ਡੀਕੇ ਸ਼ਿਵਕੁਮਾਰ ਲੋਕਆਯੁਕਤ ਅੱਗੇ ਪੇਸ਼ ਹੋਏ
ਬੰਗਲੂਰੂ, 22 ਅਗਸਤ
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਆਮਦਨ ਤੋਂ ਵੱਧ ਜਾਇਦਾਦ (ਡੀਏ) ਮਾਮਲੇ ਦੀ ਜਾਂਚ ਲਈ ਅੱਜ ਲੋਕਆਯੁਕਤ ਪੁਲੀਸ ਦੇ ਸਾਹਮਣੇ ਪੇਸ਼ ਹੋਏ। ਲੋਕਆਯੁਕਤ ਪੁਲੀਸ ਨੇ ਫਰਵਰੀ ਵਿੱਚ ਸ਼ਿਵਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਦੋਂ ਕਾਂਗਰਸ ਸਰਕਾਰ ਨੇ 23 ਨਵੰਬਰ, 2023 ਨੂੰ ਉਨ੍ਹਾਂ ਖ਼ਿਲਾਫ਼ ਡੀਏ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਲੋਕਆਯੁਕਤ ਪੁਲੀਸ ਨੂੰ ਤਬਦੀਲ ਕਰ ਦਿੱਤੀ ਸੀ। ਲੋਕਆਯੁਕਤ ਸਾਹਮਣੇ ਪੇਸ਼ ਹੋਣ ਮਗਰੋਂ ਗੱਲਬਾਤ ਕਰਦਿਆਂ ਸ਼ਿਵਕੁਮਾਰ ਨੇ ਕਿਹਾ, ‘‘ਲੋਕਆਯੁਕਤ ਨੇ ਕੱਲ੍ਹ ਸੰਮਨ ਜਾਰੀ ਕੀਤੇ ਸਨ, ਮੈਂ ਅਲਮਾਟੀ ਦੇ ਦੌਰੇ ’ਤੇ ਹੋਣ ਕਾਰਨ ਪੇਸ਼ ਨਹੀਂ ਹੋ ਸਕਿਆ ਸੀ। ਇਸ ਲਈ ਮੇਰੀ ਬੇਨਤੀ ’ਤੇ ਉਨ੍ਹਾਂ ਮੈਨੂੰ ਅੱਜ ਦਾ ਸਮਾਂ ਦਿੱਤਾ ਸੀ। ਉਨ੍ਹਾਂ ਮੇਰੇ ਤੋਂ ਤਿੰਨ ਘੰਟੇ ਪੁੱਛ ਪੜਤਾਲ ਕੀਤੀ, ਮੈਂ ਉਨ੍ਹਾਂ ਨੂੰ ਜਵਾਬ ਦਿੱਤੇ ਹਨ। ਉਨ੍ਹਾਂ ਕੁੱਝ ਹੋਰ ਦਸਤਾਵੇਜ਼ ਮੰਗੇ ਹਨ, ਇਸ ਲਈ ਮੈਂ ਅਧਿਐਨ ਮਗਰੋਂ ਇਹ ਸੌਂਪਾਂਗਾ।’’ ਲੋਕਆਯੁਕਤ ਇੱਕ ਵਾਰ ਫਿਰ ਉਨ੍ਹਾਂ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕਰੇਗਾ।
ਸ਼ਿਵਕੁਮਾਰ ਨੇ ਕਿਹਾ, ‘‘ਇੱਕ ਗੱਲ ਹੈ ਕਿ ਸੀਬੀਆਈ ਉਨ੍ਹਾਂ (ਲੋਕਆਯੁਕਤ) ਨਾਲੋਂ ਬਿਹਤਰ ਹੈ। ਉਹ ਵੱਖ ਵੱਖ ਚੀਜ਼ਾਂ ਸਬੰਧੀ ਕਈ ਤਰ੍ਹਾਂ ਦੇ ਸਵਾਲ ਪੁੱਛ ਰਹੇ ਹਨ। ਸੀਬੀਆਈ ਨੇ ਮੈਨੂੰ ਅਜੇ ਤੱਕ ਕੁੱਝ ਨਹੀਂ ਪੁੱਛਿਆ ਹੈ। ਉਨ੍ਹਾਂ ਮੈਨੂੰ ਅਜੇ ਤੱਕ ਬੁਲਾਇਆ ਵੀ ਨਹੀਂ ਹੈ। ਪਰ ਲੋਕਆਯੁਕਤ ਨੇ ਮੈਨੂੰ ਬੁਲਾਇਆ ਹੈ ਅਤੇ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ।’’ ਰਾਜ ਸਰਕਾਰ ਵੱਲੋਂ ਕੇਸ ਸੀਬੀਆਈ ਤੋਂ ਲੋਕਆਯੁਕਤ ਨੂੰ ਤਬਦੀਲ ਕਰਨ ਦਾ ਜ਼ਿਕਰ ਕਰਦਿਆਂ ਸ਼ਿਵ ਕੁਮਾਰ ਨੇ ਕਿਹਾ ਕਿ ਲੋਕਆਯੁਕਤ ਪਿਛਲੇ ਛੇ ਮਹੀਨਿਆਂ ਤੋਂ ਕੇਸ ਦੀ ਜਾਂਚ ਕਰ ਰਿਹਾ ਹੈ।
ਸੁਪਰੀਮ ਕੋਰਟ ਨੇ 15 ਜੁਲਾਈ ਨੂੰ ਸ਼ਿਵਕੁਮਾਰ ਦੀ ਡੀਏ ਮਾਮਲੇ ਵਿੱਚ ਸੀਬੀਆਈ ਦੀ ਐੱਫਆਈਆਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। -ਪੀਟੀਆਈ