For the best experience, open
https://m.punjabitribuneonline.com
on your mobile browser.
Advertisement

ਡੋਡਾ: ਅਤਿਵਾਦੀਆਂ ਨਾਲ ਮੁਕਾਬਲੇ ’ਚ ਕੈਪਟਨ ਸ਼ਹੀਦ

06:21 AM Aug 15, 2024 IST
ਡੋਡਾ  ਅਤਿਵਾਦੀਆਂ ਨਾਲ ਮੁਕਾਬਲੇ ’ਚ ਕੈਪਟਨ ਸ਼ਹੀਦ
ਡੋਡਾ ’ਚ ਮੁਕਾਬਲੇ ਵਾਲੀ ਥਾਂ ’ਤੇ ਤਾਇਨਾਤ ਸੈਨਾ ਦੇ ਜਵਾਨ। -ਫੋਟੋ: ਪੀਟੀਆਈ
Advertisement

* ਮੁਕਾਬਲੇ ਵਿੱਚ ਇੱਕ ਅਤਿਵਾਦੀ ਹਲਾਕ
* ਇਕ ਆਮ ਨਾਗਰਿਕ ਵੀ ਜ਼ਖ਼ਮੀ

Advertisement

ਜੰਮੂ, 14 ਅਗਸਤ
ਜੰਮੂ ਖੇਤਰ ਦੇ ਡੋਡਾ ਜ਼ਿਲ੍ਹੇ ਦੇ ਉੱਚੇ ਇਲਾਕੇ ’ਚ ਅੱਜ ਅਤਿਵਾਦੀਆਂ ਨਾਲ ਮੁਕਾਬਲੇ ’ਚ ਸੈਨਾ ਦਾ ਇੱਕ ਕੈਪਟਨ ਸ਼ਹੀਦ ਹੋ ਗਿਆ। ਮੁਕਾਬਲੇ ’ਚ ਇੱਕ ਅਤਿਵਾਦੀ ਵੀ ਮਾਰਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਹੋਏ ਇਸ ਮੁਕਾਬਲੇ ’ਚ ਇੱਕ ਆਮ ਨਾਗਰਿਕ ਵੀ ਜ਼ਖ਼ਮੀ ਹੋ ਗਿਆ ਹੈ। ਜੰਮੂ ਖਿੱਤੇ ’ਚ ਪਿਛਲੇ ਕੁਝ ਦਿਨਾਂ ਅੰਦਰ ਵਾਪਰੀ ਇਹ ਅਜਿਹੀ ਚੌਥੀ ਘਟਨਾ ਹੈ।

Advertisement

ਕੈਪਟਨ ਦੀਪਕ

ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਗੜ੍ਹ-ਅੱਸਾਰ ਪੱਟੀ ’ਚ ਲੁਕੇ ਵਿਦੇਸ਼ੀ ਅਤਿਵਾਦੀਆਂ ਦੀ ਭਾਲ ’ਚ ਸੁਰੱਖਿਆ ਬਲਾਂ ਤੇ ਪੁਲੀਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਸੰਘਣੇ ਜੰਗਲੀ ਇਲਾਕੇ ’ਚ ਉਨ੍ਹਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨਾਲ ਮੁਕਾਬਲੇ ’ਚ ਕੈਪਟਨ ਦੀਪਕ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਾਅਦ ਵਿੱਚ ਫੌਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਸੈਨਾ ਨੇ ‘ਐਕਸ’ ’ਤੇ ਪਾਈ ਪੋਸਟ ਵਿੱਚ ਕਿਹਾ, ‘ਚੱਲ ਰਹੀ ਮੁਹਿੰਮ ਦੌਰਾਨ ਇੱਕ ਅਤਿਵਾਦੀ ਮਾਰ ਮੁਕਾਇਆ ਗਿਆ ਹੈ। ਮੌਕੇ ਤੋਂ ਏਕੇ47 ਵੀ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਦੀ ਮੁਹਿੰਮ ਜਾਰੀ ਹੈ।’ ਪੁਲੀਸ ਨੇ ਵੀ ਇੱਕ ਅਤਿਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਚਾਰ ਬੈਗ ਮਿਲੇ ਹਨ ਜਿਨ੍ਹਾਂ ’ਤੇ ਖੂਨ ਲੱਗਾ ਹੋਇਆ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਮੁਕਾਬਲੇ ’ਚ ਚਾਰ ਅਤਿਵਾਦੀ ਮਾਰੇ ਗਏ ਹਨ। ਮੌਕੇ ਤੋਂ ਐੱਮ-4 ਕਾਰਬਾਈਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਏਡੀਜੀਪੀ ਅਨੰਦ ਜੈਨ ਨੇ ਬਾਅਦ ਦੁਪਹਿਰ ਦੋ ਵਜੇ ਦੇ ਕਰੀਬ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ’ਚ ਮੁਹਿੰਮ ਅਜੇ ਵੀ ਜਾਰੀ ਹੈ।

ਜੰਮੂ ਕਸ਼ਮੀਰ ਪੁਲੀਸ ਦੀ ਟੀਮ ਬਲੈਕ ਪੈਂਥਰ ਵਾਹਨ ਵਿਚੋਂ ਡੋਡਾ ਇਲਾਕੇ ’ਤੇ ਨਿਗਰਾਨੀ ਰੱਖਦੀ ਹੋਈ। -ਫੋਟੋ: ਏਐਨਆਈ

ਸੈਨਾ ਨੇ ਅਧਿਕਾਰੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੈਨਾ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ। ਸੈਨਾ ਨੇ ਕਿਹਾ ਕਿ ‘ਵ੍ਹਾਈਟ ਨਾਈਟ ਕੋਰ’ ਦੇ ਸਾਰੇ ਰੈਂਕ ਬਹਾਦਰ ਕੈਪਟਨ ਦੀਪਕ ਸਿੰਘ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਸ਼ਾਮ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਮਗਰੋਂ ਅਤਿਵਾਦੀ ਊਧਮਪੁਰ ਜ਼ਿਲ੍ਹੇ ਦੇ ਪਤਨੀਟੌਪ ਨੇੜਲੇ ਜੰਗਲ ਰਾਹੀਂ ਡੋਡਾ ਅੰਦਰ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਊਧਮਪੁਰ ’ਚ ਲੰਘੀ ਸ਼ਾਮ ਕਰੀਬ ਛੇ ਵਜੇ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੀ ਮੌਜੂਦਗੀ ਦਾ ਪਤਾ ਲੱਗਾ ਸੀ। ਅੱਧੇ ਘੰਟੇ ਮਗਰੋਂ ਉਨ੍ਹਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਸਾਰੀ ਰਾਤ ਇਲਾਕੇ ਦੀ ਘੇਰਾਬੰਦੀ ਕਰੀ ਰੱਖੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅੱਜ ਸਵੇਰੇ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਸਵੇਰੇ ਤਕਰੀਬਨ 7.30 ਵਜੇ ਅਤਿਵਾਦੀਆਂ ਤੇ ਜਵਾਨਾਂ ਵਿਚਾਲੇ ਗੋਲੀਬਾਰੀ ਮੁੜ ਸ਼ੁਰੂ ਹੋ ਗਈ। -ਪੀਟੀਆਈ

ਰਾਜਨਾਥ ਵੱਲੋਂ ਜੰਮੂ ਕਸ਼ਮੀਰ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਮੀਟਿੰਗ

ਨਵੀਂ ਦਿੱਲੀ:

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਰੱਖਿਆ ਸਕੱਤਰ ਗਿਰੀਧਰ ਅਰਮਾਨੇ ਅਤੇ ਹੋਰ ਸੁਰੱਖਿਆ ਤੇ ਖੁਫੀਆ ਏਜੰਸੀਆਂ ਦੇ ਮੁਖੀ ਹਾਜ਼ਰ ਸਨ। ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਨੇ ਜੰਮੂ ਕਸ਼ਮੀਰ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਹਦਾਇਤ ਜਾਰੀ ਕਰਨ ਦੇ ਨਾਲ ਨਾਲ ਸੁਰੱਖਿਆ ਤੇ ਖੁਫੀਆ ਏਜੰਸੀਆਂ ਵਿਚਾਲੇ ਤਾਲਮੇਲ ਸੁਧਾਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਜੰਮੂ ਕਸ਼ਮੀਰ ’ਚ ਸੁਰੱਖਿਆ ਵਧਾਉਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਕਿਉਂਕਿ ਇਸ ਖੇਤਰ ਨੂੰ ਹਾਲ ਹੀ ਵਿੱਚ ਕਈ ਅਤਿਵਾਦੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਮੀਟਿੰਗ ਆਜ਼ਾਦੀ ਦਿਹਾੜੇ ਤੋਂ ਠੀਕ ਇੱਕ ਦਿਨ ਪਹਿਲਾਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਜੰਮੂ ਕਸ਼ਮੀਰ ’ਚੋਂ ਅਤਿਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਪ੍ਰਤੀਬੱਧ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement