ਧੂਮਧਾਮ ਨਾਲ ਮਨਾਈ ਦੀਵਾਲੀ ਤੇ ਬੰਦੀ ਛੋੜ ਦਿਵਸ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਨਵੰਬਰ
ਪਟਿਆਲਾ ਸ਼ਹਿਰ ਵਿੱਚ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਲਈ ਵਧ ਚੜ੍ਹ ਕੇ ਸੰਗਤ ਪੁੱਜੀ ਹੋਈ ਸੀ। ਇਸ ਦੌਰਾਨ ਭਾਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰ੍ਰੀ ਮੋਤੀ ਬਾਗ ਸਾਹਿਬ, ਗੁਰਦੁਆਰਾ ਕਰਹਾਲੀ ਸਾਹਿਬ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਗੜ੍ਹ ਸਾਹਿਬ ਅਤੇ ਗੁਰਦੁਆਰਾ ਨਥਾਣਾ ਸਾਹਿਬ ਸਮੇਤ ਹੋਰ ਗੁਰੂਘਰਾਂ ’ਚ ਸੰਗਤਾਂ ਦੀ ਵਧੇਰੇ ਆਮਦ ਰਹੀ। ਇਸ ਦੌਰਾਨ ਨੌਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਅੱਜ ਸਭ ਤੋਂ ਵੱਧ ਰੌਣਕਾਂ ਰਹੀਆਂ।
ਇੱਥੇ ਵੱਡੇ ਤੜਕੇ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ ਤੇ ਰਾਤ ਤੱਕ ਵੀ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਬੰਦੀ ਛੋੜ ਦਿਵਸ ਮੌਕੇ ਗੁਰਮਤਿ ਸਮਾਗਮ ਵੀ ਕਰਵਾਏ। ਇਸ ਦੌਰਾਨ ਗੁਰਦੁਆਰੇ ਦੇ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ ਮੌਕੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਸਮੇਤ ਕਮੇੇਟੀ ਮੈਂਬਰਾਂ ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ ਤੇ ਕੁਲਦੀਪ ਕੌਰ ਟੌਹੜਾ ਨੇ ਵੀ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।
ਗੁਰੂ ਸਾਹਿਬ ਪ੍ਰਤੀ ਆਪਣੀ ਆਸਥਾ ਦੇ ਪ੍ਰਗਟਾਵੇ ਵਜੋਂ ਸੰਗਤ ਨੇ ਜਿੱਥੇ ਦਿਨ ਭਰ ਸਰੋਵਰ ਦੁਆਲੇ ਮੋਮਬੱਤੀਆਂ ਜਗਾ ਕੇ ਰੱਖੀਆਂ, ਉੱਥੇ ਹੀ ਰਾਤ ਨੂੰ ਆਤਿਸ਼ਬਾਜ਼ੀ ਵੀ ਕੀਤੀ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮੈਨੇਜਰ ਰਾਜਿੰਦਰ ਸਿੰਘ ਟੌਹੜਾ ਦੀ ਦੇਖਰੇਖ ਹੇਠਾਂ ਗੁਰਦੁਆਰੇ ਵਿਖੇ ਕੀਤੀ ਗਈ ਦੀਪਮਾਲਾ ਵੀ ਖਿੱਚ ਦਾ ਕੇਂਦਰ ਰਹੀ ਅਤੇ ਦਰਬਾਰ ਵਿੱਚ ਕੀਤੀ ਗਈ ਫੁੱਲਾਂ ਦੀ ਸਜਾਵਟ ਨੇ ਵੀ ਅਲੌਕਿਕ ਰੰਗ ਪ੍ਰਦਾਨ ਕੀਤਾ। ਸੰਗਤਾਂ ਨੇ ਪੰਗਤ ਅਤੇ ਸੰਗਤ ਕਰਦਿਆਂ ਦੀਵਾਨ ਹਾਲ ਵਿਖੇ ਖੁਦ ਨੂੰ ਨਾਮ ਸਿਮਰਨ ਨਾਲ ਜੋੜਿਆ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬੰਦੀ ਛੋੜ ਦਿਵਸ ਦੇ ਇਤਿਹਾਸਕ ਪੱਖ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਇਸ ਦਿਨ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਇਆ ਸੀ ਤੇ ਰਿਹਾਈ ਮਗਰੋਂ ਗੁਰੂ ਸਾਹਿਬ ਸ੍ਰੀ ਹਰਮਿੰਦਰ ਸਾਹਿਬ ਪਹੁੰਚਣ ’ਤੇ ਖੁਸ਼ੀ ’ਚ ਦੀਪਮਾਲਾ ਕਰਵਾਈ ਗਈ।
ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਸਹਾਇਕ ਹੈੱਡ ਗ੍ਰੰਥੀ ਕਿਆਨੀ ਹਰਵਿੰਦਰ ਸਿੰਘ, ਮੈਨੇਜਰ ਰਾਜਿੰਦਰ ਸਿੰਘ ਟੌਹੜਾ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਸੁਰਜੀਤ ਸਿੰਘ ਕੌਲੀ, ਆਤਮ ਪ੍ਰਕਾਸ਼ ਸਿੰਘ ਬੇਦੀ ਤੇ ਮਨਦੀਪ ਸਿੰਘ ਭਲਵਾਨ, ਮੋਤੀ ਬਾਗ ਸਾਹਿਬ ਦੇ ਮੁੱਖ ਪ੍ਰਬੰਧਕ ਹਰਵਿੰਦਰ ਕਾਲਵਾ, ਅਕਾਊਂਟੈਂਟ ਗੁਰਮੀਤ ਸਿੰਘ, ਹਜੂਰ ਸਿੰਘ ਤੇ ਕੰਵਰ ਬੇਦੀ ਸਮੇਤ ਹੋਰ ਵੀ ਮੌਜੂਦ ਰਹੇ।
ਦੀਵਾਲੀ ਮੌਕੇ ਇਕ ਦਰਜਨ ਥਾਵਾਂ ’ਤੇ ਵਾਪਰੀਆਂ ਅੱਗ ਦੀਆਂ ਘਟਨਾਵਾਂ
ਪਟਿਆਾਲਾ (ਖੇਤਰੀ ਪ੍ਰਤੀਨਿਧ): ਦੀਵਾਲੀ ਮੌਕੇ ਪਟਿਆਲਾ ਵਿੱਚ ਕਰੀਬ ਇਕ ਦਰਜਨ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਇਸ ਦੌਰਾਨ ਅੱਗ ਲੱਗਣ ਦੀ ਸਭ ਤੋਂ ਵੱਡੀ ਘਟਨਾ ਇੱਥੇ ਲੀਲਾ ਭਵਨ ਵਿੱਚ ਸਥਿਤ ‘ਸੂਰਿਆ ਕੰਪਲੈਕਸ’ ਵਿੱਚ ਵਾਪਰੀ। ਅੱਗ ਦੀ ਇਹ ਘਟਨਾ ਸੁਰੀਆ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਵਾਪਰੀ। ਇਸ ਦੌਰਾਨ ਇਸ ਮੰਜਿਲ ’ਤੇ ਸਥਿਤ ਇੱਕ ਮੀਡੀਆ ਚੈਨਲ ਦੇ ਦਫ਼ਤਰ ਤੇ ਇਸ ਵਿਚਲਾ ਸਾਜੋ ਸਾਮਾਨ ਬੁਰੀ ਤਰ੍ਹਾਂ ਸੜ ਗਿਆ। ਰਾਤ ਸਮੇਂ ਲੱਗੀ ਇਸ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਪੁੱਜੀਆਂ ਹੋਈਆਂ ਸਨ। ਫਾਇਰ ਅਫਸਰ ਰਾਜਿੰਦਰ ਕੌਸ਼ਲ ਦਾ ਕਹਿਣਾ ਸੀ ਕਿ ਫਾਇਰ ਟੀਮ ਨੇ ਕਰੀਬ ਇੱਕ ਘੰਟੇ ਵਿੰਚ ਇਸ ਅੱਗ ’ਤੇ ਕਾਬੂ ਪਾ ਲਿਆ ਸੀ। ਇਸੇ ਦੌਰਾਨ ਅੱਜ ਇੱਥੇ ਸਥਿਤ ਮਿਲਟਰੀ ਏਰੀਆ ਵਿੱਚ ਵੀ ਘਾਹ ਫੂਸ ਨੂੰ ਅੱਗ ਲੱਗ ਗਈ, ਜਿਸ ’ਤੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਟੀਮਾਂ ਸਮੇਤ ਫੌਜ ਦੇ ਜਵਾਨਾਂ ਤੇ ਹੋਰ ਸਟਾਫ਼ ਨੇ ਵੀ ਕਾਬੂ ਪਾਇਆ। ਉਂਜ, ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਲੀਆਂ ਦੋ ਹੋਰ ਥਾਂਵਾਂ ’ਤੇ ਵੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਅੱਗ ਦੀਆਂ ਇਨ੍ਹਾਂ ਘਟਨਾਵਾਂ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।