For the best experience, open
https://m.punjabitribuneonline.com
on your mobile browser.
Advertisement

ਗੁੱਡੀਏ ਨੀਂ ਰੱਬ ਕੋਲ ਜਾ...

08:05 AM Jun 29, 2024 IST
ਗੁੱਡੀਏ ਨੀਂ ਰੱਬ ਕੋਲ ਜਾ
Advertisement

ਜੱਗਾ ਸਿੰਘ ਆਦਮਕੇ

Advertisement

ਵੱਖ ਵੱਖ ਸੱਭਿਆਚਾਰਾਂ ਵਿੱਚ ਵੱਖ ਵੱਖ ਰਸਮਾਂ, ਰੀਤੀ ਰਿਵਾਜ, ਕਰਮ ਕਾਂਡ ਤੇ ਲੋਕ ਵਿਸ਼ਵਾਸ ਸਿਰਜੇ ਜਾਂਦੇ ਹਨ। ਇਨ੍ਹਾਂ ਪਿੱਛੇ ਮਨੋਵਿਗਿਆਨ, ਸਮਾਜਿਕ, ਆਰਥਿਕ, ਮਨੋਰੰਜਨ, ਖਾਣ ਪੀਣ ਦੀਆਂ ਜ਼ਰੂਰਤਾਂ, ਸਥਾਨਕ ਹਾਲਾਤ ਆਦਿ ਵਰਗੇ ਅਨੇਕਾਂ ਕਾਰਕ ਕੰਮ ਕਰਦੇ ਹਨ। ਇਨ੍ਹਾਂ ਪਿੱਛੇ ਸਬੰਧਤ ਖਿੱਤੇ ਦੇ ਲੋਕਾਂ ਦੇ ਲੰਬੇ ਸਮੇਂ ਦੇ ਵਿਹਾਰਕ ਤਜਰਬੇ, ਘਟਨਾਵਾਂ ਦਾ ਦੁਹਰਾਓ ਅਤੇ ਅਜਿਹਾ ਹੋਣ ਕਾਰਨ ਪੈਦਾ ਹੋਈਆਂ ਵੱਖ ਵੱਖ ਰੀਤਾਂ ਨੂੰ ਲਗਾਤਾਰ ਨਿਭਾਉਣ ਦੀ ਪਰੰਪਰਾ ਆਦਿ ਪੱਖ ਕੰਮ ਕਰਦੇ ਹਨ। ਅਜਿਹਾ ਕੁਝ ਹੀ ਪੰਜਾਬੀ ਜਨ ਜੀਵਨ, ਪੰਜਾਬੀ ਸੱਭਿਆਚਾਰ ਵਿੱੱਚ ਵੀ ਹੈ।
ਪੰਜਾਬੀਆਂ ਦੀਆਂ ਬਹੁਤ ਸਾਰੀਆਂ ਰਸਮਾਂ ਤੇ ਰਿਵਾਜ, ਲੋਕ ਵਿਸ਼ਵਾਸ ਉਨ੍ਹਾਂ ਦੀਆਂ ਵੱਖ ਵੱਖ ਜ਼ਰੂਰਤਾਂ ਦੀ ਪੂਰਤੀ ਕਰਦੇ ਰਹੇ ਹਨ। ਮਨੁੱਖ ਮੁੱਢ ਤੋਂ ਹੀ ਕੁਦਰਤੀ ਵਰਤਾਰਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਪਣੇ ਅਨੁਸਾਰ ਵਰਤਣ ਲਈ ਵੱਖ ਵੱਖ ਤਰ੍ਹਾਂ ਦੇ ਯਤਨਾਂ, ਤਰੀਕਿਆਂ ਦਾ ਤਜਰਬਾ ਕਰਦਾ ਰਿਹੈ। ਵਾਰ ਵਾਰ ਅਜਿਹਾ ਕਰਨ ਨਾਲ ਸਬੰਧਤ ਘਟਨਾ ਦੇ ਵਾਪਰਨ ਦੇ ਵਰਤਾਰੇ ਨੂੰ ਰੋਕਣ ਜਾਂ ਵਾਪਰਨ ਲਈ ਪ੍ਰੇਰਿਤ ਕਰਨ ਲਈ ਕਰਮ ਕਾਂਡ, ਲੋਕ ਵਿਸ਼ਵਾਸ ਤੇ ਰਸਮਾਂ ਪੈਦਾ ਹੋਈਆਂ ਅਤੇ ਇਨ੍ਹਾਂ ਨੂੰ ਲਗਾਤਾਰ ਨਿਭਾਉਂਦੇ ਰਹਿਣ ਦੀਆਂ ਪਰੰਪਰਾਵਾਂ ਨੂੰ ਜਨਮ ਦਿੱਤਾ। ਕੁਝ ਇਸੇ ਤਰ੍ਹਾਂ ਹੀ ਮੀਂਹ ਨਾ ਪੈਣ ਨਾਲ ਸਬੰਧਤ ਪੈਦਾ ਹੋਇਆ ਇੱਕ ਲੋਕ ਵਿਸ਼ਵਾਸ, ਕਰਮ ਕਾਂਡ ਜਾਂ ਰਸਮ ਹੈ ‘ਗੁੱਡੀ ਫੂਕਣਾ।’ ਇਹ ਰਸਮ ਇਸ ਲੋਕ ਵਿਸ਼ਵਾਸ ਨਾਲ ਜੁੜੀ ਹੋਈ ਹੈ ਕਿ ਇਸ ਨੂੰ ਨਿਭਾਉਣ ਨਾਲ ਮੀਂਹ ਪੈ ਜਾਂਦਾ ਹੈ।
ਮੀਂਹ ਰਾਹੀਂ ਪ੍ਰਾਪਤ ਪਾਣੀ ਕਿਸੇ ਖਿੱਤੇ ਦੀ ਆਰਥਿਕ ਖੁਸ਼ਹਾਲੀ ਆਦਿ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅਜਿਹਾ ਹੋਣ ਕਾਰਨ ਸਬੰਧਤ ਖਿੱਤੇ ਦੇ ਜਨ ਸਮੂਹ ਵਿੱਚ ਮੀਂਹ ਦੀ ਜ਼ਰੂਰਤ ਅਤੇ ਮਹੱਤਵ ਹੋਣਾ ਲਾਜ਼ਮੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਅਜਿਹਾ ਹੋਣ ਕਰਕੇ ਪੰਜਾਬੀ ਜਨ ਜੀਵਨ ਲਈ ਮੀਂਹ ਦੀ ਭੂਮਿਕਾ ਹੋਰ ਵੀ ਮਹੱਤਵ ਰੱਖਣ ਵਾਲੀ ਹੈ। ਇਸ ਦੇ ਨਾਲ ਨਾਲ ਜੇਠ ਹਾੜ੍ਹ ਦੇ ਮਹੀਨਿਆਂ ਦੌਰਾਨ ਇਸ ਖਿੱਤੇ ਵਿੱਚ ਅੰਤਾਂ ਦੀ ਗਰਮੀ ਪੈਂਦੀ ਹੈ ਅਤੇ ਲੋਆਂ ਵਗਦੀਆਂ ਹਨ। ਇਸ ਸਮੇਂ ਪਾਣੀ ਦੀ ਘਾਟ ਅਤੇ ਵਗਦੀਆਂ ਲੋਆਂ ਕਾਰਨ ਨਦੀਆਂ, ਨਾਲਿਆਂ, ਛੱਪੜਾਂ, ਟੋਭਿਆਂ ਵਿੱਚ ਪਾਣੀ ਸੁੱਕ ਜਾਂਦਾ ਹੈ, ਬਨਸਪਤੀ ਕੁਮਲਾ ਜਾਂਦੀ ਹੈ ਅਤੇ ਜੀਵ ਜੰਤੂ ਪਾਣੀ ਦੀ ਘਾਟ ਅਤੇ ਤਨ ਸਾੜਦੀ ਗਰਮੀ ਨਾਲ ਜੂਝਣ ਲੱਗਦੇ ਹਨ। ਅਜਿਹਾ ਹੋਣ ਕਾਰਨ ਇਸ ਸਮੇਂ ਹਰ ਕਿਸੇ ਨੂੰ ਮੀਂਹ ਦੀ ਜ਼ਰੂਰਤ ਹੋਰ ਵੀ ਵਧੇਰੇ ਮਹਿਸੂਸ ਹੋਣ ਲੱਗਦੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਇਸ ਸਮੇਂ ਬੜੀ ਬੇਸਬਰੀ ਨਾਲ ਮੀਂਹ ਦੀ ਉਡੀਕ ਹੋਣਾ ਲਾਜ਼ਮੀ ਹੈ।
ਜੇਕਰ ਅਜਿਹੇ ਸਮੇਂ ਮੀਂਹ ਨਾ ਪਵੇ ਤਾਂ ਇਹ ਜਨ ਜੀਵਨ ਲਈ ਕਾਫ਼ੀ ਔਖਾ ਸਮਾਂ ਹੁੰਦਾ ਹੈ। ਜਦੋਂ ਅਜੋਕੇ ਤਕਨੀਕੀ ਸਾਧਨਾਂ ਦੀ ਘਾਟ ਸੀ, ਤਦ ਜੇਠ, ਹਾੜ੍ਹ ਅਤੇ ਸਾਉਣ ਦੇ ਮਹੀਨਿਆਂ ਦੌਰਾਨ ਮੀਂਹ ਨਾ ਪੈਣ ਕਾਰਨ ਔੜ ਦੀ ਸਥਿਤੀ ਪੈਦਾ ਹੋ ਜਾਂਦੀ ਸੀ। ਅੰਤਾਂ ਦੀ ਗਰਮੀ ਵਿੱਚ ਪਾਣੀ ਦੀ ਘਾਟ ਕਾਰਨ ਜੀਵ ਜੰਤੂਆਂ ਦਾ ਮਾੜਾ ਹਾਲ ਹੋਣ ਦੇ ਨਾਲ ਨਾਲ ਫ਼ਸਲਾਂ/ਰੁੱਖਾਂ ਦਾ ਕਮਲਾਉਣਾ ਅਤੇ ਮੀਂਹ ਦੀ ਉਡੀਕ ਵਿੱਚ ਖਾਲੀ ਪਈਆਂ ਜ਼ਮੀਨਾਂ ਦਾ ਡਰ ਹੋਣਾ ਲਾਜ਼ਮੀ ਹੈ। ਅਜਿਹੀ ਸਥਿਤੀ ਵਿੱਚ ਮੀਂਹ ਪ੍ਰਤੀ ਫ਼ਿਕਰਮੰਦ ਜਨ ਸਮੂਹ ਵੱਲੋਂ ਮੀਂਹ ਪਵਾਉਣ ਲਈ ਲੋਕ ਵਿਸ਼ਵਾਸਾਂ ਤਹਿਤ ਵੱਖ ਵੱਖ ਤਰ੍ਹਾਂ ਦੇ ਕਰਮ ਕਾਂਡ, ਰਸਮਾਂ, ਉਪਾਵਾਂ ਦੇ ਰੂਪ ਵਿੱਚ ਓਹੜ ਪੋਹੜ ਕੀਤੇ ਜਾਣੇ ਸ਼ੁਰੂ ਹੁੰਦੇ ਹਨ।
ਅਜਿਹੀਆਂ ਰਸਮਾਂ, ਕਰਮ ਕਾਂਡਾਂ ਵਿੱਚੋਂ ਇੱਕ ਹੈ ਪੰਜਾਬੀਆਂ ਦਾ ਲੋਕ ਵਿਸ਼ਵਾਸ ਗੁੱਡੀ ਫੂਕਣਾ। ਇਸ ਸਬੰਧੀ ਪੰਜਾਬੀ ਜਨ ਸਮੂਹ ਦਾ ਵਿਸ਼ਵਾਸ ਹੈ ਕਿ ਇਸ ਨੂੰ ਨਿਭਾਉਣ ਨਾਲ ਮੀਂਹ ਪੈ ਜਾਂਦਾ ਹੈ। ਲੰਬਾ ਸਮਾਂ ਮੀਂਹ ਨਾ ਪੈਣ ਦੀ ਸੂਰਤ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਇਹ ਰਸਮ ਨਿਭਾਈ ਜਾਂਦੀ ਹੈ ਅਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤੋਂ ਪ੍ਰ੍ਰਭਾਵਿਤ ਹੋ ਕੇ ਇੰਦਰ ਦੇਵਤਾ ਮੀਂਹ ਪਾ ਦੇਵੇਗਾ। ਇਸ ਰਸਮ ਪਿੱਛੇ ਜਿੱਥੇ ਇਸ ਰਸਮ ਨੂੰ ਨਿਭਾਉਣ ਸਮੇਂ ਪਾਏ ਜਾਂਦੇ ਦਿਲ ਚੀਰਵੇਂ ਵੈਣਾਂ ਨਾਲ ਇੰਦਰ ਦੇਵ ਦਾ ਦਿਲ ਪਸੀਜਣ ਦੀ ਧਾਰਨਾ ਕੰਮ ਕਰਦੀ ਹੈ, ਉੱਥੇ ਅਜਿਹਾ ਕਰਕੇ ਰੱਬ, ਇੰਦਰ ਦੇਵ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਕਿ ਔੜ, ਗਰਮੀ ਕਾਰਨ ਬੱਚਿਆਂ ਦਾ ਖੇਡਣਾ ਕੁੱਦਣਾ ਵੀ ਪ੍ਰ੍ਰਭਾਵਿਤ ਹੋ ਰਿਹਾ ਹੈ। ਜਿੱਥੇ ਇਸ ਕਰਮ ਕਾਂਡ, ਲੋਕ ਵਿਸ਼ਵਾਸ ਦੇ ਪੈਦਾ ਹੋਣ ਪਿੱਛੇ ਹੋਰ ਬਹੁਤ ਸਾਰੇ ਪੱਖ ਜੁੜੇ ਹੋਏ ਹਨ, ਉੱਥੇ ਇਸ ਦੇ ਕੁੜੀਆਂ ਦੇ ਗੁੱਡੀਆਂ ਪਟੋਲੇ ਬਣਾਉਣ ਦੀ ਖੇਡ ਵਿੱਚੋਂ ਪਣਪੀ ਹੋਣ ਦਾ ਵੀ ਅਨੁਮਾਨ ਲਗਾਇਆ ਜਾਂਦਾ ਹੈ।
ਇਸ ਲੋਕ ਵਿਸ਼ਵਾਸ ਅਨੁਸਾਰ ਕਿਸੇ ਵਿਸ਼ੇਸ਼ ਸਥਾਨ ’ਤੇ ਪਿੰਡ ਦੇ ਲੋਕਾਂ ਵੱਲੋਂ ਗੁੱਡੀ ਫੂਕਣ ਲਈ ਤਿਆਰੀ ਕੀਤੀ ਜਾਂਦੀ ਹੈ। ਇਸ ਲਈ ਢਾਈ ਤਿੰਨ ਫੁੱਟ ਲੰਬੀ ਲੀਰਾਂ, ਕੱਪੜਿਆਂ ਦੀ ਇੱਕ ਗੁੱਡੀ ਤਿਆਰ ਕੀਤੀ ਜਾਂਦੀ ਹੈ। ਕਿਸੇ ਮ੍ਰਿਤਕ ਸਰੀਰ ਨੂੰ ਲੈ ਕੇ ਜਾਣ ਵਾਲੀ ਅਰਥੀ ਵਾਂਗ ਅਰਥੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਪਿੰਡ, ਮੁਹੱਲੇ ਵਿੱਚੋਂ ਗੁੜ, ਤੇਲ, ਆਟਾ ਆਦਿ ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਗੁੱਡੀ ਫੂਕਣ ਸਮੇਂ ਗੁਲਗੁਲੇ, ਖੀਰ ਪੂੂੜੇ ਆਦਿ ਖਾਣ ਵਾਲੀਆਂ ਵਸਤੂਆਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਖਾਣ ਪੀਣ ਦੇ ਇਸ ਸਾਮਾਨ ਨੂੰ ਬਣਾਉਣ ਲਈ ਔਰਤਾਂ ਵੱਲੋਂ ਸਮੂਹਿਕ ਰੂਪ ਵਿੱਚ ਭੂਮਿਕਾ ਨਿਭਾਈ ਜਾਂਦੀ ਹੈ।
ਆਮ ਕਰਕੇ ਅਜਿਹੀਆਂ ਸਾਰੀਆਂ ਤਿਆਰੀਆਂ ਕਿਸੇ ਸਾਂਝੀ ਥਾਂ ’ਤੇ ਕੀਤੀਆਂ ਜਾਂਦੀਆਂ ਹਨ। ਸਾਰੀਆਂ ਤਿਆਰੀਆਂ ਹੋਣ ’ਤੇ ਕੱਪੜੇ ਤੋਂ ਤਿਆਰ ਗੁੱਡੀ ਨੂੰ ਅਰਥੀ ’ਤੇ ਪਾ ਕੇ ਕਿਸੇ ਮ੍ਰਿਤਕ ਸਰੀਰ ਦੇ ਸਸਕਾਰ ਕਰਨ ਸਮੇਂ ਨਿਭਾਈਆਂ ਜਾਂਦੀਆਂ ਰਸਮਾਂ ਵਾਂਗ ਸਵਾਂਗ ਕੀਤਾ ਜਾਂਦਾ ਹੈ। ਗੁੱਡੀ ਫੂਕਣ ਲਈ ਪਿੰਡ ਦੀ ਜੂਹ ਦੇ ਨੇੜੇ ਦਾ ਸਥਾਨ ਚੁਣਿਆ ਜਾਂਦਾ ਹੈ ਕਿਉਂਕਿ ਅਜਿਹਾ ਕਰਨਾ ਇਸ ਲੋਕ ਵਿਸ਼ਵਾਸ ਦਾ ਹਿੱੱਸਾ ਹੈ। ਚਾਰ ਜਾਣਿਆਂ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਜਾਂਦਾ ਹੈ ਅਤੇ ਬਾਕੀ ਸਾਰੇ ਉਨ੍ਹਾਂ ਦੇ ਮਗਰ ਚੱਲਦੇ ਹਨ। ਇਨ੍ਹਾਂ ਵਿੱਚ ਪੁਰਸ਼, ਔਰਤਾਂ, ਕੁੜੀਆਂ ਵਿੱਚੋਂ ਕੋਈ ਵੀ ਕਾਨ੍ਹੀ ਲਗਾਇਆ ਜਾਂਦਾ ਹੈ। ਇਸ ਸਮੇਂ ਔਰਤਾਂ ਵੱਲੋਂ ਉਸੇ ਤਰ੍ਹਾਂ ਕੀਰਨੇ/ਵੈਣ ਪਾਏ ਜਾਂਦੇ ਹਨ ਜਿਵੇਂ ਕਿਸੇ ਮਨੁੱਖ ਦੇ ਮਰਨ ਉਪਰੰਤ ਪਾਏ ਜਾਂਦੇ ਹਨ। ਇਸ ਦੇ ਨਾਲ ਨਾਲ ਕੁਝ ਵਿਸ਼ੇਸ਼ ਤੁਕਾਂ ਜੋ ਵਿਸ਼ੇਸ਼ ਰੂਪ ਵਿੱਚ ਗੁੱਡੀ ਫੂਕਣ ਦੀ ਰਸਮ ਨਾਲ ਸਬੰਧਤ ਹੁੰਦੀਆਂ ਹਨ, ਵੀ ਵੈਣਾਂ ਦੇ ਰੂਪ ਵਿੱਚ ਬੋਲੀਆਂ ਜਾਂਦੀਆਂ ਹਨ। ਜਿਵੇਂ:
ਗੁੱਡੀਏ ਨੀਂ ਰੱਬ ਕੋਲ ਜਾ
ਜਾ ਕੇ ਨੀਂ ਤੂੰ ਮੀਂਹ ਪਵਾ
ਇਸੇ ਤਰ੍ਹਾਂ ਹੀ ਦੂਸਰੀਆਂ ਹੋਰ ਤੁਕਾਂ ਵੈਣਾਂ ਦੇ ਰੂਪ ਵਿੱਚ ਕੁਝ ਇਸ ਤਰ੍ਹਾਂ ਬੋਲੀਆਂ ਜਾਂਦੀਆਂ ਹਨ:
ਗੁੱਡੀ ਮਰਗੀ ਜਾਣ ਕੇ
ਆਟਾ ਧਰਗੀ ਛਾਣ ਕੇ
ਗੁੱਡੀ ਮਰਗੀ ਜਾਣ ਕੇ
ਲੰਮੀਆਂ ਪੈ ਗਈ ਤਾਣ ਕੇ
ਜੇ ਗੁੱਡੀਏ ਤੈਂ ਮਰਨਾ ਸੀ
ਮੈਨੂੰ ਦੱਸ ਕੇ ਮਰਨਾ ਸੀ
ਜੇ ਗੁੱਡੀਏ ਤੂੰ ਮਰਨਾ ਸੀ
ਦਲੀਆ ਕਾਹਨੂੰ ਧਰਨਾ ਸੀ
ਇਸ ਰਸਮ ਦਾ ਸਬੰਧ ਮੀਂਹ ਨਾਲ ਹੋਣ ਕਾਰਨ ਰੱਬ ਨੂੰ ਮੀਂਹ ਪਾਉਣ ਲਈ ਕੁਝ ਇਸ ਤਰ੍ਹਾਂ ਕਿਹਾ ਜਾਂਦਾ ਹੈ:
* ਸਾਰਾ ਜ਼ੋਰ ਲਗਾਵਾਂਗੇ
ਨੱਕ ਮੱਥੇ ਰਗੜਾਵਾਂਗੇ
ਮੀਂਹ ਪਏ ਤੋਂ ਜਾਵਾਂਗੇ।
* ਹਾਏ ਹਾਏ ਰੱਬਾ ਤਰਸ ਵੇ ਖਾ
ਹਾਏ ਹਾਏ ਰੱਬਾ ਮੀਂਹ ਵੇ ਪਾ।
ਜਿੱਥੇ ਅਜਿਹਾ ਕਰਨ ਪਿੱਛੇ ਮੀਂਹ ਪੈਣ ਦਾ ਲੋਕ ਵਿਸ਼ਵਾਸ ਕੰਮ ਕਰਦਾ ਹੈ, ਉੱਥੇ ਗੁੱਡੀ ਫੂਕਣ ਦੀ ਰਸਮ ਰਾਹੀਂ ਖਾਣ ਪੀਣ, ਮਨੋਰੰਜਨ ਦੀਆਂ ਜ਼ਰੂਰਤਾਂ, ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਅਤੇ ਕਿਸੇ ਕਿਸਮ ਦੀ ਮੁਸੀਬਤ ਨੂੰ ਸਮੂਹਿਕ ਰੂਪ ਵਿੱਚ ਨਜਿੱਠਣ ਦਾ ਸੁਨੇਹਾ ਵੀ ਮਿਲਦਾ ਹੈ। ਹੁਣ ਬਦਲੇ ਹਾਲਾਤ, ਤਕਨੀਕੀ ਉੱਨਤੀ, ਲੋਕ ਵਿਸ਼ਵਾਸਾਂ ’ਤੇ ਤਰਕਵਾਦ ਦੇ ਭਾਰੂ ਹੋਣ, ਟੁੱਟਦੀਆਂ ਭਾਈਚਾਰਕ ਸਾਂਝਾਂ ਆਦਿ ਵਰਗੇ ਹਾਲਾਤ ਕਾਰਨ ਗੁੱਡੀ ਫੂਕਣ ਦੀ ਇਹ ਰਸਮ ਬੀਤੇ ਦੀ ਗੱਲ ਬਣ ਗਈ ਹੈ। ਹੁਣ ਇਹ ਬਹੁਤ ਘੱਟ ਅਤੇ ਛੋਟੇ ਰੂਪ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਨਿਭਾਈ ਜਾਂਦੀ ਹੈ।
ਸੰਪਰਕ: 81469-24800

Advertisement
Author Image

joginder kumar

View all posts

Advertisement
Advertisement
×