ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੋਡਾ: ਅਤਿਵਾਦੀਆਂ ਨਾਲ ਮੁਕਾਬਲੇ ’ਚ ਕੈਪਟਨ ਸਣੇ ਚਾਰ ਜਵਾਨ ਸ਼ਹੀਦ

07:02 AM Jul 17, 2024 IST
ਡੋਡਾ ’ਚ ਮੁਕਾਬਲੇ ਵਾਲੀ ਥਾਂ ’ਤੇ ਮੌਜੂਦ ਸੁਰੱਖਿਆ ਬਲਾਂ ਦੇ ਜਵਾਨ। -ਫੋਟੋ: ਪੀਟੀਆਈ

* ਅਤਿਵਾਦੀਆਂ ਦੇ ਸਫਾਏ ਲਈ ਵਾਧੂ ਸੁਰੱਖਿਆ ਫੋਰਸ ਭੇਜੀ
* ਅਤਿਵਾਦ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ: ਸੈਨਾ

Advertisement

ਜੰਮੂ, 16 ਜੁਲਾਈ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨਾਲ ਮੁਕਾਬਲੇ ’ਚ ਇੱਕ ਕੈਪਟਨ ਸਮੇਤ ਸੈਨਾ ਦੇ ਚਾਰ ਜਵਾਨ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਭਾਲ ਅਤੇ ਉਨ੍ਹਾਂ ਦੇ ਸਫ਼ਾਏ ਲਈ ਵਾਧੂ ਸੁਰੱਖਿਆ ਫੋਰਸ ਭੇਜੀ ਗਈ ਹੈ। ਮੁਕਾਬਲੇ ’ਚ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਕੈਪਟਨ ਬ੍ਰਿਜੇਸ਼ ਥਾਪਾ, ਨਾਇਕ ਡੀ ਰਾਜੇਸ਼, ਸਿਪਾਹੀ ਬਿਜੇਂਦਰ ਅਤੇ ਸਿਪਾਹੀ ਅਜੈ ਵਜੋਂ ਹੋਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਸੈਨਾ ਮੁਖੀ ਉਪੇਂਦਰ ਦਿਵੇਦੀ ਸਮੇਤ ਸੈਨਾ ਦੇ ਸਾਰੇ ਰੈਂਕ ਦੇ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪਿਛਲੇ ਤਿੰਨ ਹਫ਼ਤਿਆਂ ’ਚ ਡੋਡਾ ਜ਼ਿਲ੍ਹੇ ਦੇ ਜੰਗਲਾਂ ’ਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਇਹ ਤੀਜਾ ਵੱਡਾ ਮੁਕਾਬਲਾ ਹੈ। ਤਾਜ਼ਾ ਘਟਨਾ ਕਠੂਆ ਜ਼ਿਲ੍ਹੇ ਦੇ ਮਾਚੇੜੀ ਜੰਗਲਾਤ ਖੇਤਰ ’ਚ ਸੈਨਾ ਦੀ ਪੈਟਰੋਲਿੰਗ ਟੀਮ ’ਤੇ ਅਤਿਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਤੋਂ ਇੱਕ ਹਫ਼ਤੇ ਬਾਅਦ ਵਾਪਰੀ ਹੈ ਜਿਸ ਵਿਚ ਪੰਜ ਜਵਾਨ ਸ਼ਹੀਦ ਹੋ ਗਏ ਸਨ ਤੇ ਕਈ ਜ਼ਖ਼ਮੀ ਹੋਏ ਸਨ।

ਕੈਪਟਨ ਬ੍ਰਿਜੇਸ਼ ਥਾਪਾ, ਸਿਪਾਹੀ ਬਿਜੇਂਦਰ, ਸਿਪਾਹੀ ਅਜੈ ਕੁਮਾਰ ਸਿੰਘ, ਨਾਇਕ ਡੀ ਰਾਜੇਸ਼

ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਈਫਜ਼ ਤੇ ਜੰਮੂ ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਜਵਾਨਾਂ ਨੇ ਲੰਘੀ ਦੇਰ ਸ਼ਾਮ ਡੋਡਾ ਸ਼ਹਿਰ ਤੋਂ ਤਕਰੀਬਨ 55 ਕਿਲੋਮੀਟਰ ਦੂਰ ਦੇਸਾ ਦੇ ਜੰਗਲਾਤ ਖੇਤਰ ਦੇ ਧਾਰੀ ਗੋਟੇ ਉਰਬਾਗੀ ’ਚ ਸਾਂਝੀ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ ਜਿਸ ਮਗਰੋਂ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੇਰ ਦੀ ਗੋਲੀਬਾਰੀ ਮਗਰੋਂ ਅਤਿਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇੱਕ ਅਧਿਕਾਰੀ ਦੀ ਅਗਵਾਈ ਹੇਠ ਬਹਾਦਰ ਜਵਾਨਾਂ ਨੇ ਅਤਿਵਾਦੀਆਂ ਦਾ ਪਿੱਛਾ ਕੀਤਾ ਜਿਸ ਮਗਰੋਂ ਰਾਤ ਕਰੀਬ ਨੌਂ ਵਜੇ ਜੰਗਲ ’ਚ ਮੁੜ ਤੋਂ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ’ਚ ਪੰਜ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਤੇ ਬਾਅਦ ਵਿੱਚ ਅਧਿਕਾਰੀ ਸਮੇਤ ਚਾਰ ਜਵਾਨਾਂ ਦੀ ਮੌਤ ਹੋ ਗਈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਅਸੀਂ ਆਪਣੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਵਾਂਗੇ ਅਤੇ ਅਤਿਵਾਦੀਆਂ ਤੇ ਉਨ੍ਹਾਂ ਦੇ ਮਦਦਗਾਰਾਂ ਦੇ ਮਨਸੂਬੇ ਨਾਕਾਮ ਕਰਾਂਗੇ।’ ਉਨ੍ਹਾਂ ਕਿਹਾ, ‘ਡੋਡਾ ਜ਼ਿਲ੍ਹੇ ’ਚ ਸਾਡੀ ਸੈਨਾ ਦੇ ਜਵਾਨਾਂ ਤੇ ਜੰਮੂ ਕਸ਼ਮੀਰ ਪੁਲੀਸ ਦੇ ਮੁਲਾਜ਼ਮਾਂ ’ਤੇ ਹੋਏ ਹਮਲੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁਖ ਹੋਇਆ ਹੈ। ਸਾਡੇ ਦੇਸ਼ ਦੀ ਰਾਖੀ ਕਰਦਿਆਂ ਕੁਰਬਾਨੀ ਦੇਣ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ।’ ਭਾਰਤੀ ਸੈਨਾ ਦੇ ਲੋਕ ਸੂਚਨਾ ਡਾਇਰੈਕਟੋਰੇਟ ਨੇ ਐਕਸ ’ਤੇ ਕਿਹਾ, ‘ਭਾਰਤੀ ਸੈਨਾ ਇਸ ਦੁਖ ਦੀ ਘੜੀ ’ਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ।’ ਮੁਕਾਬਲੇ ਮਗਰੋਂ ਊਧਮਪੁਰ ਸਥਿਤ ਸੈਨਾ ਦੀ ਉੱਤਰੀ ਕਮਾਨ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਇਕਾਈਆਂ ਜੰਮੂ ਕਸ਼ਮੀਰ ’ਚ ਅਤਿਵਾਦ ਖਤਮ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹਨ ਜਿਸ ਲਈ ਮੁਹਿੰਮ ਲਗਾਤਾਰ ਜਾਰੀ ਰਹੇਗੀ।

Advertisement

ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਲੈਫਟੀਨੈਂਟ ਜਨਰਲ ਨਵੀਨ ਸਚਦੇਵਾ। -ਫੋਟੋ: ਏਐੱਨਆਈ

ਪੀਪਲਜ਼ ਡੈਮੋਕਰੈਟਿਕ ਪਾਰਟੀ ਤੇ ਨੈਸ਼ਨਲ ਕਾਨਫਰੰਸ ਨੇ ਜਵਾਨਾਂ ਦੀ ਸ਼ਹਾਦਤ ’ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਨੈਸ਼ਨਲ ਕਾਨਫਰੰਸ ਨੇ ਐਕਸ ’ਤੇ ਪਾਈ ਇੱਕ ਪੋਸਟ ’ਚ ਦੱਸਿਆ ਕਿ ਪਾਰਟੀ ਪ੍ਰਧਾਨ ਫਾਰੂਕ ਅਬਦੁੱਲ੍ਹਾ ਤੇ ਮੀਤ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਡੋਡਾ ’ਚ ਮੁਕਾਬਲੇ ਦੌਰਾਨ ਸੈਨਾ ਦੇ ਚਾਰ ਜਵਾਨਾਂ ਦੀ ਮੌਤ ਹੋ ਜਾਣ ਦੀ ਘਟਨਾ ਦੀ ਨਿੰਦਾ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸੇ ਦੌਰਾਨ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਜੰਮੂ ਕਸ਼ਮੀਰ ’ਚ ਪਿਛਲੇ 32 ਮਹੀਨਿਆਂ ’ਚ ਅਤਿਵਾਦੀ ਹਮਲਿਆਂ ਵਿੱਚ 50 ਸੈਨਿਕਾਂ ਦੀ ਸ਼ਹਾਦਤ ਲਈ ਜਵਾਬਦੇਹੀ ਤੈਅ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਤੱਕ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਇਸੇ ਦੌਰਾਨ ਸ਼ਿਵ ਸੈਨਾ ਡੋਗਰਾ ਫਰੰਟ, ਮਿਸ਼ਨ ਸਟੇਟਹੁੱਡ ਤੇ ਕਈ ਸਿਵਲ ਸੁਸਾਇਟੀ ਸਮੂਹਾਂ ਨੇ ਜੰਮੂ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ। -ਪੀਟੀਆਈ

ਕੈਪਟਨ ਬ੍ਰਿਜੇਸ਼ ਥਾਪਾ ਦੀ ਸ਼ਹਾਦਤ ’ਤੇ ਮਾਪਿਆਂ ਨੂੰ ਮਾਣ

ਕੈਪਟਨ ਬ੍ਰਿਜੇਸ਼ ਥਾਪਾ ਨੂੰ ਸ਼ਰਧਾਂਜਲੀ ਭੇਟ ਕਰਦੀ ਹੋਈ ਉਨ੍ਹਾਂ ਦੀ ਮਾਤਾ। -ਫੋਟੋ: ਪੀਟੀਆਈ

ਕੋਲਕਾਤਾ: ਸੈਨਾ ਦੇ ਸ਼ਹੀਦ ਕਪਤਾਨ ਬ੍ਰਿਜੇਸ਼ ਥਾਪਾ ਦੇ ਪਿਤਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤ ’ਤੇ ਮਾਣ ਹੈ ਜੋ ਜੰਮੂ ਕਸ਼ਮੀਰ ਦੇ ਡੋਡਾ ’ਚ ਅਤਿਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ। ਕਰਨਲ (ਸੇਵਾਮੁਕਤ) ਭੁਵਨੇਸ਼ ਕੇ ਥਾਪਾ ਨੇ ਯਾਦ ਕੀਤਾ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਤੋਂ ਪ੍ਰੇਰਿਤ ਸੀ ਅਤੇ ਬਚਪਨ ਤੋਂ ਹੀ ਭਾਰਤੀ ਸੈਨਾ ’ਚ ਭਰਤੀ ਹੋਣਾ ਚਾਹੁੰਦਾ ਸੀ। ਉਨ੍ਹਾਂ ਕਿਹਾ, ‘ਇਹ ਇੱਕ ਫੌਜੀ ਮੁਹਿੰਮ ਸੀ ਅਤੇ ਅਜਿਹੀਆਂ ਮੁਹਿੰਮਾਂ ’ਚ ਹਮੇਸ਼ਾ ਜੋਖਮ ਰਹਿੰਦਾ ਹੈ।’ ਉਨ੍ਹਾਂ ਕਿਹਾ ਕਿ ਜੋਖਮ ਭਾਵੇਂ ਜੋ ਵੀ ਹੋਵੇ, ਸੈਨਾ ਦੇ ਜਵਾਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਮੇਰੇ ਪੁੱਤਰ ਨੇ ਅਜਿਹੀ ਜੋਖਮ ਭਰੀ ਮੁਹਿੰਮ ’ਚ ਇਮਾਨਦਾਰੀ ਨਾਲ ਲੜਾਈ ਲੜੀ।’ ਉਨ੍ਹਾਂ ਦੱਸਿਆ ਕਿ ਬ੍ਰਿਜੇਸ਼ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ 14 ਜੁਲਾਈ ਨੂੰ ਫੋਨ ’ਤੇ ਹੋਈ ਸੀ। -ਪੀਟੀਆਈ

ਰੱਖਿਆ ਮੰਤਰੀ ਵੱਲੋਂ ਜਵਾਨਾਂ ਦੀ ਸ਼ਹਾਦਤ ’ਤੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅਤਿਵਾਦ ਖ਼ਿਲਾਫ਼ ਮੁਹਿੰਮ ’ਚ ਸੈਨਾ ਦੇ ਚਾਰ ਜਵਾਨਾਂ ਦੀ ਮੌਤ ਹੋ ਜਾਣ ਤੋਂ ਬਹੁਤ ਦੁਖੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਬਲ ਇਸ ਖੇਤਰ ਤੋਂ ਅਤਿਵਾਦ ਨੂੰ ਖਤਮ ਕਰਨ ਲਈ ਪ੍ਰਤੀਬੱਧ ਹਨ। ਰੱਖਿਆ ਮੰਤਰੀ ਨੇ ਐਕਸ ’ਤੇ ਕਿਹਾ, ‘ਡੋਡਾ ਦੇ ਉਰਬਾਗੀ ’ਚ ਅਤਿਵਾਦ ਰੋਕੂ ਮੁਹਿੰਮ ਦੌਰਾਨ ਭਾਰਤੀ ਸੈਨਾ ਦੇ ਸਾਡੇ ਬਹਾਦਰ ਜਵਾਨਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਸਾਰਾ ਦੇਸ਼ ਸਾਡੇ ਜਵਾਨਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ ਜਿਨ੍ਹਾਂ ਜਾਨ ਦੀ ਕੁਰਬਾਨੀ ਦੇ ਦਿੱਤੀ।’ -ਪੀਟੀਆਈ

ਭਾਜਪਾ ਦੀਆਂ ਨੀਤੀਆਂ ਦਾ ਖਮਿਆਜ਼ਾ ਭੁਗਤ ਰਹੇ ਨੇ ਜਵਾਨ: ਰਾਹੁਲ ਗਾਂਧੀ

ਨਵੀਂ ਦਿੱਲੀ: ਕਾਂਗਰਸ ਨੇ ਡੋਡਾ ’ਚ ਅਤਿਵਾਦੀ ਹਮਲੇ ਦੀ ਘਟਨਾ ਮਗਰੋਂ ਅੱਜ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲਗਾਤਾਰ ਹੋ ਰਹੇ ਅਤਿਵਾਦੀ ਹਮਲਿਆਂ ਦੀ ਕੇਂਦਰ ਸਰਕਾਰ ਨੂੰ ਸਾਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਕਰਕੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਬਹੁਤ ਹੀ ਦੁਖ ਦੇਣ ਵਾਲੀਆਂ ਤੇ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਸੈਨਾ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਜਪਾ ਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਇੱਕ ਅਫਸਰ ਸਮੇਤ ਚਾਰ ਬਹਾਦਰ ਜਵਾਨਾਂ ਦੀ ਸ਼ਹਾਦਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ, ‘ਦੁਖੀ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਅਸੀਂ ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦੇ ਹਾਂ।’ ਉਨ੍ਹਾਂ ਕਿਹਾ, ‘ਪਿਛਲੇ 36 ਦਿਨਾਂ ਅੰਦਰ ਜੰਮੂ ਕਸ਼ਮੀਰ ’ਚ ਜਿਸ ਤਰ੍ਹਾਂ ਅਤਿਵਾਦੀ ਹਮਲੇ ਹੋਏ ਹਨ, ਉਨ੍ਹਾਂ ਨੂੰ ਦੇਖਦਿਆਂ ਸਾਡੀ ਸੁਰੱਖਿਆ ਰਣਨੀਤੀ ’ਚ ਸੁਧਾਰ ਲੋੜ ਹੈ। ਮੋਦੀ ਸਰਕਾਰ ਇਸ ਤਰ੍ਹਾਂ ਵਿਹਾਰ ਕਰ ਰਹੀ ਹੈ ਜਿਵੇਂ ਸਭ ਕੁਝ ਹਮੇਸ਼ਾ ਦੀ ਤਰ੍ਹਾਂ ਚਲ ਰਿਹਾ ਹੈ ਅਤੇ ਕੁਝ ਵੀ ਨਹੀਂ ਬਦਲਿਆ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੰਮੂ ਖੇਤਰ ਤੇਜ਼ੀ ਨਾਲ ਇਨ੍ਹਾਂ ਹਮਲਿਆਂ ਦਾ ਖਮਿਆਜ਼ਾ ਭੁਗਤ ਰਿਹਾ ਹੈ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਕੱਲੇ ਜੰਮੂ ’ਚ ਪਿਛਲੇ 78 ਦਿਨਾਂ ਅੰਦਰ 11 ਅਤਿਵਾਦੀ ਹਮਲੇ ਹੋਏ ਹਨ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਐਕਸ ’ਤੇ ਕਿਹਾ, ‘ਵਧਦੇ ਅਤਿਵਾਦੀ ਹਮਲੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਕੀ ਦੇਸ਼ ਦੀ ਸਿਆਸੀ ਲੀਡਰਸ਼ਿਪ ਦੀ ਭੂਮਿਕਾ ਹਰ ਸ਼ਹਾਦਤ ’ਤੇ ਦੁਖ ਜ਼ਾਹਿਰ ਕਰਨ ਤੇ ਫਿਰ ਚੁੱਪ ਰਹਿਣ ਤੱਕ ਹੀ ਸੀਮਤ ਰਹਿ ਜਾਣੀ ਚਾਹੀਦੀ ਹੈ।’ -ਪੀਟੀਆਈ

Advertisement
Tags :
four young martyrsJammu and KashmirPunjabi Newsterrorists
Advertisement