ਖ਼ਾਲਸਾ ਕਾਲਜ ’ਚ ਦੀਵਾਲੀ ਟੂਰਨਾਮੈਂਟ ਸਮਾਪਤ
ਪੱਤਰ ਪ੍ਰੇਰਕ
ਅੰਮ੍ਰਿਤਸਰ, 29 ਅਕਤੂਬਰ
ਖਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ‘ਇੰਟਰ ਖ਼ਾਲਸਾ ਕਾਲਜ ਟੂਰਨਾਮੈਂਟ’ ਅੱਜ ਸਮਾਪਤ ਹੋ ਗਿਆ। ਇਸ ਸਾਲ ਦੇ ਦੀਵਾਲੀ ਟੂਰਨਾਮੈਂਟ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ 13 ਅਦਾਰਿਆਂ ਦਰਮਿਆਨ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਸ ’ਚ ਓਵਰ ਆਲ ਟਰਾਫ਼ੀ ਖ਼ਾਲਸਾ ਕਾਲਜ ਫ਼ਿਜੀਕਲ ਐਜੂਕੇਸ਼ਨ ਨੇ ਜਿੱਤ ਲਈ।
ਮੁਕਾਬਲਿਆਂ ਦੌਰਾਨ ਲੜਕਿਆਂ ’ਚ ਖ਼ਾਲਸਾ ਕਾਲਜ ਜੇਤੂ, ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਫਸਟ ਰਨਰਅੱਪ ਰਿਹਾ ਜਦੋਂਕਿ ਲੜਕੀਆਂ ’ਚ ਖ਼ਾਲਸਾ ਕਾਲਜ ਫਾਰ ਵਿਮੈਨ ਜੇਤੂ ਰਹੀ, ਜਿਸ ’ਚ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜੂਕੇਸ਼ਨ ਰਨਰਅੱਪ ਅਤੇ ਖ਼ਾਲਸਾ ਕਾਲਜ ਆਫ਼ ਲਾਅ ਪਹਿਲਾ ਰਨਰਅੱਪ ਰਿਹਾ। ਟੂਰਨਾਮੈਂਟ ਦੌਰਾਨ ਵਿਦਿਆਰਥੀਆਂ ਦੇ ਕ੍ਰਿਕਟ, ਬਾਸਕਟਬਾਲ, ਬੈਡਮਿੰਟਨ, ਵਾਲੀਵਾਲ, ਲਾਂਗ ਜੰਪ, ਹਾਈ ਜੰਪ, ਟੱਗ-ਆਫ-ਵਾਰ, ਅਥਲੈਟਿਕਸ ਅਤੇ ਯੋਗਾ ਆਦਿ ਵੱਖ-ਵੱਖ ਮੁਕਾਬਲੇ ਕਰਵਾਏ ਗਏ।
ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।
ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ’ਚ ਖੇਡਾਂ ਦੀ ਘੱਟਦੀ ਰੁਚੀ ਵਿਦਿਆਰਥੀਆਂ ’ਚ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀ ਹੈ।