...ਬਾਜ਼ੀ ਲੈ ਗਏ ਕੁੱਤੇ
ਬਲਦੇਵ ਸਿੰਘ (ਸੜਕਨਾਮਾ)
ਮੈਂ ਇੰਨਾ ਕੁ ਓਹਲਾ ਤਾਂ ਰੱਖ ਹੀ ਲਵਾਂ, ਮੈਨੂੰ ਮਿਲਣ ਆਇਆ ਮਿੱਤਰ ਕੌਣ ਸੀ। ਸਾਹਬ-ਸਲਾਮ ਕਰਨ ਤੋਂ ਪਹਿਲਾਂ ਹੀ ਉਹ ਬੁੱਲੇਸ਼ਾਹ ਨੂੰ ਇਸ ਅੰਦਾਜ਼ ਨਾਲ ਗਾਉਣ ਲੱਗਾ, ਜਿਵੇਂ ਅੱਜ ਉਹ ਸਿਰਫ਼ ਮੈਨੂੰ ਇਹੀ ਸੁਣਾਉਣ ਆਇਆ ਹੋਵੇ ਤੇ ਨਾਲ-ਨਾਲ ਖ਼ਬਰਦਾਰ ਵੀ ਕਰਦਾ ਹੋਵੇ।
…ਰਾਤੀਂ ਜਾਗਣ ਕੁੱਤੇ, ਤੈਥੋਂ ਉੱਤੇ
ਬੁੱਲੇਸ਼ਾਹ ਕੋਈ ਰਖਤ ਵਿਰਾਜ ਲੈ
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ, ਤੈਥੋਂ ਉੱਤੇ..‘
‘ਤੈਥੋਂ ਉੱਤੇ’ ਕਹਿੰਦਿਆਂ ਉਸ ਨੇ ਹਰ ਵਾਰ ਉਂਗਲ ਮੇਰੇ ਵੱਲ ਤਾਣੀ। ਮੈਂ ਹੈਰਾਨ ਹੋਇਆ, ਹੱਸਦਿਆਂ ਛੇੜਿਆ:
”ਅੱਜ ਤਾਂ ਸੂਫੀਆਨਾ ਰੰਗ ਕਾਫ਼ੀ ਚੜ੍ਹਿਆ ਲੱਗਦੈ।”
”ਸੂਫੀਆਨਾ ਰੰਗ ਤਾਂ ਚੜ੍ਹਿਆ ਤੈਨੂੰ ਜਗਾਉਣ ਆਇਐਂ। ਸੁੱਤਾ ਰਿਹਾ ਤਾਂ ਬਾਜ਼ੀ ਕੁੱਤਿਆਂ ਨੇ ਲੈ
ਜਾਣੀ ਹੈ।”
ਮੈਨੂੰ ਮਿੱਤਰ ਦੀਆਂ ਅੱਖਾਂ ਵਿਚ ਵੰਗਾਰ ਦਿਸੀ, ਮੈਨੂੰ ਚੁੱਪ ਵੇਖ ਕੇ ਉਹ ਪਹਿਲਾਂ ਵਾਲੇ ਅੰਦਾਜ਼ ਵਿਚ ਹੀ ਬੋਲਿਆ:
”ਆਪਣੇ ਆਲੇ ਦੁਆਲੇ ਵੇਖਿਆ ਕਰ, ਕੀ ਵਾਪਰ ਰਿਹੈ? ਕੀ ਹੋ ਰਿਹੈ? ਦੇਸ਼ ਕਿੱਧਰ ਨੂੰ ਜਾ ਰਿਹੈ?
ਵਰਤਮਾਨ ਦੀ ਨਬਜ਼ ‘ਤੇ ਹੱਥ ਨਾ ਰੱਖਿਆ ਤਾਂ ਬਾਜ਼ੀ ਕੁੱਤਿਆਂ ਨੇ ਲੈ ਜਾਣੀ ਹੈ।”
ਫਿਰ ਉਹ ਪ੍ਰਵਚਨ ਦੇਣ ਦੇ ਮੂਡ ਵਿਚ ਆ ਗਿਆ।
”ਧਿਆਨ ਨਾਲ ਸੁਣ ਮੇਰੀ ਗੱਲ, ਮਨੁੱਖੀ ਜੀਵਨ ਵਿਚ ਦੋ ਵਰਤਾਰੇ ਬੜੇ ਮਹੱਤਵਪੂਰਨ ਹਨ। ਸੌਣਾ ਅਤੇ ਜਾਗਣਾ। ਦੋਹਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਸਾਡੇ ਪੀਰ, ਸਾਈਂ, ਜੋਗੀ, ਗੁਰੂ ਅਤੇ ਚਿੰਤਕ ਨੀਂਦਰ ਨਾਲੋਂ, ਸਦਾ ਹੀ ਜਾਗਣ ਨੂੰ ਤਰਜੀਹ ਦਿੰਦੇ ਹਨ। ਨੀਂਦਰ ‘ਚੋਂ ਜਾਗਣ ਦਾ ਹੋਕਾ ਦਿੰਦੇ ਆਏ ਹਨ। ਇਤਿਹਾਸ ਮਿਥਿਹਾਸ ਗਵਾਹ ਹਨ, ਜਦੋਂ ਵੀ ਕੋਈ ਦੇਵਤਾ, ਯੋਧਾ, ਲੋਕ ਨਾਇਕ, ਆਸ਼ਕ-ਮਸ਼ੂਕ ਨੀਂਦਰ ਦੀ ਗ੍ਰਿਫ਼ਤ ਵਿਚ ਆਇਆ ਹੈ, ਉਸ ਨੇ ਧੋਖਾ ਖਾਧਾ ਹੈ ਜਾਂ ਉਹ ਠੱਗਿਆ ਗਿਆ ਹੈ। ਮਿਰਜ਼ਾ ਜੰਡ ਹੇਠਾਂ ਜਦ ਨੀਂਦ ਦੀ ਬੁੱਕਲ ਵਿਚ ਪਿਆ ਹੁੰਦਾ ਹੈ ਤਾਂ ਸਾਹਿਬਾਂ ਆਪਣੇ ਭਰਾਵਾਂ ਦੀ ਜਾਨ ਬਚਾਉਣ ਲਈ ਮਿਰਜ਼ੇ ਦੇ ਤੀਰ ਭੰਨ੍ਹ ਦਿੰਦੀ ਹੈ। ਤਰਕਸ਼ ਜੰਡ ਉੱਪਰ ਟੰਗ ਦਿੰਦੀ ਹੈ। ਮਿਰਜ਼ੇ ਦੀ ਹੋਣੀ ਨੂੰ ਆਪਾਂ ਸਾਰੇ ਜਾਣਦੇ ਹਾਂ। ਤੂੰ ਵੀ ਜ਼ਰੂਰ ਜਾਣਦਾ ਹੋਵੇਂਗਾ…।” ਮੇਰੇ ਵੱਲ ਵੇਖਦਾ ਉਹ ਵਿਅੰਗ ਨਾਲ ਹੱਸਿਆ।
”ਸੱਸੀ ਵੀ ਨੀਂਦਰ ਵਿਚ ਸੀ। ਬੇਖ਼ਬਰ ਸੀ ਤਾਂ ਹੀ ਉਸ ਦੇ ਸੁੱਤਿਆਂ ਸੁੱਤਿਆਂ ਹੋਤ ਪੁੰਨੂੰ ਨੂੰ ਲੈ ਗਏ ਸਨ। ਜਾਗੀ ਤਾਂ ਨੰਗੇ ਪੈਰੀਂ ਤਪਦੇ ਰੇਗਿਸਤਾਨ ਵਿਚ ਭੱਜੀ, ਪਰ ਸਭ ਕੁਝ ਗੁਆ ਲਿਆ…।”
”ਤੇਰਾ ਲੁੱਟਿਆ ਸ਼ਹਿਰ ਭੰਬੋਰ ਸੱਸੀਏ ਬੇਖ਼ਬਰੇ…” ਉਹ ਪੁੰਨੂੰ-ਪੁੰਨੂੰ ਕੁਰਲਾਉਂਦੀ ਡਾਚੀਆਂ ਦੀ ਪੈੜ ਲੱਭਦੀ, ਤਪਦੇ ਥਲ ਵਿਚ ਭੁੜਥਾ ਹੋ ਗਈ। ਜੇ ਸੱਸੀ ਨੀਂਦਰ ਵਿਚ ਨਾ ਹੁੰਦੀ ਤਾਂ ਉਸ ਨੇ ਇਸ ਤਰ੍ਹਾਂ ਵਿਰਲਾਪ ਨਹੀਂ ਕਰਨਾ ਸੀ, ਕੂਕਾਂ ਨਹੀਂ ਸੀ ਮਾਰਨੀਆਂ, ਡਾਚੀ ਨੂੰ ਨਰਕਾਂ ਵਿਚ ਜਾਣ ਦਾ ਸਰਾਪ ਨਹੀਂ ਸੀ ਦੇਣਾ। ਸੋਹਣੀ ਦਾ ਵੇਖ ਲੈ, ਜੇ ਨੀਂਦ ਵਿਚ ਉਘਲਾਉਂਦੀ ਨਾ ਹੁੰਦੀ ਤਾਂ ਕੱਚੇ-ਪੱਕੇ ਘੜੇ ਦੀ ਪਰਖ ਕਰ ਲੈਂਦੀ। ਨੀਂਦਰ ਕਾਰਨ ਇਸ਼ਕ ਦੇ ਦੋਖੀਆਂ ਦੀ ਪਛਾਣ ਨਾ ਕਰ ਸਕੀ ਤੇ ਸਿਦਕ ਤੋਂ ਹਾਰੀ ਝਨਾਂ ਦੇ ਪਾਣੀਆਂ ਵਿਚ ਡੁੱਬ ਮੋਈ। ਸੱਸੀ ਵਾਂਗ ਸੋਹਣੀ ਵੀ ਮਹੀਵਾਲ ਨੂੰ ਹਾਕਾਂ ਮਾਰਦੀ ਰੁੜ੍ਹ ਗਈ। ਸੱਸੀ ਪਾਣੀ ਨੂੰ ਸਹਿਕਦੀ ਮਰ ਗਈ, ਸੋਹਣੀ ਨੂੰ ਪਾਣੀ ਨਿਗਲ ਗਿਆ। ਨੀਂਦਰ ਨੇ ਹੋਰ ਵੀ ਬਥੇਰੀਆਂ ਮੁਹੱਬਤਾਂ ਤਬਾਹ ਕੀਤੀਆਂ ਨੇ…।”
”ਅੱਜ ਕਿਹੜਾ ਫਰੰਟ ਖੋਲ੍ਹ ਕੇ ਬਹਿ ਗਿਐਂ…?” ਮੇਰੇ ਕੋਲੋਂ ਹੁਣ ਚੁੱਪ ਨਾ ਰਿਹਾ ਗਿਆ। ਉਂਜ ਵੀ ਮੈਂ ਹੈਰਾਨ ਸੀ, ਇਹ ਸਭ ਮੈਨੂੰ ਕਿਉਂ ਸੁਣਾ ਰਿਹੈ?
”ਕਾਹਲਾ ਨਾ ਪੈ, ਇਹ ਚਿੰਤਾ ਮੈਂ ਤੇਰੇ ਨਾਲ ਇਸ ਕਰਕੇ ਸਾਂਝੀ ਕਰਨ ਆਇਐਂ… ਜਦ ਅਸੀਂ ਸੁਚੇਤ ਨਹੀਂ ਹੁੰਦੇ, ਸੁੱਤੇ ਰਹਿੰਨੇ ਆਂ ਤਾਂ ਕ੍ਰਾਂਤੀਆਂ ਅਤੇ ਸਮਾਜਿਕ ਤਬਦੀਲੀਆਂ ਨੂੰ ਵੱਡੀ ਢਾਅ ਲੱਗਦੀ ਐ। ਆਸ਼ਕਾਂ ਦੀ ਹੋਣੀ ਤਾਂ ਲਗਪਗ ਇਕੋ ਜੇਹੀ ਹੈ, ਤਾਹੀਓਂ ਤਾਂ ਐਨਾ ਫਿਕਰ ਕੀਤਾ ਜਾਂਦੈ:
ਲੱਗੀ ਵਾਲੇ ਕਦੇ ਨਹੀਓਂ ਸੌਂਦੇ,
ਤੇਰੀ ਕਿਵੇਂ ਅੱਖ ਲੱਗ ਗਈ…
ਦੁੱਲਾ ਭੱਟੀ ਬਾਰੇ ਜਾਣਦੈਂ? ਜਦ ਭੁਲੇਖਿਆਂ ਅਤੇ ਓਹਲਿਆਂ ਦੀ ਨੀਂਦਰ ਵਿਚੋਂ ਜਾਗਿਆ ਤਾਂ ਆਪਣੀ ਮਾਂ ਲੱਧੀ ਨੂੰ ਦੁੱਖ ਅਤੇ ਗੁੱਸੇ ਨਾਲ ਆਖਦਾ ਹੈ:
”ਕੋਈ ਆਪਣੀ ਮਾਂ ਨੂੰ ਆਖੇ ਵੀ ਤਾਂ ਕੀ ਆਖੇ। ਮਾਂ ਤੂੰ ਮੇਰੇ ਨਾਲ ਸਿਰੇ ਦੀ ਠੱਗੀ ਮਾਰੀ ਹੈ। ਬਹੁਤ ਸੌਂ ਲਿਆ ਮਾਂ। ਹੁਣ ਅਕਬਰ ਨੂੰ ਦੱਸਣਾ ਪਵੇਗਾ- ਬਾਰ ਦੇ ਲੋਕ ਜਾਗ ਪਏ ਨੇ..।” ਭਗਤ ਕਬੀਰ ਆਖਦਾ ਹੈ, ਸੌਣਾ ਅਤੇ ਜਾਗਣਾ ਕਈ ਤਰ੍ਹਾਂ ਦਾ ਹੁੰਦਾ ਹੈ:
ਜਾਗਤ ਸੋਵਤ ਬਹੁ ਪ੍ਰਕਾਰ। ਗੁਰਮੁਖਿ ਜਾਗੈ ਸੋਈ ਸਾਰੁ।।
ਸੌਣ ਵਾਲਿਆਂ ਨੂੰ ਸਾਵਧਾਨ ਕਰਦਾ ਹੈ:
ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰ ਜਾਗੁ।।
”ਇਹ ਜਾਣ ਲੈ, ਮਨੁੱਖ ਜਾਗਦਾ ਹੈ ਤਾਂ ਸੁਚੇਤ ਹੈ। ਨੀਂਦ ਨੇ ਹਮੇਸ਼ਾਂ ਸਮਾਜ ਦਾ, ਲੋਕਾਂ ਦਾ, ਦੇਸ਼ ਦਾ, ਵਿਸ਼ਵ ਦਾ ਨੁਕਸਾਨ ਕੀਤਾ ਹੈ। ਜਿਹੜੀ ਕੌਮ ਨੀਂਦ ਵਿਚ ਹੁੰਦੀ ਹੈ, ਉਸ ਦਾ ਸੱਭਿਆਚਾਰ, ਉਸ ਦਾ ਇਤਿਹਾਸ, ਵਿਰਸਾ, ਸਾਹਿਤ ਸਭ ਨੀਂਦਰ ਵਿਚ ਚਲਾ ਜਾਂਦਾ ਹੈ। ਨੀਂਦ ਵਿਚ ਅਸੀਂ ਬੜਾ ਕੁਝ ਗੁਆ ਲੈਨੇ ਆਂ। ਤੈਨੂੰ ਇਕ ਘਟਨਾ ਬਾਰੇ ਦੱਸਦੈਂ…” ਮੇਰੀ ਪਰਵਾਹ ਕੀਤੇ ਬਿਨਾਂ ਉਹ ਬੋਲੀ ਗਿਆ:
”ਪਸ਼ੂਆਂ ਦੀ ਮੰਡੀ ਲੱਗੀ ਹੋਈ ਸੀ। ਦੋ ਜਣੇ ਆਪਣੀਆਂ ਸੂਣ ਵਾਲੀਆਂ ਮੱਝਾਂ ਵੇਚਣ ਲਈ ਮੰਡੀ ਲੈ ਕੇ ਗਏ। ਪਹਿਲੇ ਦਿਨ ਕੋਈ ਗਾਹਕ ਨਾ ਲੱਗਿਆ। ਰਾਤ ਮੰਡੀ ਵਿਚ ਕੱਟਣੀ ਪਈ। ਇਕ ਥੱਕਿਆ ਹੋਇਆ ਸੀ। ਉਸ ਨੇ ਦੂਸਰੇ ਨੂੰ ਕਿਹਾ- ‘ਭਰਾਵਾ ਮੈਂ ਸੌਣ ਲੱਗਾਂ, ਜੇ ਮੱਝ ਸੂਣ ਲੱਗੇ ਤਾਂ ਜਗਾ ਦੇਣਾ। ਸਬੱਬ ਨਾਲ ਰਾਤ ਵੇਲੇ ਦੋਵੇਂ ਮੱਝਾਂ ਸੂ ਪਈਆਂ। ਜਾਗਣ ਵਾਲੇ ਦੀ ਮੱਝ ਨੇ ਕੱਟਾ ਦਿੱਤਾ। ਸੁੱਤੇ ਪਏ ਦੀ ਮੱਝ ਨੇ ਕੱਟੀ ਦਿੱਤੀ। ਜਾਗਣ ਵਾਲੇ ਨੇ ਚੁਸਤੀ ਨਾਲ ਕੱਟੀ ਆਪਣੀ ਮੱਝ ਨਾਲ ਲਗਾ ਦਿੱਤੀ ਤੇ ਕੱਟਾ ਸੁੱਤੇ ਬੰਦੇ ਦੀ ਮੱਝ ਲਾਗੇ ਕਰ ਦਿੱਤਾ…। ਇੱਥੋਂ ਹੀ ਕਹਾਵਤ ਬਣੀ ਹੈ:
‘ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ।’
ਮੈਨੂੰ ਅਜੇ ਵੀ ਸਮਝ ਨਹੀਂ ਸੀ ਆ ਰਹੀ, ਇਹ ਸਭ ਮੈਨੂੰ ਕਿਉਂ ਦੱਸੀ ਜਾ ਰਿਹੈ। ‘ਧੀਏ ਗੱਲ ਸੁਣ, ਨੂੰਹੇ ਕੰਨ ਕਰ’ ਵਾਲੀ ਗੱਲ ਤਾਂ ਨਹੀਂ, ਪਰ ਮਿੱਤਰ ਆਪਣੇ ਹੀ ਰੌਂਅ ਵਿਚ ਸੀ: ”ਤੈਨੂੰ ਇਹ ਵੀ ਪਤਾ ਹੋਣਾ ਚਾਹੀਦੈ, ਭਾਰਤੀ ਮੂਲ ਵਾਸੀ ਸੁੱਤੇ ਹੋਏ ਸਨ, ਜਦ ਸ਼ਾਤਰ ਅਤੇ ਜਾਗਦੇ ਆਰੀਆ ਲੋਕ ਆ ਕੇ ਉਨ੍ਹਾਂ ਉੱਪਰ ਕਾਬਜ਼ ਹੋ ਗਏ। ਸਾਡੇ ਲੋਕ ਉਦੋਂ ਵੀ ਸੁੱਤੇ ਪਏ ਸਨ ਜਦ ਦੁਰਾਨੀ, ਅਬਦਾਲੀ ਹਿੰਦ ਉੱਪਰ ਹਮਲੇ ਕਰਦੇ ਰਹੇ। ਜਦ ਗੋਰਿਆਂ ਨੂੰ ਪਤਾ ਲੱਗਾ, ਮੁਗ਼ਲ ਵੀ ਸੌਣ ਦੀ ਮੁਦਰਾ ਵਿਚ ਹਨ ਤਾਂ ਪੂਰੇ 200 ਸਾਲ ਭਾਰਤ ਬਰਤਾਨੀਆ ਦੀ ਬਸਤੀ ਬਣਿਆ ਰਿਹਾ। ਇਹ ਹੁੰਦਾ ਹੈ, ਸੁੱਤੇ ਰਹਿਣ ਦਾ ਅੰਜ਼ਾਮ। ਸ਼ਾਹ ਹੁਸੈਨ ਇਸੇ ਲਈ ਜਾਗਣ ਦਾ ਹੋਕਾ ਦਿੰਦਾ ਹੈ:
‘ਸੁੱਤੀ ਹੈ ਤਾਂ ਜਾਗ, ਤੇਰਾ ਸ਼ਹੁ ਆਵਣ ਦੀ ਵੇਰਾ’
ਲੋਕ ਗੀਤਾਂ ਅਤੇ ਵਿਆਹ ਦੀਆਂ ਰਸਮਾਂ ਵੇਲੇ ਕੱਢੀ ਜਾਗੋ ਦਾ ਵੀ ਆਪਣਾ ਮਹੱਤਵ ਹੈ। ਰਾਤ ਸਮੇਂ ਲੁੱਟਾਂ-ਖੋਹਾਂ, ਚੋਰੀਆਂ ਤੋਂ ਬਚਣ ਲਈ ਜਾਗਦੇ ਰਹਿਣ ਦੀ ਲੋੜ ਹੁੰਦੀ ਸੀ। ਮੇਲਣਾਂ ਗਲੀ-ਗਲੀ ਹੇਕਾਂ ਲਾਉਂਦੀਆਂ:
ਗਵਾਂਢੀਓ ਜਾਗਦੇ ਐਂ ਕਿ ਸੁੱਤੇ…
”ਤੈਨੂੰ ਹੋਰ ਦੱਸਾਂ, ਇਕ ਆਦਮੀ 30 ਸਾਲਾਂ ਤੋਂ ਇਕ ਧਨਾਢ ਕੋਲ ਨੌਕਰ ਸੀ। ਸੇਠ ਨੂੰ ਨੌਕਰ ਉੱਪਰ ਭਰੋਸਾ ਸੀ। ਸ਼ੋਅਰੂਮ ਖੋਲ੍ਹਣਾ, ਰਾਤ ਵੇਲੇ ਬੰਦ ਕਰਨਾ, ਤਾਲੇ ਲਾਉਣਾ ਨੌਕਰ ਦੀ ਜ਼ਿੰਮੇਵਾਰੀ ਸੀ। ਇਕ ਵਾਰ ਨੌਕਰ ਦਾ ਮਨ ਬੇਈਮਾਨ ਹੋ ਗਿਆ। ਰਾਤ ਸਮੇਂ ਚੋਰੀ ਕਰਨ ਦੇ ਇਰਾਦੇ ਨਾਲ ਇਕ ਤਾਲਾ ਖੁੱਲ੍ਹਾ ਛੱਡ ਦਿੱਤਾ। ਰਾਤ ਵੇਲੇ ਚੋਰੀ ਕਰ ਲਈ, ਮਾਲ ਲੈ ਕੇ ਨਿਕਲਣ ਲੱਗਾ ਤਾਂ ਨੀਂਦ ਨੇ ਘੇਰ ਲਿਆ। ਦੁਕਾਨ ਵਿਚ ਹੀ ਸੌਂ ਗਿਆ। ਦਿਨ ਚੜ੍ਹਦੇ ਤਕ ਜਾਗ ਨਾ ਆਈ, ਫੜਿਆ ਗਿਆ। ਸਿਆਣੇ ਆਖਦੇ ਨੇ, ਨੀਂਦਰ ਸੂਲਾਂ ‘ਤੇ ਵੀ ਆ ਜਾਂਦੀ ਹੈ, ਪਰ ਇਹ ਨੀਂਦਰ ਉਸ ਮਾਂ ਵਰਗੀ ਚਾਹੀਦੀ ਹੈ, ਜਿਸ ਦੀ ਗੋਦੀ ਵਿਚ ਬੱਚਾ ਹੁੰਦਾ ਹੈ ਤੇ ਉਹ ਸੁੱਤੀ ਹੋਈ ਵੀ ਜਾਗਦੀ ਹੁੰਦੀ ਹੈ। ਯਾਦ ਰੱਖੀਂ, ਸੁੱਤੀਆਂ ਸਿਆਸੀ ਪਾਰਟੀਆਂ ਸੱਤਾ ਗੁਆ ਲੈਂਦੀਆਂ ਨੇ ਤੇ ਜਾਗਦੀਆਂ ਪਾਰਟੀਆਂ ਸੱਤਾ ਹਥਿਆ ਲੈਂਦੀਆਂ ਨੇ…।”
”ਪਰ ਇਹ ਮੈਨੂੰ ਕਿਉਂ…”
ਉਸ ਨੇ ਫਿਰ ਮੈਨੂੰ ਬੋਲਣ ਨਾ ਦਿੱਤਾ, ”ਅਜੇ ਵੀ ਨਹੀਂ ਸਮਝਿਆ? ਮੈਨੂੰ ਪਤਾ ਸੀ, ਤੂੰ ਵੀ ਸੁੱਤਾ ਹੋਇਐਂ…।” ਮੇਰੇ ਵੱਲ ਭੈੜਾ ਜਿਹਾ ਮੂੰਹ ਬਣਾਉਂਦਾ ਉਹ ਤੁਰ ਗਿਆ…।
ਸੰਪਰਕ: 98147-83069