ਡਾਕਟਰਾਂ ਨੇ ਖ਼ੂਨਦਾਨ ਕਰਨ ਲਈ ਪ੍ਰੇਰਿਆ
ਪਾਤੜਾਂ: ਪਿੰਡ ਦੁਤਾਲ ਵਿੱਚ ਰੂਹਾਨੀ ਮੁਹੰਮਦੀ ਮਸਜਿਦ ਦੁਤਾਲ ਅਤੇ ਏਕਨੂਰ ਯੂਥ ਵਿੰਗ ਕਲੱਬ ਕਰੀਮ ਨਗਰ ਵਲੋਂ ਸਾਂਝੇ ਤੌਰ ’ਤੇ ਪੀਰ ਵਣਾਂਵਾਲਾ ਦੇ ਸਾਲਾਨਾ ਮੇਲੇ ਮੌਕੇ ਖ਼ੂਨਦਾਨ ਕੈਂਪ ਦਾ ਲਾਇਆ ਗਿਆ। ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨ ਲੋਕ ਆਗੂ ਅਤੇ ਡਾ. ਅੰਬੇਡਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਖੁਦ ਖ਼ੂਨਦਾਨ ਕਰਕੇ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਾਈਫ ਲਾਈਨ ਬਲੱਡ ਬੈਂਕ ਪਟਿਆਲਾ ਦੀ ਟੀਮ ਵਲੋਂ ਖ਼ੂਨਦਾਨੀਆਂ ਪਾਸੋਂ 35 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਮੁੱਖ ਮਹਿਮਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਨਸਾਨੀ ਖ਼ੂਨ ਸਿਰਫ ਇਨਸਾਨੀ ਸਰੀਰ ਵਿਚ ਹੀ ਬਣਦਾ ਹੈ, ਸੜਕ ਹਾਦਸਿਆਂ ਵਿੱਚ ਜ਼ਖ਼ਮੀ ਲੋਕਾਂ ਨੂੰ ਖ਼ੂਨ ਦੀ ਬਹੁਤ ਐਮਰਜੈਂਸੀ ਜ਼ਰੂਰਤ ਰਹਿੰਦੀ ਹੈ। ਲਿਹਾਜ਼ਾ ਹਰ ਇਕ ਸਿਹਤਮੰਦ ਵਿਅਕਤੀ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਖ਼ੂਨ ਨਾਲ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਰੂਹਾਨੀ ਮੁਹੰਮਦੀ ਮਸਜਿਦ ਦੁਤਾਲ ਕਮੇਟੀ ਦੇ ਪ੍ਰਧਾਨ ਦਿਲਬਰ ਖਾਨ ਅਤੇ ਏਕਨੂਰ ਯੂਥ ਵਿੰਗ ਕਲੱਬ ਕਰੀਮ ਨਗਰ ਦੇ ਪ੍ਰਧਾਨ ਸੁਖਦੇਵ ਸਿੰਘ ਧਰਮਸੋਤ ਦੀ ਅਗਵਾਈ ਵਿੱਚ ਲਗਾਏ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ