਿੱਚ ਅਭਿਨੇਤਰੀ ਸੁੰਬਲ ਤੌਕੀਰ ਇੱਕ ਅਭਿਲਾਸ਼ੀ ਆਈਏਐੱਸ ਅਧਿਕਾਰੀ ਕਾਵਿਆ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਇੱਕ ਮਜ਼ਬੂਤ ਔਰਤ ਪਾਤਰ ਦੇ ਜੀਵਨ ਦੁਆਲੇ ਘੁੰਮਦੀ ਕਹਾਣੀ ਕਾਵਿਆ ਦੀ ਯਾਤਰਾ ਨੂੰ ਉਜਾਗਰ ਕਰੇਗੀ, ਜਿਸ ਦਾ ਉਦੇਸ਼ ਦੇਸ਼ ਦੀ ਸੇਵਾ ਕਰਨਾ ਹੈ ਅਤੇ ਨਾਲ ਹੀ ਪਰਿਵਾਰ ਦੀ ਕਦਰ ’ਤੇ ਜ਼ੋਰ ਦਿੱਤਾ ਗਿਆ ਹੈ।
ਕਹਾਣੀ ਨੂੰ ਹੋਰ ਦਿਲਚਸਪ ਬਣਾਉਣ ਦਾ ਵਾਅਦਾ ਕਰਦੇ ਹੋਏ, ਮਿਸ਼ਕਤ ਵਰਮਾ ਆਦਿਰਾਜ ਪ੍ਰਧਾਨ ਦੀ ਭੂਮਿਕਾ ਨਿਭਾਉਣ ਲਈ ਸ਼ੋਅ ਦੀ ਕਾਸਟ ਵਿੱਚ ਸ਼ਾਮਲ ਹੋਵੇਗਾ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮਨੋਰੰਜਨ ਉਦਯੋਗ ਦਾ ਹਿੱਸਾ ਰਹੇ ਮਿਸ਼ਕਤ ਨੇ ਪਰਦੇ ’ਤੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ‘ਕਾਵਿਆ-ਏਕ ਜਜ਼ਬਾ, ਇੱਕ ਜਨੂੰਨ’ ਦੇ ਨਾਲ ਨਵੇਂ ਯੁੱਗ ਦੇ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹੈ। ਇੱਕ ‘ਆਲਸੀ ਜੀਨੀਅਸ’ ਅਧੀਰਾਜ ਤੇਜ਼ ਦਿਮਾਗ਼ ਵਾਲਾ ਕੁਦਰਤੀ ਪ੍ਰਤਿਭਾ ਭਰਪੂਰ ਇਨਸਾਨ ਹੈ ਜੋ ਆਸਾਨੀ ਨਾਲ ਉੱਤਮ ਹਾਸਲ ਕਰ ਲੈਂਦਾ ਹੈ। ਉਹ ਔਰਤਾਂ ਦੀ ਸਫਲਤਾ ਅਤੇ ਸੁਤੰਤਰਤਾ ਲਈ ਇੱਕ ਚੀਅਰਲੀਡਰ ਹੈ।
ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਮਿਸ਼ਕਤ ਵਰਮਾ ਨੇ ਕਿਹਾ, ‘‘ਮੈਂ ਆਦਿਰਾਜ ਦੇ ਕਿਰਦਾਰ ਨੂੰ ਜੀਵੰਤ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਉਹ ਭਾਰਤੀ ਟੈਲੀਵਿਜ਼ਨ ’ਤੇ ਦੇਖਣ ਵਾਲੇ ਆਮ ਨਾਇਕਾਂ ਤੋਂ ਬਿਲਕੁਲ ਵੱਖਰਾ ਹੈ। ਉਹ ਬਹੁਤ ਹੀ ਅਸਲੀ ਕਿਰਦਾਰ ਹੈ। ਉਹ ਸਮਾਨਤਾ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਮੌਜ-ਮਸਤੀ ਕਰਨ ਵਾਲਾ ਵਿਅਕਤੀ ਹੈ। ਉਹ ਜ਼ਿੰਦਗੀ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ ਅਤੇ ਇਹ ਉਹ ਚੀਜ਼ ਹੈ ਜੋ ਮੈਂ ਇਸ ਭੂਮਿਕਾ ਤੋਂ ਸਿੱਖਣਾ ਚਾਹੁੰਦਾ ਹਾਂ, ਉਹ ਹੈ ਹਰ ਪਲ ਆਜ਼ਾਦ ਤੌਰ ’ਤੇ ਜਿਉਣ ਦੀ ਉਸ ਦੀ ਯੋਗਤਾ।