ਘਰ ਨੂੰ ਉਦਾਸ ਨਾ ਕਰੋ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਘਰ ਦੁਨੀਆ ਦੀ ਸਭ ਤੋਂ ਖੂਬਸੂਰਤ ਥਾਂ ਹੈ। ਬੰਦਾ ਕਿੰਨੀਆਂ ਵੀ ਖ਼ੂਬਸੂਰਤ ਥਾਵਾਂ ’ਤੇ ਘੁੰਮ ਆਵੇ, ਉਸ ਨੂੰ ਜੋ ਸਕੂਨ ਆਪਣੇ ਘਰ ਵਿੱਚ ਮਿਲਦਾ ਹੈ, ਉਹ ਕਿਧਰੇ ਨਹੀਂ ਮਿਲ ਸਕਦਾ। ਘਰ ਵੱਸਦੇ ਹੀ ਚੰਗੇ ਲੱਗਦੇ ਹਨ। ਵੱਸਦੇ ਘਰਾਂ ਦੀ ਰੌਣਕ ਦੇਖਣ ਵਾਲੀ ਹੁੰਦੀ ਹੈ, ਪਰ ਘਰ ਅਕਸਰ ਉਦਾਸ ਹੋ ਹੀ ਜਾਂਦੇ ਹਨ ਜਦ ਘਰ ਵਾਲੇ ਘਰ ਨਹੀਂ ਪਰਤਦੇ ਜਾਂ ਘਰਾਂ ਵਾਲਿਆਂ ਨੂੰ ਘਰਾਂ ਦਾ ਚੇਤਾ ਨਹੀਂ ਰਹਿੰਦਾ। ਘਰ ਜਿਸ ਦੇ ਕਮਰੇ ਕਦੇ ਰੰਗ-ਸ਼ਾਲਾ, ਕਦੇ ਰਾਗ-ਸ਼ਾਲਾ, ਕਦੇ ਰਸ-ਸ਼ਾਲਾ ਤੇ ਕਦੇ ਰਮਜ਼-ਸ਼ਾਲਾ ਸਨ। ਅੱਜਕੱਲ੍ਹ ਖਾਮੋਸ਼ ਨੇ ਗੁਫ਼ਤਗੂਆਂ, ਸ਼ਰਾਰਤਾਂ ਤੇ ਜ਼ਿੰਦਗੀ ਦੇ ਜਸ਼ਨ ਅਤੇ ਉਨ੍ਹਾਂ ਜਸ਼ਨਾਂ ਵਿੱਚ ਘਰ ਨੂੰ ਘਰ ਹੋਣ ਦਾ ਰੁਤਬਾ।
ਕੰਧਾਂ ’ਤੇ ਮਾਰੀਆਂ ਲੀਕਾਂ ਵਾਲੀ ਚਿੱਤਰਕਾਰੀ ਉਡੀਕਦੀ ਹੈ ਨਿੱਕੇ ਨਿੱਕੇ ਹੱਥਾਂ ਅਤੇ ਬਚਪਨੇ ਨੂੰ ਜੋ ਜਵਾਨ ਹੋ ਕੇ ਉਡਾਰੀ ਮਾਰ ਗਏ। ਪਰ ਲੀਕਾਂ ਤੇ ਚਿੱਤਰ ਅਜੇ ਤੀਕ ਬਚਪਨੇ ਵਿੱਚ ਹੀ ਹਨ। ਬੱਚੇ ਤਾਂ ਵੱਡੇ ਹੋ ਜਾਂਦੇ ਹਨ ਜਦੋਂ ਕਿ ਉਨ੍ਹਾਂ ਦਾ ਬਚਪਨਾ ਤਾਂ ਕਮਰਿਆਂ ਵਿੱਚ ਮਹਿਕਦਾ ਰਹਿੰਦਾ ਹੈ। ਕੰਧ ’ਤੇ ਲਟਕਦੇ ਕੈਲੰਡਰ ਵਿੱਚੋਂ ਮਿਟ ਗਈਆਂ ਨੇ ਤਾਰੀਖਾਂ ਕਿਉਂਕਿ ਤਾਰੀਖਾਂ ’ਤੇ ਨਿਸ਼ਾਨ ਲਾਉਣ ਵਾਲੇ ਬਹੁਤ ਦੂਰ ਤੁਰ ਗਏ ਹਨ। ਉਨ੍ਹਾਂ ਦੇ ਚੇਤਿਆਂ ਵਿੱਚ ਕਦੇ ਨਹੀਂ ਆਈਆਂ ਤਾਰੀਖਾਂ, ਪਰ ਤਾਰੀਖਾਂ ਦੇ ਨਿਸ਼ਾਨਾਂ ਨੂੰ ਹੁਣ ਤੀਕ ਵੀ ਆਪਣਿਆਂ ਦੇ ਆਉਣ ਦੀ ਆਸ ਹੈ।
ਘਰ ਦੀ ਉਦਾਸੀ ਦਾ ਇਹ ਕੇਹਾ ਆਲਮ ਕਿ ਛੱਤ ਉੱਪਰ ਅਤੇ ਕੰਧਾਂ ਦੀਆਂ ਖੋੜਾਂ ਵਿੱਚ ਉੱਗ ਆਏ ਨੇ ਬੋਹੜ ਅਤੇ ਪਿੱਪਲ। ਇਹ ਕੱਟੇ ਜਾਣ ਤੋਂ ਬਾਅਦ ਵੀ ਉੱਗਣ ਲਈ ਹਮੇਸ਼ਾਂ ਬਜਿੱਦ ਹਨ ਕਿਉਂਕਿ ਘਰ ਦੀ ਉਦਾਸੀ ਨੂੰ ਤਾਂ ਹੁਣ ਇਨ੍ਹਾਂ ਦੇ ਸਾਥ ਦੀ ਲੋੜ ਹੈ। ਘਰ ਸੱਚੀਂ ਬਹੁਤ ਉਦਾਸ ਹੋ ਜਾਂਦਾ ਹੈ, ਜਦ ਘਰ ਫਿਰ ਮਕਾਨ ਬਣ ਜਾਂਦਾ ਹੈ। ਮਕਾਨ ਜਿਸ ਵਿੱਚ ਕਮਰੇ ਵੀ ਹੁੰਦੇ ਹਨ। ਕੰਧਾਂ, ਬੂਹੇ, ਬਾਰੀਆਂ ਤੇ ਰੌਸ਼ਨਦਾਨ ਵੀ ਹੁੰਦੇ ਹਨ, ਪਰ ਮਕਾਨ ਨੂੰ ਘਰ ਬਣਾਉਣ ਵਾਲੇ ਨਹੀਂ ਹੁੰਦੇ।
ਘਰ ਉਦਾਸ ਹੋ ਜਾਂਦਾ ਹੈ ਜਦੋਂ ਬੰਦ ਬੂਹੇ, ਖਿੜਕੀਆਂ ਤੇ ਰੌਸ਼ਨਦਾਨਾਂ ਵਿੱਚ ਦੁੱਬਕੀ ਹਵਾ ਸਾਹ ਲੈਣ ਤੋਂ ਵੀ ਆਤੁਰ ਹੋ ਜਾਂਦੀ ਹੈ। ਘਰ ਦੀਆਂ ਵਸਤਾਂ ਵਿੱਚ ਉਤਰੀ ਬੇਤਰਤੀਬੀ ਅਤੇ ਉਨ੍ਹਾਂ ਦੇ ਚਿੱਤ ਵਿੱਚ ਆਪਣੀ ਹੋਂਦ ਦੇ ਖੰਡਤ ਹੋ ਜਾਣ ਦਾ ਖਦਸ਼ਾ ਘਰ ਨੂੰ ਰੋਣ ਲਾਉਂਦਾ ਹੈ। ਘਰ ਬਹੁਤ ਉਦਾਸ ਹੀ ਤਾਂ ਹੋ ਜਾਂਦਾ ਹੈ ਜਦੋਂ ਇਸ ਦੇ ਬਨੇਰਿਆਂ ’ਤੇ ਪਿਘਲੀ ਮੋਮ ਨੂੰ ’ਕੱਠਾ ਕਰਨ ਵਾਲੇ ਨਿੱਕੇ ਨਿੱਕੇ ਹੱਥ ਵੱਡੇ ਹੋ ਪਰਵਾਜ਼ ਭਰ ਜਾਂਦੇ ਹਨ। ਬਨੇਰਿਆਂ ਨੂੰ ਯਾਦ ਆਉਂਦਾ ਕਿ ਕਦੇ ਉਹ ਦੀਵਾਲੀ ਤੋਂ ਅਗਲੀ ਸਵੇਰ ਨੂੰ ਬਨੇਰਿਆਂ ਤੋਂ ਪਿਘਲੀ ਮੋਮ ’ਕੱਠੀ ਕਰ ਕੇ ਫਿਰ ਮੋਮਬੱਤੀ ਬਣਾਉਣ ਦੀ ਕੋਸ਼ਿਸ਼ ਕਰਦੇ ਸਨ। ਹੁਣ ਆਲ਼ੇ ਵਿੱਚ ਪਿਆ ਦੀਵਾ ਸਿਸਕਦਾ ਚੁੱਲ੍ਹੇ ਵਿੱਚ ਉੱਗ ਆਇਆ ਘਾਹ। ਚੌਂਕੇ ਵਿੱਚ ਪਸਰੀ ਹੈ ਬੇਰੌਣਕੀ। ਓਟੇ ਦੀਆਂ ਚਿੜੀਆਂ, ਆਟੇ ਦੀ ਚਿੜੀ ਨਾਲ ਖੇਡਣ ਨੂੰ ਤਰਸ ਗਈਆਂ ਨੇ। ਉਦਾਸ ਹੋਇਆ ਘਰ ਸੋਚਦਾ ਹੈ ਕਿ ਮੈਂ ਅਜਿਹਾ ਤਾਂ ਨਹੀਂ ਸੀ। ਅਜਿਹਾ ਕਿਉਂ ਹੋਇਆ? ਘਰ ਵਾਲੇ ਘਰਾਂ ਤੋਂ ਦੂਰ ਕਿਉਂ ਗਏ? ਘਰ ਨੂੰ ਕਿਵੇਂ ਦੱਸਾਂ ਕਿ ਘਰਾਂ ਤੋਂ ਦੂਰ ਜਾਣਾ ਕਿੰਨਾ ਔਖਾ? ਇਸ ਤੋਂ ਜ਼ਿਆਦਾ ਔਖਾ ਹੁੰਦਾ ਹੈ ’ਕੇਰਾਂ ਦੂਰ ਜਾ ਕੇ ਫਿਰ ਘਰਾਂ ਨੂੰ ਪਰਤਣਾ।
ਦਰਅਸਲ, ਘਰੋਂ ਬਾਹਰ ਜਾ ਕੇ ਆਪਣਾ ਘਰ ਕਦੇ ਮਨਫ਼ੀ ਨਹੀਂ ਹੁੰਦਾ। ਪੁਰਾਣੇ ਘਰ ਦੇ ਨਕਸ਼, ਨਵੇਂ ਘਰ ਵਿੱਚੋਂ ਲੱਭਦਿਆਂ ਹੀ ਉਮਰ ਬੀਤ ਜਾਂਦੀ ਹੈ। ਘਰ ਤੁਹਾਡੇ ਅੰਤਰੀਵ ਵਿੱਚ ਵੱਸਦਾ ਹੈ। ਫਿਰ ਘਰ ਤੁਹਾਨੂੰ ਅਤੇ ਤੁਸੀਂ ਘਰ ਨੂੰ ਕਿਵੇਂ ਭੁੱਲ ਜਾਵੋਗੇ? ਸਿਰਫ਼ ਚੇਤੇ ਆਵੇਗੀ ਉਦਾਸੀ ਦੀ ਗਾੜ੍ਹੀ ਪਰਤ। ਘਰ ਨਾਲ ਕੀਤੀ ਜਾਣ ਵਾਲੀ ਗੁਫ਼ਤਗੂ ਦਾ ਖਾਮੋਸ਼ ਹੋਣਾ, ਘਰ ਨੂੰ ਬਹੁਤ ਨਿਰਾਸ਼ ਕਰ ਦਿੰਦਾ ਹੈ। ਘਰ ਨੂੰ ਕਦੇ ਕਦੇ ਮਿਲਦੇ ਰਿਹਾ ਕਰੋ। ਵਰਨਾ ਘਰਾਂ ਨੂੰ ਮਕਾਨ ਬਣਦਿਆਂ ਦੇਰ ਨਹੀਂ ਲੱਗਦੀ। ਮਕਾਨ ਦੀਆਂ ਕੰਧਾਂ ਬੜੀ ਜਲਦੀ ਤਿੜਕ ਜਾਂਦੀਆਂ ਹਨ ਕਿਉਂਕਿ ਕੰਧਾਂ ਵਿੱਚ ਵਿੱਥਾਂ, ਵਿਰਲਾਂ ਤੇ ਖੋੜਾਂ ਹੁੰਦੀਆਂ ਹਨ ਜਿਨ੍ਹਾਂ ’ਚ ਕਬੂਤਰ ਆਲ੍ਹਣਾ ਪਾ ਲੈਂਦੇ ਹਨ।
ਘਰ ਉਦਾਸ ਹੁੰਦਾ ਹੈ ਜਦੋਂ ਛੱਤਾਂ ’ਤੇ ਲੱਗੇ ਜਾਲੇ ਦੇਖਦਾ ਹੈ ਜੋ ਵੈਰਾਨਗੀ ਦਾ ਸੂਲ ਬਣ ਘਰ ਦੇ ਸੀਨੇ ਵਿੱਚ ਡੂੰਘਾ ਉਤਰਦਾ ਹੈ। ਇਹ ਜਾਲੇ ਹੀ ਹੁੰਦੇ ਹਨ, ਘਰ ਦੀ ਪਰੇਸ਼ਾਨੀ ਅਤੇ ਘਰ ਦੇ ਗੁੰਮ ਜਾਣ ਦੀ ਨਿਸ਼ਾਨੀ। ਘਰ, ਘਰ ਹੀ ਹੁੰਦਾ ਹੈ। ਕਦੇ-ਕਦਾਈਂ, ਸਾਲ-ਛਿਮਾਹੀਂ, ਬੱਧੋਰੁੱਧੇ ਜਾਂ ਚਾਈਂ-ਚਾਈਂ ਆਉਂਦੇ ਜਾਂਦੇ, ਘਰ ਨੂੰ ਮਿਲਦੇ ਰਿਹਾ ਕਰੋ ਜੋ ਤੁਹਾਡੇ ਪੁਰਖਿਆਂ ਦੀ ਅਮਾਨਤ ਹਨ। ਘਰ ਨੂੰ ਹੁਣ ਤੀਕ ਯਾਦ ਹੈ ਜਦੋਂ ਉਹ ਸੱਖਣਾ ਹੁੰਦਿਆਂ ਵੀ ਘਰ ਵਾਲਿਆਂ ਨਾਲ ਭਰਿਆ ਭਰਿਆ ਲੱਗਦਾ ਸੀ ਕਿਉਂਕਿ ਘਰ, ਘਰ ਜੁ ਹੁੰਦਾ। ਪਰ ਅੱਜਕੱਲ੍ਹ ਭਰਿਆ ਹੋਇਆ ਵੀ ਘਰ ਵਾਲਿਆਂ ਤੋਂ ਬਗੈਰ ਸੱਖਣਾ ਲੱਗਦਾ। ਅੱਜਕੱਲ੍ਹ ਘਰ ਬਹੁਤ ਖਾਮੋਸ਼ ਹਨ ਕਿਉਂਕਿ ਨਿੱਕੇ ਨਿੱਕੇ ਘਰਾਂ ਨੂੰ ਵੱਡੇ ਵੱਡੇ ਸਮਝਣ ਵਾਲੇ ਲੋਕ ਨਹੀਂ ਰਹੇ। ਹੁਣ ਅਸੀਂ ਵੱਡੇ ਵੱਡੇ ਘਰਾਂ ਨੂੰ ਬੌਣੇ ਜਿਹੇ ਬਣਾ ਦਿੱਤਾ ਹੈ। ਘਰ ਨੂੰ ਟੋਟਿਆਂ ਵਿੱਚ ਤਕਸੀਮ ਕਰ ਕੇ ਲਿਵਿੰਗ ਰੂਮ, ਬੈੱਡ ਰੂਮ, ਪਾਰਟੀ ਰੂਮ, ਪਲੇਅ ਰੂਮ, ਗੈਸਟ ਰੂਮ ਤੇ ਬੀਅਰ ਬਾਰ ਵਿੱਚ ਬਦਲ ਦਿੱਤਾ ਹੈ। ਟੋਟਿਆਂ ’ਚ ਵੰਡੇ ਜਾਣਾ, ਘਰ ਨੂੰ ਬਹੁਤ ਅੱਖਰਦਾ ਹੈ।
ਘਰ ਉਦਾਸ ਹੋ ਜਾਂਦਾ ਹੈ, ਜਦੋਂ ਘਰ ਗੈਸਟ ਹਾਊਸ, ਪੀਜੀ ਹਾਊਸ, ਸੀਨੀਅਰ ਹੋਮ ਜਾਂ ਓਲਡਏਜ ਹੋਮ ਦਾ ਨਾਮਕਰਣ ਹੋਵੇ, ਘਰ ਦੇ ਅਰਥ ਹੀ ਗਵਾ ਬਹਿੰਦਾ। ਘਰ ਹੁਣ ਚੁੱਪ ਹੋ ਗਿਆ ਹੈ ਕਿਉਂਕਿ ਘਰ ਨੇ ਉਹ ਵੇਲੇ ਦੇਖੇ ਜਦੋਂ ਖੁੱਲ੍ਹੇ ਦਰਾਂ ਥੀਂ ਕੋਈ ਵੀ ਪ੍ਰਾਹੁਣਾ, ਕਿਸੇ ਵੀ ਵੇਲੇ ਘਰ ਆਣ ਵੜਦਾ। ਚੁੱਲ੍ਹਾ ਤਪਦਾ ਰਹਿੰਦਾ ਤੇ ਪਰਾਤ ’ਚੋਂ ਆਟਾ ਭੁੜਕਦਾ। ਘਰ, ਘਰ ਬਣ ਜਾਂਦਾ। ਘਰ ਵਿੱਚ ਰਿਸ਼ਤੇਦਾਰਾਂ ਤੇ ਸਨੇਹੀਆਂ ਦਾ ਆਉਣਾ-ਜਾਣਾ ਜਾਰੀ ਰਹਿੰਦਾ।
ਬੱਚਿਆਂ ਦੇ ਹਮਜੋਲੀ ਅਕਸਰ ਹੀ ਚੁੱਪ ਚੁਪੀਤੇ ਘਰ ਆਣ ਵੜਦੇ। ਉਨ੍ਹਾਂ ਦਾ ਸ਼ੌਰਗੁਲ ਘਰ ਦੀ ਫਿਜ਼ਾ ਨੂੰ ਰੰਗਸ਼ੀਲ ਬਣਾ, ਇਸ ਦੇ ਮੁੱਖੜੇ ਨੂੰ ਸੂਹਾ ਤੇ ਰੱਤਾ ਕਰ ਦਿੰਦਾ। ਬੱਚਿਆਂ ਦਾ ਖੇਡਣਾ, ਹੱਸਣਾ, ਰੋਣਾ, ਰੁੱਸਣਾ ਅਤੇ ਮੰਨਣਾ, ਘਰ ਦੇ ਮਾਹੌਲ ਨੂੰ ਘਰੋਗੀ ਬਣਾਉਂਦਾ। ਇਹੀ ਤਾਂ ਹੁੰਦਾ ਹੈ ਘਰ ਯਾਰੋ। ਜਦੋਂ ਇਹ ਸਭ ਕੁਝ ਹੀ ਘਰ ’ਚ ਨਾ ਰਹੇ ਤਾਂ ਘਰ ਦਾ ਚੁੱਪ ਹੋਣਾ ਲਾਜ਼ਮੀ ਹੁੰਦਾ ਹੈ। ਸੱਚੀਂ! ਹੁਣ ਘਰ ਤਾਂ ਉਦਾਸ ਹੀ ਹੈ। ਹੁਣ ਘਰ ਦੇ ਕਮਰਿਆਂ ’ਚ ਰਹਿਣ ਵਾਲੇ ਵੀ ਸਿਰਫ਼ ਤਾਬੂਤ ਬਣੇ, ਵਿਚਾਰਾਂ ਦੀ ਤੰਗਦਿਲੀ ’ਚ ਸਾਹਾਂ ਨੂੰ ਸੂਤ ਰਹੇ ਹਨ। ਜਦ ਘਰ ਵਾਲੇ ਹੀ ਸਾਹ ਸੂਤਣ ਲੱਗ ਪੈਣ ਤਾਂ ਘਰ ਮਾਤਮੀ ਚੁੱਪ ਹੰਢਾਉਣ ਲੱਗਦਾ ਹੈ। ਇਹੀ ਮਾਤਮੀ ਚੁੱਪ ਅੱਜਕੱਲ੍ਹ ਹਰ ਘਰ ਵਿੱਚ ਵੱਸਦੀ ਹੈ।
ਘਰ ਬਹੁਤ ਮਜਬੂਰ ਹੋ ਗਿਆ ਹੈ ਯਾਰੋ। ਘਰ ਨੇ ਮਜਬੂਰ ਹੀ ਹੋਣਾ ਸੀ ਜਦ ਇਸ ਦੇ ਬਾਹਰਲੇ ਬੂਹੇ, ਹਰ ਕਮਰੇ ਤੇ ਅਲਮਾਰੀ ਦੀ ਤਾਲਾ ਬੰਦੀ ਹੋ ਗਈ ਹੋਵੇ ਅਤੇ ਗਵਾਚੀਆਂ ਚਾਬੀਆਂ ਵਾਲੇ ਲੋਕ ਘਰ ਵਾਲੇ ਹੋਣ ਦਾ ਭਰਮ ਪਾਲਦੇ ਹੋਣ। ਤਾਂ ਸੱਚੀਂ ਮੁੱਚੀ ਘਰ ਮਜਬੂਰ ਹੋ ਜਾਂਦਾ ਤਿੜਕਣ ਲਈ, ਟੁੱਟਣ ਲਈ ਤੇ ਖੰਡਰ ਬਣਨ ਲਈ ਤੇ ਫਿਰ ਰੇਜ਼ਾ ਰੇਜ਼ਾ ਹੋ ਕੇ ਭੁਰਨ ਲਈ। ਅਜੋਕੇ ਦੌਰ ਵਿੱਚ ਇਹੀ ਉਦਾਸੀ ਤੁਹਾਨੂੰ ਘਰ ਦੀ ਹਰ ਨੁੱਕਰ, ਖੂੰਜੇ, ਛੱਤਾਂ, ਬਨੇਰਿਆਂ, ਕੰਧਾਂ, ਕੌਲਿਆਂ, ਓਟਿਆਂ ਤੇ ਦਰਵਾਜ਼ਿਆਂ ’ਚੋਂ ਨਜ਼ਰ ਆਵੇਗੀ। ਜਦੋਂ ਘਰ ਨੂੰ ਇਹ ਕੁਲਹਿਣੀ ਰੁੱਤ ਹੀ ਨਿਗਲ ਲਵੇ ਤਾਂ ਘਰ ਦਾ ਬਚਦਾ ਹੀ ਕੀ ਏ। ਘਰ ਦਾ ਮਰ ਜਾਂਦਾ ਜੀਅ ਏ। ਮਰੇ ਹੋਏ ਘਰਾਂ ਵਾਲਿਆਂ ਦੇ ਨਾਲ ਹੀ ਘਰ ਵੀ ਦਫ਼ਨ ਹੋ ਜਾਂਦਾ ਹੈ। ਅਜਿਹੇ ਘਰਾਂ ਵਿੱਚ ਲੋਕ ਨਹੀਂ ਸਗੋਂ ਕਬਰਾਂ ਦੀ ਚੁੱਪ ਵੱਸਦੀ ਏ। ਘਰ ਅਨਾਥ ਹੋ ਗਏ ਨੇ ਕਿਉਂਕਿ ਘਰ ਨੇ ਅੱਖੀਂ ਦੇਖਿਆ ਹੈ ਦੋ ਜੀਆਂ ਤੋਂ ਪਰਿਵਾਰ ਦਾ ਸਿਰਜਣਾ ਸਫ਼ਰ। ਪਰਿਵਾਰ ਨੇ ਹੀ ਢਾਂਚੇ ਨੂੰ ਘਰ ਬਣਾਇਆ ਸੀ, ਪਰ ਜਦ ਪਰਵਾਜ਼ ਭਰ ਗਏ ਬੋਟ ਹੀ ਪਰਤ ਕੇ ਨਾ ਆਉਣ ਤਾਂ ਮਾਪੇ ਯਤੀਮ ਹੋ ਜਾਂਦੇ ਹਨ। ਯਤੀਮ ਮਾਪਿਆਂ ਨਾਲ ਰਹਿ ਘਰ ਅਨਾਥ ਹੋ ਜਾਂਦਾ ਅਤੇ ਅਨਾਥ ਹੋਏ ਘਰ ਦਾ ਵਕਤ ਅਤੇ ਵਖ਼ਤ ਦੀ ਮਾਰ ’ਚ ਮਲੀਆ ਮੇਟ ਹੋ ਜਾਣਾ ਤੈਅ ਹੁੰਦਾ। ਘਰ ਨੂੰ ਨਿਗਲ ਜਾਣ ਵਾਲੇ ਇਸ ਸੱਚ ਨੂੰ ਕੌਣ ਸਮਝੇਗਾ?
ਘਰ ਮਾਯੂਸ ਹੋ ਜਾਂਦਾ ਜਦੋਂ ਘਰ ’ਚੋਂ ਅੱਖਰ ਗਵਾਚ ਜਾਂਦੇ ਹਨ। ਅਦਬ ਰੁੱਸ ਜਾਂਦਾ ਹੈ। ਅਰਦਾਸ ਖਾਮੋਸ਼ ਹੋ ਜਾਂਦੀ ਹੈ ਤੇ ਆਓ-ਭਗਤ ਅੰਤਮ ਸਾਹਾਂ ’ਤੇ ਹੁੰਦੀ ਹੈ। ਘਰ ਸਿਰਫ਼ ਘਰ ਹੀ ਨਹੀਂ ਹੁੰਦਾ। ਸਗੋਂ ਘਰ ਤਾਂ ਗਿਆਨ, ਆਦਰ ਅਤੇ ਸਤਿਕਾਰ ਦਾ ਅਜੂਬਾ ਜਿਸ ਤੋਂ ਨਵੀਆਂ ਪੀੜ੍ਹੀਆਂ ਨੇ ਨਵੀਂ ਰੰਗਤ ਲੈ, ਨਵੇਂ ਵਰਤਾਰਿਆਂ, ਸਰੋਕਾਰਾਂ ਅਤੇ ਸੰਵੇਦਨਾਵਾਂ ’ਚ ਖ਼ੁਦ ਨੂੰ ਰੰਗਣਾ ਹੁੰਦਾ। ਘਰ ’ਚੋਂ ਘਰ ਦੇ ਸਰੋਕਾਰਾਂ ਦਾ ਗੁੰਮ ਹੋਣਾ ਹੀ ਘਰ ਨੂੰ ਖਾਮੋਸ਼ ਕਰ ਦਿੰਦਾ ਹੈ। ਘਰ ਨੂੰ ਘਰ ਨਹੀਂ ਰਹਿਣ ਦਿੰਦਾ। ਅਜਿਹਾ ਅੱਜਕੱਲ੍ਹ ਸਾਡੇ ਹੀ ਘਰਾਂ ’ਚ ਹੋ ਰਿਹਾ ਤਾਂ ਹੀ ਘਰ ਬਹੁਤ ਮਾਯੂਸ ਹਨ। ਘਰ ਚਸਕਦਾ ਹੈ ਜਦ ਘਰ ਵਿੱਚ ਕੰਧਾਂ ਉੱਗਦੀਆਂ ਜੋ ਘਰ ਨੂੰ ਟੋਟਿਆਂ ’ਚ ਤਕਸੀਮ ਕਰਦੀਆਂ ਹਨ। ਟੁਕੜੇ ਟੁਕੜੇ ਹੋਣਾ ਘਰ ਨੂੰ ਬਹੁਤ ਪੀੜਤ ਕਰਦਾ ਹੈ। ਘਰ, ਘਰ ਹੀ ਨਹੀਂ ਰਹਿੰਦਾ ਅਤੇ ਘਰ ਬਹੁਤ ਉਦਾਸ ਹੋ ਜਾਂਦਾ ਹੈ। ਸਦਾ ਮਹਿਕਣ ਤੇ ਟਹਿਕਣ ਵਾਲਾ ਘਰ ਜਦੋਂ ਬੰਗਲੇ ਤੇ ਕੋਠੀਆਂ ਬਣ ਜਾਂਦਾ ਤਾਂ ਘਰ ਦਾ ਵਜੂਦ ਮਨਫ਼ੀ ਹੋ ਜਾਂਦਾ ਹੈ। ਪੱਥਰਾਂ ਵਿੱਚ ਪਥਰਾਅ ਜਾਂਦੀ ਹੈ ਮਿੱਟੀ ਦੀ ਮਹਿਕ ਤੇ ਮਿੱਟੀ ਵਿਹੂਣਾ ਘਰ, ਘਰ ਨਹੀਂ ਰਹਿੰਦਾ। ਅਜਿਹੇ ਵਿੱਚ ਘਰ ਬਹੁਤ ਹਤਾਸ਼ ਹੋ ਜਾਂਦਾ ਹੈ।
ਘਰ ਹਮੇਸ਼ਾਂ ਗੱਲਾਂ ਬਾਤਾਂ ਤੇ ਹੁੰਗਾਰਿਆਂ, ਨਿੱਕੇ ਨਿੱਕੇ ਤਕਰਾਰਾਂ ਵਿੱਚ ਚੰਗਾ ਮਹਿਸੂਸਦਾ ਹੈ। ਜਦ ਬਜ਼ੁਰਗ ਬੱਚਿਆਂ ਦੇ ਤੋਤਲੇ ਬੋਲ ਸੁਣਨ ਲਈ ਤਰਸ ਜਾਣ। ਪਰੀ-ਕਹਾਣੀਆਂ, ਗਾਥਾਵਾਂ ਅਤੇ ਕਿੱਸੇ ਸਿਸਕ ਜਾਣ। ਬੱਚੇ ਘਰਾਂ ਨੂੰ ਹੀ ਨਾ ਪਰਤਣ ਤਾਂ ਉਹ ਦਰਾਂ ’ਤੇ ਬੈਠੇ ਬੈਠੇ, ਇੱਕ ਹਉਕਾ ਬਣ ਕੇ ਰਹਿ ਜਾਂਦੇ ਹਨ। ਇਸ ਹਉਕੇ ਵਿੱਚ ਘਰ ਬਹੁਤ ਉਦਾਸ ਹੋ ਜਾਂਦਾ ਹੈ। ਘਰ ਹਿਰਖ਼ ਜਾਂਦਾ ਹੈ ਜਦੋਂ ਗਮਲਿਆਂ ਵਿੱਚ ਕਾਗਜ਼ੀ ਫੁੱਲ ਉੱਗਣ ਲੱਗਦੇ ਹਨ। ਕਿਆਰੀਆਂ ਵਿੱਚ ਇਕੱਲਤਾ ਮੌਲਦੀ ਹੈ। ਲਾਅਨ ਵਿੱਚ ਥੋਹਰਾਂ ਦਿਸਦੀਆਂ ਤਾਂ ਘਰ ਗ਼ਮਗੀਨ ਹੋ ਜਾਂਦਾ ਹੈ। ਘਰ ਨੇ ਚੁੱਪ ਹੋਣਾ ਹੀ ਹੋਇਆ ਜਦੋਂ ਚਾਨਣੀ ਰਾਤ ’ਚ ਕੋਸੀ ਕੋਸੀ ਗੁਫ਼ਤਗੂ ਹਾਵੇ ਭਰੇ ਅਤੇ ਸਪਰਸ਼ ’ਚੋਂ ਸੁਖਨ ਮਾਨਣ ਦੀ ਲਾਲਸਾ ਮਰੇ। ਕਮਰਾ ਚੁੱਪ ਹੋ ਜਾਂਦਾ ਹੈ। ਸਿਲਵਟਾਂ ਖਾਮੋਸ਼ ਹੋ ਜਾਂਦੀਆਂ ਹਨ ਅਤੇ ਸਿਲਵਟਾਂ ਦੀ ਖਾਮੋਸ਼ੀ ਵਿੱਚ ਘਰ ਖੌਫ਼ਜ਼ਦਾ ਖਾਮੋਸ਼ੀ ਹੰਢਾਉਂਦਾ ਹੈ।
ਘਰਾਂ ਵਾਲਿਓ! ਘਰਾਂ ਦੀ ਉਦਾਸੀ ਨੂੰ ਹਰਨ ਲਈ ਕਦੇ ਕਦੇ ਘਰਾਂ ਨੂੰ ਜ਼ਰੂਰ ਪਰਤੀਏ। ਘਰ ਸਦਾ ਹੀ ਘਰ ਬਣਨ ਲਈ ਆਸਵੰਦ ਹਨ। ਤਾਂ ਹੀ ਉਹ ਬਾਹਾਂ ਅੱਡੀ ਘਰਾਂ ਵਾਲਿਆਂ ਨੂੰ ਉਡੀਕਦੇ ਹਨ। ਕਦੇ ਕਦਾਈਂ ਬੰਦ ਦਰਾਂ ’ਤੇ ਦਸਤਕ ਦਿੰਦੇ ਰਿਹਾ ਕਰੋ, ਘਰ ਵੱਸਦੇ ਤੇ ਹੱਸਦੇ ਰਹਿਣਗੇ। ਯਾਦ ਰੱਖਣਾ! ਬੁਝੀਆਂ ਮੋਮਬੱਤੀਆਂ ਵਾਲੇ ਬਨੇਰੇ ਘਰਾਂ ਦੇ ਨਹੀਂ ਹੁੰਦੇ। ਨਾ ਹੀ ਦੀਵਿਆਂ ਨੂੰ ਉਡੀਕਦੇ ਆਲ਼ੇ ਘਰਾਂ ਦੇ ਸਿਰਨਾਵੇਂ ਹੁੰਦੇ ਹਨ। ਘਰ ਤਾਂ ਰੌਸ਼ਨੀਆਂ ਦਾ ਰੰਗਮੰਚ ਹੁੰਦੇ ਹਨ। ਭਾਵੇਂ ਚਿਰਾਗ ਦਾ ਕੋਈ ਘਰ ਨਹੀਂ ਹੁੰਦਾ, ਪਰ ਜਿੱਥੇ ਵੀ ਜਗਦਾ ਹੈ ਉਹ ਹੀ ਘਰ ਬਣ ਜਾਂਦਾ ਹੈ।
ਸੰਪਰਕ: 216-556-2080