For the best experience, open
https://m.punjabitribuneonline.com
on your mobile browser.
Advertisement

ਡਾਕਟਰਾਂ ਦੀ ਹੜਤਾਲ ਜਾਰੀ; ਮਰੀਜ਼ਾਂ ਦੀ ਹੋਈ ਖੱਜਲ-ਖੁਆਰੀ

11:08 AM Sep 11, 2024 IST
ਡਾਕਟਰਾਂ ਦੀ ਹੜਤਾਲ ਜਾਰੀ  ਮਰੀਜ਼ਾਂ ਦੀ ਹੋਈ ਖੱਜਲ ਖੁਆਰੀ
ਮੁੱਢਲਾ ਸਿਹਤ ਕੇਂਦਰ ਸੁਧਾਰ ’ਚ ਸੁੰਨਾ ਪਿਆ ਓਪੀਡੀ ਕਾਊਂਟਰ। -ਫੋਟੋ: ਗਿੱਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਸਤੰਬਰ
ਸਰਕਾਰੀ ਹਸਪਤਾਲਾਂ ਦੇ ਡਾਕਟਰ ਦੂਜੇ ਦਿਨ ਵੀ ਹੜਤਾਲ ’ਤੇ ਰਹੇ ਜਿਸ ਕਰਕੇ ਸਿਵਲ ਹਸਪਤਾਲ ਵਿੱਚ ਓਪੀਡੀ ਦੀਆਂ ਸੇਵਾਵਾਂ ਪ੍ਰਭਾਵਿਤ ਰਹੀਆਂ ਜਿਸ ਕਰਕੇ ਮਰੀਜ਼ ਪ੍ਰੇਸ਼ਾਨ ਹੁੰਦੇ ਰਹੇ। ਸਭ ਤੋਂ ਵੱਧ ਪ੍ਰੇਸ਼ਾਨੀ ਬਜ਼ੁਰਗ, ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਹੋਈ। ਤਿੰਨ ਘੰਟੇ ਓਪੀਡੀ ਬੰਦ ਰੱਖਣ ਤੋਂ ਬਾਅਦ ਸਿਵਲ ਹਸਪਤਾਲ ਦੇ ਕੁੱਝ ਡਾਕਟਰਾਂ ਨੇ ਕੰਮ ਸ਼ੁਰੂ ਕਰ ਦਿੱਤਾ, ਪਰ ਉਸ ਵੇਲੇ ਤੱਕ ਜ਼ਿਆਦਾਤਰ ਮਰੀਜ਼ ਜਾ ਚੁੱਕੇ ਸਨ। ਬੁੱਧਵਾਰ ਨੂੰ ਹਸਪਤਾਲ ਵਿੱਚ ਡਾਕਟਰਾਂ ਦੀ ਹੜਤਾਲ ਰਹੇਗੀ ਤੇ ਓਪੀਡੀ ਵਿੱਚ ਡਾਕਟਰਾਂ ਨੂੰ ਮਿਲਣ ਆ ਰਹੇ ਮਰੀਜ਼ਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ।
ਸਮਰਾਲਾ (ਪੱਤਰ ਪ੍ਰੇਰਕ): ਇੱਥੇ ਅੱਜ ਦੂਜੇ ਦਿਨ ਵੀ ਸਰਕਾਰੀ ਹਸਪਤਾਲਾਂ ਅੰਦਰ ਸਮੂਹ ਡਾਕਟਰ ਹੜਤਾਲ ’ਤੇ ਰਹੇ ਅਤੇ ਤਿੰਨ ਘੰਟੇ ਲਈ ਓ.ਪੀ.ਡੀ. ਸੇਵਾ ਬੰਦ ਰੱਖੀ। ਇਸ ਦੌਰਾਨ ਸਿਵਲ ਹਸਪਤਾਲ ਦੇ ਮੁੱਖ ਗੇਟ ਅੱਗੇ ਡਾਕਟਰਾਂ ਵੱਲੋਂ ਕੁਝ ਦੇਰ ਲਈ ਮੁਜ਼ਾਹਰਾ ਵੀ ਕੀਤਾ ਗਿਆ ਅਤੇ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨਾਲ ਉਨ੍ਹਾਂ ਦੀ ਜਥੇਬੰਦੀ ਦੀ ਮੀਟਿੰਗ ਬੇਸਿੱਟਾ ਰਹੀ ਤਾਂ ਉਹ ਹੜਤਾਲ ਨੂੰ ਅੱਗੇ ਵਧਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਵਿਰੋਧ ਪ੍ਰਗਟਾ ਰਹੇ ਡਾਕਟਰਾਂ ਵਿੱਚ ਸ਼ਾਮਲ ਐੱਸ.ਐੱਮ.ਓ. ਡਾ. ਤਾਰਿਕਜੋਤ ਸਿੰਘ, ਡਾ. ਮਾਨਵ, ਡਾ. ਸੁਖਵਿੰਦਰ ਕੌਰ, ਡਾ. ਪ੍ਰਭਜੋਤ ਸਿੰਘ, ਡਾ. ਗੁਰਿੰਦਰ ਕੌਰ, ਡਾ. ਸੰਚਾਰੀ ਸਾਹਾ, ਡਾ. ਨਵਜੋਤ ਕੌਰ ਅਤੇ ਡਾ. ਨਵਨੀਤ ਕੌਰ ਆਦਿ ਨੇ ਆਖਿਆ ਕਿ ਜਾਪਦਾ ਹੈ, ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹੈ।
ਅੱਜ ਦੂਜੇ ਦਿਨ ਵੀ ਹਸਪਤਾਲ ਵਿੱਚ ਓ.ਪੀ.ਡੀ. ਸੇਵਾ ਬੰਦ ਰਹਿਣ ਕਾਰਨ ਇਸ ਹੜਤਾਲ ਤੋਂ ਬੇਖ਼ਬਰ ਆਸ-ਪਾਸ ਦੇ ਪਿੰਡਾਂ ਤੋਂ ਆਏ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਮਰੀਜ ਸਵੇਰ 8 ਵਜੇ ਤੋਂ ਹੀ ਇੱਥੇ ਪੁੱਜੇ ਹੋਏ ਸਨ, ਪਰ ਹੜਤਾਲ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਿਆ। ਸਵੇਰੇ 11 ਵਜੇ ਓ.ਪੀ.ਡੀ. ਸੇਵਾ ਸ਼ੁਰੂ ਹੋਣ ਤੱਕ ਹਸਪਤਾਲ ਅੰਦਰ ਮਰੀਜ਼ਾਂ ਦੀ ਭੀੜ ਵਧਣ ਕਾਰਨ ਕੁਝ ਮਰੀਜ਼ਾਂ ਨੂੰ ਬਿਨਾਂ ਦਵਾਈ ਪਰਤਣਾ ਪਿਆ।

Advertisement

ਬਿਨਾਂ ਇਲਾਜ ਮੁੜੇ ਮਰੀਜ਼

ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸੀਐੱਚਸੀ ਗੁਰੂਸਰ ਸੁਧਾਰ, ਸਿਵਲ ਹਸਪਤਾਲ ਰਾਏਕੋਟ ਅਤੇ ਸਰਕਾਰੀ ਹਸਪਤਾਲ ਮੁੱਲਾਂਪੁਰ ਦਾਖਾ ਦੇ ਡਾਕਟਰਾਂ ਨੇ ਸਵੇਰੇ 8 ਵਜੇ ਤੋਂ 11 ਵਜੇ ਤੱਕ ਬਾਹਰੀ ਮਰੀਜ਼ਾਂ ਲਈ ਡਾਕਟਰੀ ਸੇਵਾਵਾਂ ਬੰਦ ਰੱਖ ਕੇ ਸਰਕਾਰ ਪ੍ਰਤੀ ਆਪਣਾ ਰੋਸ ਦਰਜ ਕਰਵਾਇਆ। ਸਿਵਲ ਹਸਪਤਾਲ ਰਾਏਕੋਟ ਸਮੇਤ ਸਹਿਤ ਕੇਂਦਰਾਂ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੂੰ ਬਾਹਰੀ ਮਰੀਜ਼ਾਂ ਦੇ ਵਿਭਾਗ ਵਿੱਚ ਡਾਕਟਰਾਂ ਦੇ ਕਮਰੇ ਖ਼ਾਲੀ ਮਿਲਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਮਰੀਜ਼ 11 ਵਜੇ ਦਾ ਇੰਤਜ਼ਾਰ ਕਰਦੇ ਖ਼ੱਜਲ-ਖੁਆਰ ਹੁੰਦੇ ਰਹੇ ਅਤੇ ਕਈ ਮਰੀਜ਼ ਬਿਨਾਂ ਇਲਾਜ ਕਰਵਾਏ ਆਪਣੇ ਘਰਾਂ ਨੂੰ ਪਰਤ ਗਏ। ਕਮਿਊਨਿਟੀ ਸਿਹਤ ਕੇਂਦਰ ਸੁਧਾਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਵਿੰਦਰ ਕੁਮਾਰ ਸੰਧੂ ਨੇ ਕਿਹਾ ਕਿ ਡਾਕਟਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਣ ਦੀ ਥਾਂ ਸਰਕਾਰ ਲਗਾਤਾਰ ਘੇਸਲ ਵੱਟ ਕੇ ਬੈਠੀ ਹੈ। ਉਨ੍ਹਾਂ ਕਿਹਾ ਸੂਬੇ ਵਿੱਚ ਨਵੀਂ ਭਰਤੀ ਨਾ ਹੋਣ ਕਾਰਨ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਮੰਦਾ ਹਾਲ ਹੋ ਗਿਆ ਹੈ ਅਤੇ ਉਸ ਦੀ ਸਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪੈ ਰਹੀ ਹੈ।

Advertisement

Advertisement
Author Image

sukhwinder singh

View all posts

Advertisement