ਸਮਾਰਟ ਸਕੂਲ ਮੋਤੀ ਨਗਰ ’ਚ ਦੀਵਾਲੀ ਕਰਾਫਟ ਮੇਲਾ
ਸਤਵਿੰਦਰ ਬਸਰਾ
ਲੁਧਿਆਣਾ, 22 ਅਕਤੂਬਰ
ਸਮਾਰਟ ਸਕੂਲ ਮੋਤੀ ਨਗਰ ਵਿੱਚ ਅੱਜ ਦੀਵਾਲੀ ਕਰਾਫਟ ਮੇਲਾ ਲਾਇਆ ਗਿਆ। ਇਸ ਮੌਕੇ ਜਿੱਥੇ ਬੱਚਿਆਂ ਵੱਲੋਂ ਤਿਆਰ ਕੀਤੇ ਮਾਡਲ ਪ੍ਰਦਰਸ਼ਿਤ ਕੀਤੇ ਗਏ, ਉੱਥੇ ਦੀਵਾਲੀ ਦੇ ਸਬੰਧ ’ਚ ਪੁਰਾਣੇ ਸਾਮਾਨ ਤੋਂ ਬਣਾਈਆਂ ਸਜਾਵਟੀ ਚੀਜ਼ਾਂ ਵੀ ਖਿੱਚ ਦਾ ਕੇਂਦਰ ਬਣੀਆਂ। ਇਸ ਮੇਲੇ ਵਿੱਚ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਮੇਲੇ ਦਾ ਮਕਸਦ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਡੀਸੀਐੱਮ ਪ੍ਰੈਸੀਡੈਂਸੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ। ਮੁੱਖ ਅਧਿਆਪਕ ਸ੍ਰੀ ਸੇਖੋਂ ਅਤੇ ਰਜਨੀ ਕਾਲੜਾ ਨੇ ਦੱਸਿਆ ਕਿ ਅੱਜ ਦਾ ਇਹ ਦੀਵਾਲੀ ਕਰਾਫਟ ਮੇਲਾ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਐਕਸਚੇਂਜ ਪ੍ਰੋਗਰਾਮ ਹੇਠ ਇੱਕ ਸਾਂਝੇ ਪਲੇਟਫਾਰਮ ’ਤੇ ਕੀਤਾ ਗਿਆ। ਇਸ ਮੌਕੇ ਡੀਸੀਐੱਮ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਮੁੱਖ ਮਹਿਮਾਨ ਡੀਈਓ ਪ੍ਰਾਇਮਰੀ ਰਵਿੰਦਰ ਕੌਰ ਨੇ ਵਿਦਿਆਰਥੀਆਂ ਵੱਲੋਂ ਮਿਹਨਤ ਨਾਲ ਤਿਆਰ ਕੀਤੀਆਂ ਸੋਹਣੀਆਂ ਵਸਤਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਵੱਖ ਵੱਖ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੰਬਲ ਅਤੇ ਹੋਰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਨੇ ਸਕੂਲ ਕੈਂਪਸ ਵਿੱਚ ਲਾਈ ਗਈ ਪ੍ਰਦਰਸ਼ਨੀ ਵੀ ਦੇਖੀ। ਇਸ ਮੌਕੇ ਪ੍ਰਿੰਸੀਪਲ ਨੀਰੂ ਕੌੜਾ, ਡਾ. ਅਨੂ ਸਿੰਗਲ, ਅਨਿਲ ਸ਼ਰਮਾ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਕੰਗ, ਰੇਖਾ ਬਾਂਸਲ, ਅਮਰਜੀਤ ਸਿੰਘ, ਭੁਪਿੰਦਰ ਸਿੰਘ ਅਤੇ ਪੰਕਜ ਮਹਿਤਾ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨੇਹਾ ਸੋਨੀ ਅਤੇ ਪ੍ਰਭਜੋਤ ਕੌਰ ਨੇ ਨਿਭਾਈ।