ਸ੍ਰੀਲੰਕਾ ਨਾਲ ਕੱਚਾਤੀਵੂ ਬਾਰੇ ਗੱਲਬਾਤ ਦਾ ਹਿੱਸਾ ਸੀ ਡੀਐੱਮਕੇ: ਜੈਸ਼ੰਕਰ
ਤਿਰੂਵਨੰਤਪੁਰਮ, 4 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਡੀਐੱਮਕੇ ’ਤੇ ਜ਼ੁਬਾਨੀ ਹਮਲਾ ਤੇਜ਼ ਕਰਦਿਆਂ ਅੱਜ ਦਾਅਵਾ ਕੀਤਾ ਕਿ ਇਹ ਖੇਤਰੀ ਪਾਰਟੀ ਪੰਜ ਦਹਾਕੇ ਪਹਿਲਾਂ ਕੱਚਾਤੀਵੂ ਟਾਪੂ ’ਤੇ ਸ੍ਰੀਲੰਕਾ ਨਾਲ ਤਤਕਾਲੀ ਕੇਂਦਰ ਸਰਕਾਰ ਦੀ ਗੱਲਬਾਤ ਦੌਰਾਨ ਅਤੇ ਇਸ ਨੂੰ ਸਿਰੇ ਚੜ੍ਹਾਉਣ ਤੱਕ ਧਿਰ ਬਣੀ ਹੋਈ ਸੀ। ਤਾਮਿਲਨਾਡੂ ਦੀ ਸਿਆਸਤ ਵਿੱਚ ਇਹ ਮੁੱਦਾ ਗਰਮਾਇਆ ਹੋਇਆ ਹੈ। ਜੈਸ਼ੰਕਰ ਨੇ ਦਾਅਵਾ ਕੀਤਾ ਕਿ ਤਤਕਾਲੀ ਡੀਐੱਮਕੇ ਸਰਕਾਰ ਦੇ ਧਿਆਨ ਵਿੱਚ ਮਾਮਲਾ ਲਿਆਉਣ ਮਗਰੋਂ ਇਸ ਟਾਪੂ ’ਤੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਸਮਝੌਤਾ ਸਿਰੇ ਚੜ੍ਹ ਸਕਿਆ ਸੀ। ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਮੰਤਰੀ ਨੇ ਕਿਹਾ, “ਸਭ ਤੋਂ ਅਹਿਮ ਗੱਲ ਇਹ ਹੈ ਕਿ ਤਾਮਿਲਨਾਡੂ ਦੇ ਲੋਕਾਂ ਨੂੰ ਸਚਾਈ ਪਤਾ ਹੋਣੀ ਚਾਹੀਦੀ ਹੈ। ਇਹ ਕਿਵੇਂ ਹੋਇਆ? ਅਜਿਹਾ ਇਸ ਲਈ ਹੋਇਆ ਕਿਉਂਕਿ ਜਦੋਂ ਕੇਂਦਰ ਸਰਕਾਰ ਇਸ ਮੁੱਦੇ ’ਤੇ ਗੱਲਬਾਤ ਕਰ ਰਹੀ ਸੀ ਤਾਂ ਉਹ ਡੀਐੱਮਕੇ ਦੀ ਅਗਵਾਈ ਵਾਲੀ ਤਤਕਾਲੀ ਸੂਬਾ ਸਰਕਾਰ ਦੀ ਸਲਾਹ ਲੈ ਰਹੀ ਸੀ। ਹਾਲਾਂਕਿ ਇਸ ਨੂੰ ਗੁਪਤ ਰੱਖਿਆ ਗਿਆ ਸੀ।’’ ਉਨ੍ਹਾਂ ਕਿਹਾ, “ਇਸ ਲਈ, ਡੀਐੱਮਕੇ ਇਨ੍ਹਾਂ ਵਾਰਤਾਵਾਂ ਦੌਰਾਨ ਕਾਫ਼ੀ ਹੱਦ ਤੱਕ ਇੱਕ ਧਿਰ ਬਣੀ ਹੋਈ ਸੀ, ਇਹ ਇਸ ਨੂੰ ਸਿਰੇ ਚੜ੍ਹਾਉਣ ਵਿੱਚ ਵੀ ਕਾਫ਼ੀ ਹੱਦ ਤੱਕ ਧਿਰ ਸੀ।”
ਸੂਚਨਾ ਦਾ ਅਧਿਕਾਰ (ਆਰਟੀਆਈ) ਕਾਨੂੰਨ ਰਾਹੀਂ ਹੁਣ ਜਨਤਕ ਹੋਏ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ 1973 ਮਗਰੋਂ ਤਤਕਾਲੀ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ ’ਤੇ ਤਾਮਿਲਨਾਡੂ ਅਤੇ ਤਤਕਾਲੀ ਮੁੱਖ ਮੰਤਰੀ ਐੱਮ. ਕਰੁਣਾਨਿਧੀ ਨਾਲ ਨਿੱਜੀ ਤੌਰ ’ਤੇ ਲਗਾਤਾਰ ਤੇ ਵਿਸਥਾਰਿਤ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਟਾਪੂ ਦਾ ਮੁੱਦਾ ਵਾਰ-ਵਾਰ ਸੰਸਦ ਵਿੱਚ ਉਠਾਇਆ ਜਾਂਦਾ ਰਿਹਾ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦਰਮਿਆਨ ਇਹ ਲਗਾਤਾਰ ਪੱਤਰ ਵਿਹਾਰ ਦਾ ਵਿਸ਼ਾ ਰਿਹਾ ਹੈ। -ਪੀਟੀਆਈ
ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਦੀ ਟਿੱਪਣੀ ਰੱਦ
ਤਿਰੂਵਨੰਤਪੁਰਮ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਭਾਰਤ ਵਿੱਚ ਚੋਣਾਂ ਸਬੰਧੀ ਸੰਯੁਕਤ ਰਾਸ਼ਟਰ ਦੇ ਇੱਕ ਸੀਨੀਅਰ ਅਧਿਕਾਰੀ ਦੀ ਤਾਜ਼ਾ ਟਿੱਪਣੀ ਨੂੰ ਖਾਰਜ ਕਰਦਿਆਂ ਕਿਹਾ ਕਿ ਆਲਮੀ ਸੰਸਥਾ ਨੂੰ ਇਹ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਦੇਸ਼ ਵਿੱਚ ਚੋਣਾਂ ‘ਆਜ਼ਾਦ ਤੇ ਨਿਰਪੱਖ’ ਹੋਣੀਆਂ ਚਾਹੀਦੀਆਂ ਹਨ। ਵਿਦੇਸ਼ ਮੰਤਰੀ ਨੇ ਇਹ ਟਿੱਪਣੀ ਸੰਯੁਕਤ ਰਾਸ਼ਟਰ ਦੇ ਤਰਜਮਾਨ ਦੇ ਉਸ ਬਿਆਨ ਨਾਲ ਜੁੜੇ ਸਵਾਲ ’ਤੇ ਕੀਤੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ‘ਉਮੀਦ’ ਹੈ ਕਿ ਭਾਰਤ ਵਿੱਚ ਲੋਕਾਂ ਦੇ ‘ਸਿਆਸੀ ਅਤੇ ਨਾਗਰਿਕ ਅਧਿਕਾਰਾਂ’ ਦੀ ਰੱਖਿਆ ਕੀਤੀ ਜਾਵੇਗੀ ਅਤੇ ਹਰ ਕੋਈ ‘ਆਜ਼ਾਦ ਅਤੇ ਨਿਰਪੱਖ’ ਮਾਹੌਲ ਵਿੱਚ ਵੋਟ ਪਾਉਣ ਦੇ ਸਮਰੱਥ ਹੋਵੇਗਾ। -ਪੀਟੀਆਈ