ਦੀਵਾਲੀ: ਮਿੱਟੀ ਦੇ ਦੀਵਿਆਂ ਦੀ ਮੰਗ ਵਧੀ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਅਕਤੂਬਰ
ਹੁਣ ਲੋਕ ਪੁਰਾਤਨ ਰੀਤੀ-ਰਿਵਾਜਾਂ ਅਨੁਸਾਰ ਦੀਵਾਲੀ ਦਾ ਤਿਉਹਾਰ ਮਨਾਉਣ ਵੱਲ ਮੁੜਨ ਲੱਗੇ ਹਨ। ਇਹੀ ਕਾਰਨ ਹੈ ਕਿ ਦੀਵਾਲੀ ਕਰ ਕੇ ਇਨ੍ਹੀਂ ਦਿਨੀਂ ਲੋਕ ਚੀਨ ਦੇ ਬਣੇ ਸਸਤੇ ਦੀਵਿਆਂ ਨੂੰ ਨਜ਼ਰਅੰਦਾਜ਼ ਕਰਕੇ ਮਿੱਟੀ ਦੇ ਦੀਵੇ ਖ਼ਰੀਦਣ ਵਿੱਚ ਦਿਲਚਸਪੀ ਲੈ ਰਹੇ ਹਨ। ਕਾਰੀਗਰ ਜੋਤੀ ਬੇਨੜਾ ਦਾ ਕਹਿਣਾ ਹੈ ਕਿ ਲੋਕਾਂ ਵਿੱਚ ਮਿੱਟੀ ਦੇ ਭਾਂਡਿਆਂ ਅਤੇ ਦੀਵਿਆਂ ਪ੍ਰਤੀ ਰੁਚੀ ਵਧਣ ਲੱਗੀ ਹੈ, ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣੇ ਦਿਨ ਫਿਰਨ ਦੀ ਉਮੀਦ ਜਾਗੀ ਹੈ। ਇਸ ਵਾਰ ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੇ ਗੋਲ ਵੱਡੇ-ਛੋਟੇ, ਸਟੈਂਡ ਦੀਵਿਆਂ ਅਤੇ ਹੈਗਿੰਗ ਲੈਂਪ ਦਾ ਰੁਝਾਨ ਜ਼ਿਆਦਾ ਹੈ। ਪੰਡਤ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੀ ਮਹੱਤਤਾ ਚਮਕਦਾਰ ਬਿਜਲਈ ਉਪਕਰਨਾਂ ਨੂੰ ਛੱਡ ਕੇ ਤੇਲ ਦੇ ਦੀਵਿਆਂ ਦੀ ਵਰਤੋਂ ਨਾਲ ਹੀ ਸਾਬਤ ਹੋਵੇਗੀ। ਉਨ੍ਹਾਂ ਅਨੁਸਾਰ ਵਾਤਾਵਰਣ ਦੀ ਸੁਰੱਖਿਆ ਦੇ ਮੱਦੇਨਜ਼ਰ ਬਿਜਲੀ ਦੇ ਉਪਕਰਨਾਂ ਦੀ ਬਜਾਏ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨਾ ਬਿਹਤਰ ਹੈ। ਸਰਬਜੀਤ ਮਹਿਤਾ ਦਾ ਕਹਿਣਾ ਕਿ ਪੁਰਾਤਨ ਭਾਰਤੀ ਸੱਭਿਆਚਾਰ ਅਨੁਸਾਰ ਦੀਵਾਲੀ ਮਨਾਉਣ ਦੀ ਪਰੰਪਰਾ ਬਾਰੇ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਵਧੀ ਹੈ। ਨੌਜਵਾਨ ਪੀੜ੍ਹੀ ਮੁੜ ਭਾਰਤੀ ਸੱਭਿਆਚਾਰ ਨੂੰ ਤਰਜੀਹ ਦੇ ਕੇ ਰਵਾਇਤੀ ਮਿੱਟੀ ਦੇ ਦੀਵਿਆਂ ਦੀ ਪ੍ਰਥਾ ਨੂੰ ਉਤਸ਼ਾਹਿਤ ਕਰ ਰਹੀ ਹੈ। ਆੜ੍ਹਤੀਆ ਕਮਲ ਜਿੰਦਲ ਦਾ ਕਹਿਣਾ ਕਿ ਵਾਤਾਵਰਣ ਦੀ ਸਮੱਸਿਆ ਕਾਰਨ ਮਿੱਟੀ ਦੇ ਦੀਵਿਆਂ ਵੱਲ ਲੋਕਾਂ ਦਾ ਝੁਕਾਅ ਮੁੜ ਵਧਿਆ ਹੈ। ਲੋਕ ਦੀਵਾਲੀ ’ਤੇ ਚੀਨੀ ਦੀਵਿਆਂ ਦੀ ਥਾਂ ਮਿੱਟੀ ਦੇ ਬਣੇ ਵੱਖ ਵੱਖ ਡਿਜ਼ਾਈਨ ਦੇ ਦੀਵੇ ਖ਼ਰੀਦ ਰਹੇ ਹਨ। ਮਾਸਟਰ ਮੇਲਾ ਸਿੰਘ ਨੇ ਕਿਹਾ ਕਿ ਮਿੱਟੀ ਦਾ ਦੀਵਾ ਕੇਵਲ ਅਧਿਆਤਮਿਕ ਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਮਹੱਤਵਪੂਰਨ ਨਹੀਂ ਸਗੋਂ ਇਹ ਵਾਤਾਵਰਣ ਦੀ ਸੁਰੱਖਿਆ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ। ਕਾਰੀਗਰ ਗੁਰਮੇਲ ਸਿੰਘ ਕੇਲੋਂ ਨੇ ਦੱਸਿਆ ਕਿ ਹੁਣ ਦੀਵਿਆਂ ਦਾ ਆਕਾਰ ਬਦਲਿਆ ਹੈ। ਮਿੱਟੀ ਦੇ ਬਣੇ ਮਿੰਨੀ ਦੀਵੇ ਇੱਕ ਤੋਂ ਦੋ ਇੰਚ ਤੱਕ ਲੰਮੇ ਹੁੰਦੇ ਹਨ। ਇੱਕ ਚਮਚਾ ਘਿਓ ਜਾਂ ਤੇਲ ਨਾਲ ਆਮ ਦੀਵਿਆਂ ਨਾਲੋਂ ਜ਼ਿਆਦਾ ਦੇਰ ਤੱਕ ਬਲਦੇ ਹਨ।