ਖਾਲਸਾ ਕਾਲਜ ਦੇ ਫਾਈਨ ਆਰਟਸ ਵਿਭਾਗ ਵੱਲੋਂ ਦੀਵਾਲੀ ਮੇਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 26 ਅਕਤੂਬਰ
ਖਾਲਸਾ ਕਾਲਜ ਫਾਰ ਵਿਮੈੱਨ ਸਿਵਲ ਲਾਈਨਜ਼ ਦੇ ਫਾਈਨ ਆਰਟਸ ਵਿਭਾਗ ਨੇ ਅੱਜ ਕਾਲਜ ਕੈਂਪਸ ਵਿੱਚ ਦੀਵਾਲੀ ਮੇਲਾ ਲਾਇਆ। ਇਸ ਸਮਾਗਮ ਦਾ ਉਦਘਾਟਨ ਐੱਸਡੀਐੱਮ ਲੁਧਿਆਣਾ ਡਾ. ਪੂਨਮਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਦੀਵਾਲੀ ਮੇਲੇ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਨੇ 90 ਦੇ ਕਰੀਬ ਸਟਾਲ ਲਾਏ ਜਿਨ੍ਹਾਂ ਵਿੱਚ ਫੈਂਸੀ ਦੀਵੇ, ਪੱਥਰ ਕਲਾ, ਸਜਾਵਟੀ ਮੋਮਬੱਤੀਆਂ ਅਤੇ ਬੋਤਲਾਂ, ਕੱਚ ਦੀ ਪੇਂਟਿੰਗ ਅਤੇ ਫੋਟੋ ਫਰੇਮ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਵੱਖ ਵੱਖ ਪਕਵਾਨਾਂ ਦੇ ਸਟਾਲ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਰਹੇ। ਫੈਸ਼ਨ ਸਟਾਲਾਂ ਵਿੱਚ ਨੇਲ ਆਰਟ, ਪੇਂਟ ਕੀਤੇ ਸੂਟ, ਦੁਪੱਟੇ, ਹੱਥ ਨਾਲ ਬਣਾਏ ਗਹਿਣੇ ਵੀ ਆਪਣੀ ਵੱਖਰੀ ਛਾਪ ਛੱਡ ਰਹੇ ਸਨ। ਬੌਟਨੀ ਵਿਭਾਗ ਨੇ ਸਿਹਤਮੰਦ ਅਤੇ ਹਰੀ ਦੀਵਾਲੀ ਮਨਾਉਣ ਲਈ ਬੂਟਿਆਂ ਦਾ ਸਟਾਲ ਲਾਇਆ। ਗੁਰੂ ਗਿਆਨ ਜੋਤੀ ਵੈਲਫੇਅਰ ਸੁਸਾਇਟੀ, ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ, ਐਸੋਸੀਏਸ਼ਨ ਫਾਰ ਬਲਾਇੰਡਸੈਡ ਵਰਗੀਆਂ ਐਨਜੀਓਜ਼ ਨੇ ਵਿਸ਼ੇਸ਼ ਬੱਚਿਆਂ ਵੱਲੋਂ ਬਣਾਏ ਸੋਹਣੇ ਦਸਤਕਾਰੀ ਦੇ ਨਮੂਨੇ ਪੇਸ਼ ਕੀਤੇ। ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਨੇ ਸਾਰਿਆਂ ਦਾ ਸਵਾਗਤ ਕੀਤਾ।