ਵਿੱਦਿਅਕ ਸੰਸਥਾਵਾਂ ਵਿੱਚ ਦੀਵਾਲੀ ਮੇਲੇ ਲੱਗੇ
ਸਤਵਿੰਦਰ ਬਸਰਾ
ਲੁਧਿਆਣਾ, 29 ਅਕਤੂਬਰ
ਸ਼ਹਿਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਦੀਵਾਲੀ ਮੇਲੇ ਲਾਏ ਗਏ। ਜਾਣਕਾਰੀ ਮੁਤਾਬਕ ਸਰਕਾਰੀ ਕਾਲਜ ਲੁਧਿਆਣਾ ਈਸਟ ਵਿੱਚ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੇਲੇ ਦਾ ਉਦਘਾਟਨ ਪ੍ਰਿੰਸੀਪਲ ਪ੍ਰੋ. ਦੀਪਕ ਚੋਪੜਾ ਨੇ ਕੀਤਾ। ਦੀਵਾਲੀ ਮੇਲੇ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਲਾਏ ਗਏ ਖਾਣ-ਪੀਣ ਅਤੇ ਗਹਿਣਿਆਂ ਦੇ ਸਟਾਲ ਸਨ।
ਇਸ ਦੌਰਾਨ ਵੱਖ-ਵੱਖ ਪੇਸ਼ਕਾਰੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਪ੍ਰਿੰਸੀਪਲ ਡਾ. ਕਜਲਾ ਅਤੇ ਮੈਡਮ ਰੁਪਾਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਕਿਰਤਪ੍ਰੀਤ ਕੌਰ ਨੇ ਮੰਚ ਸੰਚਾਲਨ ਕੀਤਾ। ਇਸੇ ਤਰ੍ਹਾਂ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿੱਚ ਵੀ ਪ੍ਰਿੰ. ਮੁਹੰਮਦ ਸਲੀਮ ਦੀ ਅਗਵਾਈ ਹੇਠ ਦੀਵਾਲੀ ਮੇਲਾ ਲਾਇਆ ਗਿਆ। ਇਸ ਮੌਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ ਅਤੇ ਹੋਰਾਂ ਨੇ ਵੀ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕੀਤਾ। ਸਰਕਾਰੀ ਕਾਲਜ ਫ਼ਾਰ ਗਰਲਜ਼ ਵਿੱਚ ਵਾਤਾਵਰਨ ਅਤੇ ਸਵੱਛ ਸੁਸਾਇਟੀ ਵੱਲੋਂ ਹਰੀ ਦੀਵਾਲੀ ਮਨਾਈ ਗਈ। ਇਸ ਦੌਰਾਨ ਇੱਕ ਮਾਰਕੀਟਿੰਗ ਫੈਸਟ ਵੀ ਲਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੇ ਦੀਵੇ, ਸਜਾਵਟੀ ਵਸਤੂਆਂ ਦੇ ਸਟਾਲ ਲਾਏ। ਇਸ ਮੌਕੇ ਰੰਗੋਲੀ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।