ਪੰਜਾਬ ਸਰਕਾਰ ਵੱਲੋਂ ਪਨਬੱਸ ਕਾਮਿਆਂ ਨੂੰ ਦੀਵਾਲੀ ਦਾ ਤੋਹਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਪੰਜਾਬ ਸਰਕਾਰ ਨੇ ਪਨਬੱਸ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ ਉਨ੍ਹਾਂ ਦੇ ਬਕਾਏ ਤੇ ਤਿਉਹਾਰ ਦੇ ਐਡਵਾਂਸ ਦੀ ਸਮੇਂ-ਸਿਰ ਵੰਡ ਨੂੰ ਯਕੀਨੀ ਬਣਾ ਦਿੱਤਾ ਹੈ। ਅੱਜ ਸਰਕਾਰ ਨੇ 3,189 ਕਰਮਚਾਰੀਆਂ ਨੂੰ ਸਾਲਾਨਾ ਵਾਧੇ ਦੇ ਬਕਾਏ ਦੀ ਪਹਿਲੀ ਕਿਸ਼ਤ ਵਜੋਂ 1.15 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਨਬੱਸ ਨੇ ਠੇਕਾ ਆਧਾਰਿਤ ਤੇ ਆਊਟਸੋਰਸ ਕਰਮਚਾਰੀਆਂ ਲਈ ਅਕਤੂਬਰ 2022 ਤੋਂ ਅਗਸਤ 2023 ਤੱਕ ਦੇ 5 ਫ਼ੀਸਦੀ ਸਾਲਾਨਾ ਵਾਧੇ ਦੇ ਬਕਾਏ ਦੀ ਵੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਨਬੱਸ ਨੇ ਲਗਪਗ 4,052 ਆਊਟਸੋਰਸ ਤੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਤਿਉਹਾਰ ਦੇ ਐਡਵਾਂਸ ਵਜੋਂ 10,000 ਰੁਪਏ ਪ੍ਰਤੀ ਮੁਲਾਜ਼ਮ ਦੇਣ ਦਾ ਫ਼ੈਸਲਾ ਵੀ ਕੀਤਾ ਹੈ।
ਪੀਆਰਟੀਸੀ ਕਾਮਿਆਂ ਦੀ ਤਨਖਾਹ ਵਧਾਈ
ਪਟਿਆਲਾ (ਖੇਤਰੀ ਪ੍ਰਤੀਨਿਧ): ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਅਦਾਰੇ ਦੀ ਖੁਸ਼ਹਾਲੀ ਅਤੇ ਤਰੱਕੀ ਸਮੇਤ ਕਈ ਮਾਮਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ’ਚ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਸਮੇਤ ਹੋਰ ਹਾਜ਼ਰ ਸਨ। ਬੁਲਾਰੇ ਨੇ ਦੱਸਿਆ ਕਿ ਪੀਆਰਟੀਸੀ ਵੱਲੋਂ ਦੀਵਾਲੀ ਦਾ ਤੋਹਫਾ ਵਜੋਂ ਕੱਚੇ ਮੁਲਾਜ਼ਮਾਂ ਦੀ ਤਨਖਾਹ ਵਿੱਚ 2500 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮੁਲਾਜ਼ਮਾਂ ਦੇ ਅਹੁਦੇ ਦੀ ਮਿਆਦ ਦੇ ਹਿਸਾਬ ਨਾਲ ਦਸ ਤੋਂ ਤੀਹ ਪ੍ਰਤੀਸ਼ਤ ਦਾ ਹੋਰ ਵਾਧਾ ਕੀਤਾ ਗਿਆ ਹੈ।