For the best experience, open
https://m.punjabitribuneonline.com
on your mobile browser.
Advertisement

ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ

10:05 AM Nov 14, 2023 IST
ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ
ਮੋਰਿੰਡਾ ਵਿੱਚ ਗੁਰਦੁਆਰੇ ਵਿਖੇ ਮੋਮਬੱਤੀਆਂ ਬਾਲਦੇ ਹੋਏ ਸ਼ਰਧਾਲੂ।
Advertisement

ਪੱਤਰ ਪ੍ਰੇਰਕ
ਕੁਰਾਲੀ, 23 ਨਵੰਬਰ
ਰੋਸ਼ਨੀਆਂ ਤੇ ਦੀਵਿਆਂ ਦਾ ਤਿਓਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਕੁਰਾਲੀ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਲੋਕਾਂ ਨੇ ਪਾਠ-ਪੂਜਾ ਕੀਤੀ ਅਤੇ ਘਰਾਂ ’ਤੇ ਦੀਪਮਾਲਾ ਕੀਤੀ। ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਤੇ ਸੱਜਣ-ਮਿੱਤਰਾਂ ਨੂੰ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਸ਼ਾਮ ਹੁੰਦੇ ਹੀ ਲੋਕਾਂ ਨੇ ਮੱਥਾ ਟੇਕਣ ਅਤੇ ਦੀਵੇ ਜਗਾਉਣ ਲਈ ਧਾਰਮਿਕ ਅਸਥਾਨਾਂ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ ਅਤੇ ਪਰਿਵਾਰਾਂ ਸਮੇਤ ਮੱਥਾ ਟੇਕਿਆ। ਲੋਕਾਂ ਨੇ ਦੇਰ ਰਾਤ ਤੱਕ ਖੂਬ ਆਤਿਸ਼ਬਾਜ਼ੀ ਕੀਤੀ। ਸਥਾਨਕ ਸ਼ਹਿਰ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਵਿੱਚ ਵੀ ਦੀਵਾਲੀ ਦਾ ਤਿਓਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਖਮਾਣੋਂ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਲੋਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ। ਹਲਵਾਈਆਂ, ਫਲ ਵਿਕਰੇਤਾਵਾਂ, ਆਤਿਸ਼ਬਾਜ਼ੀ ਅਤੇ ਹੋਰ ਸਜਾਵਟੀ ਸਾਮਾਨ ਦੀਆਂ ਦੁਕਾਨਾਂ ਦੀ ਕਾਫੀ ਭੀੜ ਸੀ। ਸ਼ਹਿਰ ਦੇ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਪ੍ਰਬੰਧਕਾਂ ਨੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਹੋਇਆ ਸੀ। ਦੇਰ ਰਾਤ ਤੱਕ ਲੋਕਾਂ ਨੇ ਆਤਿਸ਼ਬਾਜ਼ੀ ਕੀਤੀ। ਸ਼ਾਮ ਸਮੇਂ ਸ਼ਹਿਰ ਦੇ ਮੰਦਰਾਂ ਅਤੇ ਗੁਰਦੁਆਰਿਆਂ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ ਅਤੇ ਦੀਪ ਮਾਲਾ ਕੀਤੀ। ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿੱਚ ਵੀ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਬਾਬਾ ਸ੍ਰੀ ਚੰਦ ਦੇ ਅਸਥਾਨ ਫਰੌਰ ਵਿਖੇ ਬਾਬਾ ਸਰਬਜੀਤ ਸਿੰਘ ਭੱਲਾ ਵੱਲੋ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਸਮੂਹ ਸੰਗਤ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।
ਮੋਰਿੰਡਾ (ਪੱਤਰ ਪ੍ਰੇਰਕ): ਮੋਰਿੰਡਾ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਅਤੇ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਬੰਦੀ ਛੋੜ ਦਿਵਸ ਦੇ ਸ਼ੁਭ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕਥਾ ਤੇ ਕੀਰਤਨੀ ਜਥਿਆਂ ਵੱਲੋਂ ਸ਼ਬਦ ਬਾਣੀ ਦੀ ਕਥਾ ਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਦੌਰਾਨ ਸ਼ਹਿਰ ਦੇ ਧਾਰਮਿਕ ਸਥਾਨਾਂ, ਬਾਜ਼ਾਰਾਂ ਅਤੇ ਲੋਕਾਂ ਨੇ ਆਪਣੇ ਘਰਾਂ ’ਤੇ ਦੀਪ ਮਾਲਾ ਕੀਤੀ ਹੋਈ ਸੀ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਪਿੰਡ ਘੜੂੰਆਂ ਤੋਂ ਇਲਾਵਾ ਪਿੰਡ ਰਤਨਗੜ੍ਹ, ਦਤਾਰਪੁਰ, ਮੁੰਡੀਆਂ, ਗੜਾਂਗਾ, ਬੂਰਮਾਜਰਾ, ਸਹੇੜੀ, ਨਥਮਲਪੁਰ, ਰਸੂਲਪੁਰ, ਕਾਈਨੌਰ ਤੇ ਸਲੇਮਪੁਰਾ ਵੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ।
ਚਮਕੌਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਚਮਕੌਰ ਸਾਹਿਬ ਤੇ ਨੇੜਲੇ ਕਸਬਾ ਬੇਲਾ ਤੇ ਬਹਿਰਾਮਪੁਰ ਬੇਟ ਸਣੇ ਇਲਾਕੇ ਦੇ ਪਿੰਡਾਂ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਇੱਥੋਂ ਦੇ ਗੁਰਦੁਆਰਿਆਂ ਵਿੱਚ ਦੀਪਮਾਲਾ ਕੀਤੀ ਗਈ ਅਤੇ ਵੱਡੀ ਗਿਣਤੀ ਸੰਗਤ ਗੁਰਧਾਮਾਂ ਵਿਖੇ ਨਤਮਸਤਕ ਹੋਈ। ਇਸ ਮੌਕੇ ਮਠਿਆਈਆਂ, ਇਲੈਕਟ੍ਰੌਨਿਕ ਉਪਕਰਨਾਂ ਅਤੇ ਭਾਂਡਿਆਂ ਆਦਿ ਵਸਤਾਂ ਦੀ ਚੰਗੀ ਵਿਕਰੀ ਹੋਈ ਉੱਥੇ ਹੀ ਪਟਾਕਿਆਂ ਦੀ ਵੀ ਚੰਗੀ ਵਿਕਰੀ ਹੋਈ। ਦੂਜੇ ਪਾਸੇ ਸਿਹਤ ਵਿਭਾਗ ਦੀ ਸਖਤੀ ਦੇ ਬਾਵਜੂਦ ਬਹੁਤੇ ਦੁਕਾਨਦਾਰਾਂ ਨੇ ਘਟੀਆ ਮਿਆਰ ਦੀ ਮਠਿਆਈ ਵੇਚੀ। ਪ੍ਰਸ਼ਾਸਨ ਨੇ ਪਟਾਕਿਆਂ ਦੀਆਂ ਦੁਕਾਨਾਂ ਸਟੇਡੀਅਮ ਦੀ ਬਜਾਏ ਸਿਟੀ ਸੈਂਟਰ ਵਿੱਚ ਲਗਵਾਈਆਂ ਜਿੱਥੇ ਕਿ ਸਵੇਰ ਤੋਂ ਦੇਰ ਸ਼ਾਮ ਤੱਕ ਪਟਾਕੇ ਖਰੀਦਣ ਵਾਲਿਆਂ ਦੀ ਭੀੜ ਰਹੀ। ਲੋਕਾਂ ਨੇ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਦੇਰ ਰਾਤ ਤੱਕ ਖੂਬ ਪਟਾਕੇ ਚਲਾਏ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਦੀਵਾਲੀ ਦਾ ਤਿਉਹਾਰ ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਤੇ ਕਾਂਸਲ ਆਦਿ ਵਿੱਚ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਲੋਕਾਂ ਨੇ ਜਿੱਥੇ ਆਪਣੇ ਘਰਾਂ ਨੂੰ ਰੋਸ਼ਨੀਆਂ ਨਾਲ ਸਜਾਇਆ, ਉੱਥੇ ਹੀ ਧਾਰਮਿਕ ਅਸਥਾਨਾਂ ’ਤੇ ਵੀ ਦੀਪਮਾਲਾ ਕੀਤੀ। ਮੁੱਲਾਂਪੁਰ ਗਰੀਬਦਾਸ ਤੇ ਨਵਾਂ ਗਾਉਂ ਦੇ ਬਾਜ਼ਾਰਾਂ ਵਿੱਚ ਦੀਵਾਲੀ ਸਬੰਧੀ ਲੋੜੀਂਦਾ ਸਾਮਾਨ ਖਰੀਦਣ ਲਈ ਲੋਕਾਂ ਦੀ ਭੀੜ ਲੱਗੀ ਰਹੀ। ਬਾਜ਼ਾਰਾਂ ਵਿੱਚ ਟਰੈਫਿਕ ਦੀ ਗੰਭੀਰ ਸਮੱਸਿਆ ਦੇਖੀ ਗਈ। ਇਸ ਦੌਰਾਨ ਥਾਂ-ਥਾਂ ਆਤਿਸ਼ਬਾਜ਼ੀ ਤੇ ਪਟਾਕਿਆਂ ਦੀਆਂ ਕਈ ਸਟਾਲਾਂ ਲੱਗੀਆਂ ਹੋਈਆਂ ਸਨ। ਲੋਕਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਅਣਗੌਲਿਆਂ ਕਰਦਿਆਂ ਅੱਧੀ ਰਾਤ ਤੱਕ ਪਟਾਕੇ ਚਲਾਏ।
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਵਿੱਚ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਇਸ ਦੌਰਾਨ ਧਾਰਮਿਕ ਸਥਾਨਾਂ ’ਤੇ ਸ਼ਰਧਾਲੂਆਂ ਦੀ ਭੀੜ ਰਹੀ। ਦੀਵਾਲੀ ਦੀ ਰਾਤ ਲੋਕਾਂ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਦੇਰ ਰਾਤ ਤੱਕ ਹਰ ਤਰ੍ਹਾਂ ਦੇ ਪਟਾਕੇ ਚਲਾਏ ਜਦਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਸਿਰਫ ਗਰੀਨ ਪਟਾਕਿਆਂ ਦੀ ਇਜਾਜ਼ਤ ਦਿੱਤੀ ਹੋਈ ਸੀ। ਲੋਕਾਂ ਨੇ ਦੇਰ ਰਾਤ ਤੱਕ ਉੱਚੀ ਆਵਾਜ਼ ਵਾਲੇ ਪਟਾਕੇ ਚਲਾਏ, ਜਿਸ ਕਰ ਕੇ ਸਵੇਰ ਤੱਕ ਹਵਾ ਵਿੱਚ ਪ੍ਰਦੂਸ਼ਣ ਰਿਹਾ। ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਵੱਲੋਂ ਬਣਾਈਆਂ ਗਈਆਂ ਪੁਲੀਸ ਟੀਮਾਂ ਵੀ ਦੇਰ ਰਾਤ ਤੱਕ ਟੀਮ ਪਟਾਕੇ ਚਲਾਉਣ ਵਾਲਿਆਂ ਨੂੰ ਰੋਕਣ ਲਈ ਨਹੀਂ ਆਈਆਂ।

Advertisement

ਵਿਧਾਇਕ ਨੇ ਬਾਜ਼ਾਰ ’ਚ ਜਾ ਕੇ ਦੁਕਾਨਦਾਰਾਂ ਨੂੰ ਦਿੱਤੀ ਵਧਾਈ

ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪੇ੍ਰਕ): ਦੀਵਾਲੀ ਦਾ ਤਿਉਹਾਰ ਜ਼ਿਲ੍ਹੇ ਭਰ ਵਿੱਚ ਉਤਸਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਰਹਿੰਦ ਦੇ ਮੁੱਖ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਮੁਸ਼ਕਿਲਾਂ ਵੀ ਜਾਣੀਆਂ। ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਵਧ ਰਹੇ ਪ੍ਰਦੂਸ਼ਣ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸੁਨੀਤ ਕੁਮਾਰ, ਆਸ਼ੀਸ਼ ਅੱਤਰੀ, ਗੌਰਵ ਅਰੋੜਾ, ਪ੍ਰਿਤਪਾਲ ਜੱਸੀ ਆਦਿ ਹਾਜ਼ਰ ਸਨ।

Advertisement

ਕਲਵਾਂ ਵਿੱਚ ਪਟਾਕਿਆਂ ਕਾਰਨ ਦਰਜੀ ਦੀ ਦੁਕਾਨ ’ਚ ਅੱਗ ਲੱਗੀ

ਦੁਕਾਨ ਦਾ ਮਾਲਕ ਸੜਿਆ ਹੋਇਆ ਸਾਮਾਨ ਦਿਖਾਉਂਦਾ ਹੋਇਆ।

ਨੂਰਪੁਰ ਬੇਦੀ (ਬਲਵਿੰਦਰ ਰੈਤ): ਪਿੰਡ ਕਲਵਾਂ ਵਿੱਚ ਦੀਵਾਲੀ ਵਾਲੀ ਰਾਤ ਇੱਕ ਦਰਜ਼ੀ ਦੀ ਦੁਕਾਨ ਨੂੰ ਅੱਗ ਲੱਗ ਗਈ। ਇਸ ਦੌਰਾਨ 10 ਹਜ਼ਾਰ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਦੁਕਾਨ ਦੇ ਮਾਲਕ ਬਲਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਉਹ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ। ਲੋਕਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ। ਲੱਗਦਾ ਹੈ ਕਿ ਆਤਿਸ਼ਬਾਜੀ ਉਸ ਦੀ ਦੁਕਾਨ ਵਿੱਚ ਵੜ ਗਈ ਹੋਣੀ ਜਿਸ ਕਾਰਨ ਦੁਕਾਨ ਵਿੱਚ ਅੱਗ ਲੱਗ ਗਈ ਹੋਣੀ। ਦੁਕਾਨ ਦੇ ਮਾਲਕ ਬਲਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਸਿਲਣ ਲਈ ਆਏ ਚਾਰ ਸੂਟ ਧਾਗੇ ਵਾਲੀਆਂ 300 ਦੇ ਕਰੀਬ ਰੀਲਾਂ, ਬੁਕਰਮ ਤੇ ਦੁਕਾਨ ਵਿੱਚ ਪਿਆ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 10 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਜਦੋਂ ਉਸ ਨੇ ਅੱਜ ਦੁਕਾਨ ਖੋਲ੍ਹੀ ਤਾਂ ਸਾਰਾ ਸਾਮਾਨ ਸੜ ਕੇ ਸੁਆਹ ਹੋਇਆ ਪਿਆ ਸੀ ਤੇ ਚਲੇ ਹੋਏ ਪਟਾਕਿਆਂ ਦੇ ਰੋਲ ਵੀ ਦੁਕਾਨ ਵਿੱਚ ਡਿੱਗੇ ਪਏ ਸਨ।

Advertisement
Author Image

sukhwinder singh

View all posts

Advertisement