ਡੀਐੱਮਸੀਐੱਚ ਦੇ ਵਿਦਿਆਰਥੀ ਲੇਖ ਮੁਕਾਬਲੇ ’ਚੋਂ ਮੋਹਰੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਕਤੂਬਰ
ਡੀਐੱਮਸੀ ਐਂਡ ਐਚ ਵਿੱਚ ਕਮਿਊਨਿਟੀ ਮੈਡੀਸਨ ਵਿਭਾਗ ਦੇ ਪੀਜੀ ਅਤੇ ਯੂਜੀ ਵਿਦਿਆਰਥੀਆਂ ਨੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ), ਦਿੱਲੀ ਵੱਲੋਂ ਕਰਵਾਏ ਲੇਖ ਮੁਕਾਬਲੇ ਵਿੱਚ ਮੱਲਾਂ ਮਾਰੀਆਂ ਹਨ। ਇਸ ਮੁਕਾਬਲੇ ਦਾ ਵਿਸ਼ਾ ‘ਪਰਿਵਾਰ ਗੋਦ ਲੈਣ ਪ੍ਰੋਗਰਾਮ ਬਾਰੇ ਅਨੁਭਵ’ ਸੀ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਕਾਲਜ ਦੇ ਪੀਜੀ ਰੈਜੀਡੈਂਟ ਡਾਕਟਰ ਦਲਜੀਤ ਕੌਰ ਨੇ ਲੇਖ ਮੁਕਾਬਲੇ ਵਿੱਚ ਭਾਰਤ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਰਸਾਇਣ ਅਤੇ ਖਾਦ ਮੰਤਰੀ ਵੱਲੋਂ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜ ਹੋਰ ਵਿਦਿਆਰਥੀਆਂ - ਅੰਮ੍ਰਿਤਾ ਲੇਘਾ, ਸ਼ਰੂਤੀ ਸ਼ਰਮਾ, ਅਪੇਕਸ਼ਾ, ਡਾ. ਸੁਹਾਸ ਬਕਾਇਆ ਅਤੇ ਡਾ. ਸਰਲੀਨ ਕੌਰ ਅਰੋੜਾ ਆਦਿ ਦੇ ਲੇਖਾਂ ਨੂੰ ਐੱਨਐੱਮਸੀ ਬੁੱਕ ਵਿੱਚ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਲਿਆ ਗਿਆ। ਡੀਐੱਮਸੀ ਐਂਡ ਐਚ ਪ੍ਰਬੰਧਕੀ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਇਸ ਸਫ਼ਲਤਾ ਲਈ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਜੀ.ਐੱਸ. ਵਾਂਡਰ ਨੇ ਕਿਹਾ ਕਿ ਇਹ ਮਾਨਤਾ, ਮਾਨਵਤਾ ਨਾਲ ਸਿਹਤ ਸੰਭਾਲ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਪ੍ਰੋਫੈਸਰ ਅਤੇ ਮੁਖੀ, ਕਮਿਊਨਿਟੀ ਮੈਡੀਸਨ ਵਿਭਾਗ ਡਾ. ਅਨੁਰਾਗ ਚੌਧਰੀ ਨੇ ਦੱਸਿਆ ਕਿ ਰੂਰਲ ਹੈਲਥ ਸੈਂਟਰ, ਪੋਹੀਰ ਵਿੱਚ ਉਨ੍ਹਾਂ 15 ਪਿੰਡਾਂ ਨੂੰ ਗੋਦ ਲਿਆ ਹੈ ਜਿੱਥੇ ਵਿਦਿਆਰਥੀ ਅਤੇ ਸਿਹਤ ਸੰਭਾਲ ਕਰਮਚਾਰੀ ਪਰਿਵਾਰਾਂ ਨਾਲ ਮਿਲ ਕੇ ਕੰਮ ਕਰਦੇ ਹਨ, ਉਨ੍ਹਾਂ ਦੀਆਂ ਸਿਹਤ ਸੰਭਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।