For the best experience, open
https://m.punjabitribuneonline.com
on your mobile browser.
Advertisement

ਦਿਵਿਆ ਦੱਤਾ ਦਾ ਯਾਦਗਾਰੀ ਸਫ਼ਰ

08:01 AM Aug 03, 2024 IST
ਦਿਵਿਆ ਦੱਤਾ ਦਾ ਯਾਦਗਾਰੀ ਸਫ਼ਰ
Advertisement

ਬੌਲੀਵੁੱਡ ’ਚ ‘ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਦਿਵਿਆ ਦੱਤਾ ਨੇ ਕਈ ਉਚਾਈਆਂ ਛੂਹੀਆਂ ਹਨ ਜਿਨ੍ਹਾਂ ਵਿੱਚ ਪਾਮੇਲਾ ਰੁਕਸ ਦੀ ਫਿਲਮ ‘ਟਰੇਨ ਟੂ ਪਾਕਿਸਤਾਨ’ ਵਿੱਚ ਨਿਭਾਇਆ ਯਾਦਗਾਰੀ ਰੋਲ ਵੀ ਸ਼ਾਮਲ ਹੈ।

Advertisement

ਨੋਨਿਕਾ ਸਿੰਘ

ਹਾਲ ਹੀ ’ਚ ‘ਸ਼ਰਮਾਜੀ ਕੀ ਬੇਟੀ’ ’ਚ ਕਿਰਨ ਸ਼ਰਮਾ ਦਾ ਕਿਰਦਾਰ ਨਿਭਾਉਣ ਵਾਲੀ ਦਿਵਿਆ ਨੂੰ ਫਿਲਮ ਜਗਤ ’ਚ ਤਿੰਨ ਦਹਾਕੇ ਪੂਰੇ ਹੋ ਗਏ ਹਨ ਤੇ ਖ਼ੁਸ਼ ਹੋਣ ਦੇ ਉਸ ਕੋਲ ਕਈ ਹੋਰ ਕਾਰਨ ਹਨ।
‘ਸ਼ਰਮਾਜੀ ਕੀ ਬੇਟੀ’ ਦੀ ਕਿਰਨ ਸ਼ਰਮਾ ਵਾਂਗ, ਦਿਵਿਆ ਦੱਤਾ ਵੀ ਮਾਸੂਮੀਅਤ ਤੇ ਸੰਜੀਦਗੀ ਦਾ ਅਦਭੁੱਤ ਸੁਮੇਲ ਹੈ, ਤੇ ਕਿਰਨ ਦੇ ਕਿਰਦਾਰ ਵਾਂਗ ਹੀ ਮਜ਼ਬੂਤ, ਕੋਮਲ ਤੇ ਜ਼ਿੰਦਗੀ ਨੂੰ ਜੋਸ਼ ਨਾਲ ਜਿਊਣ ਵਾਲੀ ਸ਼ਖ਼ਸੀਅਤ ਹੈ। ਦਿਵਿਆ ਯਾਦ ਕਰਦੀ ਹੈ ਕਿ ਪਰਦੇ ਉਤਲੇ ਕਿਰਦਾਰ ਵਾਂਗ ਉਹ ਵੀ ਆਪਣੀ ਮਾਂ ਨੂੰ ਸਤਾਉਂਦੀ ਰਹਿੰਦੀ ਸੀ ਤੇ ਕੋਈ ਵੀ ਸਲਾਹ, ਸੇਧ ਤੇ ਹਦਾਇਤ ਲੈਣ ਲਈ ਉਸ ਨੂੰ ਹਰ ਵੇਲੇ ਫੋਨ ਕਰਦੀ ਰਹਿੰਦੀ ਸੀ। ਇੱਥੋਂ ਤੱਕ ਕਿ ਕਿਹੜੀ ਲਿਪਸਟਿਕ ਲਾਉਣੀ ਹੈ, ਉਸ ਬਾਰੇ ਵੀ ਮਾਂ ਨੂੰ ਪੁੱਛਦੀ ਸੀ। ਕੌਮੀ ਪੁਰਸਕਾਰ ਜੇਤੂ ਇਹ ਅਭਿਨੇਤਰੀ ਆਪਣੀ ਤਾਜ਼ਾ ਸਫਲਤਾ ਦਾ ਜਸ਼ਨ ਮਨਾ ਰਹੀ ਹੈ।
ਅਜਨਬੀ ਲੋਕ ਉਸ ਨੂੰ ਕਿਰਦਾਰ ਦੇ ਨਾਂ ‘ਕਿਰਨ’ ਨਾਲ ਪੁਕਾਰ ਰਹੇ ਹਨ, ਜਿਸ ਤੋਂ ਉਹ ਬਾਗੋਬਾਗ਼ ਹੈ ਤੇ ਚੇਤੇ ਕਰਦੀ ਹੈ ਕਿ ਕਿਵੇਂ ‘ਭਾਗ ਮਿਲਖਾ ਭਾਗ’ ਵਿੱਚ ਨਿਭਾਏ ਮੋਹਖੋਰੀ ਭੈਣ ਦੇ ਰੋਲ ਲਈ ਵੀ ਉਸ ਨੂੰ ਇਸੇ ਤਰ੍ਹਾਂ ਪ੍ਰਸ਼ੰਸਾ ਮਿਲੀ ਸੀ। ਫਿਲਮ ਉਦਯੋਗ ’ਚ ਦਿਵਿਆ ਦੇ ਤਿੰਨ ਦਹਾਕੇ ਪੂਰੇ ਹੋਣ ’ਤੇ, ਉਸ ਦੇ ਇਸ ਸਫ਼ਰ ’ਤੇ ਇੱਕ ਝਾਤ ਮਾਰਨੀ ਬਣਦੀ ਹੈ। ਉਨ੍ਹਾਂ ਦਿਨਾਂ ’ਚ ਸੁਭਾਵਿਕ ਤੌਰ ’ਤੇ ਹੀ ਫਿਲਮ ਜਗਤ ਦਾ ਹਿੱਸਾ ਨਹੀਂ ਬਣਿਆ ਜਾ ਸਕਦਾ ਸੀ। ਸਮਾਂ ਅਜਿਹਾ ਸੀ ਕਿ ਦਿਵਿਆ ਤੇ ਉਸ ਦੀ ਮਾਂ ਨੂੰ ਇਹ ਗੱਲ ‘ਗੁਪਤ’ ਰੱਖਣੀ ਪਈ ਤੇ ਇੱਥੋਂ ਤੱਕ ਕਿ ਉਸ ਦੇ ਮਾਮੇ ਦੀਪਕ ਬਾਹਰੀ ਤੋਂ ਵੀ ਇਸ ਨੂੰ ਲੁਕੋਣਾ ਪਿਆ, ਜੋ ਬੌਲੀਵੁੱਡ ’ਚ ਮੰਨੇ-ਪ੍ਰਮੰਨੇ ਨਿਰਮਾਤਾ-ਨਿਰਦੇਸ਼ਕ ਸਨ। ਪਰ ਇਹ ਲੜਕੀ ਆਪਣੇ ਸੁਪਨੇ ਸਾਕਾਰ ਕਰਨ ਲਈ ਦ੍ਰਿੜ੍ਹ ਸੀ। ਉਸ ਦੇ ਸਫ਼ਰ ’ਚ ਕਈ ਅਹਿਮ ਉਤਰਾਅ-ਚੜ੍ਹਾਅ ਆਏ; ਜਿੱਥੇ ‘ਵੀਰ ਜ਼ਾਰਾ’ ਅਤੇ ‘ਇਰਾਦਾ’ ਲਈ ਕੌਮੀ ਪੁਰਸਕਾਰ ਮਿਲਿਆ, ਉੱਥੇ ਹੀ ਕਾਰੋਬਾਰੀ ਤੌਰ ’ਤੇ ਅਸਫਲ ਰਹੀ ਫਿਲਮ ‘ਦਿੱਲੀ-6’ ਦਾ ਵੀ ਦਰਦ ਬਰਦਾਸ਼ਤ ਕੀਤਾ।
‘ਦਿੱਲੀ-6’ ਦੇ ਸੈੱਟ ’ਤੇ ਹੀ ਉਸ ਨੇ ਉੱਘੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਤੋਂ ਅਦਾਕਾਰੀ ਦਾ ਸਭ ਤੋਂ ਮਹੱਤਵਪੂਰਨ ਸਬਕ ਸਿੱਖਿਆ। ਫਿਲਮ ਵਿਚਲਾ ‘ਜਲੇਬੀ’ ਦਾ ਕਿਰਦਾਰ ਨਿਭਾਉਂਦਿਆਂ ਦਿਵਿਆ ਨੂੰ ਤਸੱਲੀ ਨਹੀਂ ਹੋ ਰਹੀ ਸੀ, ਜੋ ਕਿ ਅੱਖੜ ਕਿਸਮ ਦਾ ਸੀ। ਇਸ ’ਤੇ ਮਹਿਰਾ ਨੇ ਚੁੱਪ-ਚੁਪੀਤੇ ਉਸ ਨੂੰ ਕਿਹਾ, ‘ਆਪਣੇ ਅੰਦਰਲੀ ਦਿਵਿਆ ਨੂੰ ਭੁੱਲ ਜਾ ਤੇ ਜਲੇਬੀ ਨੂੰ ਬਾਹਰ ਆਉਣ ਦੇ।’ ਇਸ ਕੀਮਤੀ ਸੁਝਾਅ ਨੇ ਉਸ ਦੀ ਕਾਫ਼ੀ ਮਦਦ ਕੀਤੀ। ਦਿਵਿਆ ਹੁਣ ਵਿੱਕੀ ਕੌਸ਼ਲ ਦੀ ਮੁੱਖ ਭੂਮਿਕਾ ਵਾਲੀ ਫਿਲਮ ‘ਛਾਵਾ’ ਵਿੱਚ ਨਜ਼ਰ ਆਏਗੀ, ਜੋ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਿਤ ਹੈ। ਉਹ ਕਹਿੰਦੀ ਹੈ, ‘‘ਉਸ ਦੌਰ ਨੂੰ ਮਹਿਸੂਸ ਕਰ ਕੇ ਤੇ ਉਸ ਸਮੇਂ ਦੀਆਂ ਪੁਸ਼ਾਕਾਂ ਪਾ ਕੇ ਬਹੁਤ ਚੰਗਾ ਲੱਗਾ ਪਰ ਮੈਨੂੰ ਉਸ ਦੌਰ ’ਚ ਆਪਣੇ ਆਪ ਦੀ ਕਲਪਨਾ ਕਰਨ ਦੀ ਲੋੜ ਨਹੀਂ ਪਈ। ਮੈਂ ਪਹਿਲਾਂ ਹੀ ਉੱਥੇ ਪਹੁੰਚਾਈ ਜਾ ਚੁੱਕੀ ਸੀ। ਮੈਂ ਸਿਰਫ਼ ਇਹ ਸੋਚਣਾ ਸੀ ਕਿ ਮੈਂ ਉੱਥੋਂ ਦੀ ਹੀ ਹਾਂ।’’
ਜੇ ਇੱਕ ਅਭਿਨੇਤਰੀ ਵਜੋਂ ਉਸ ਨੇ ਆਪਣੇ ਕਰੀਅਰ ਵਿੱਚ ਕਈ ਉਚਾਈਆਂ ਛੂਹੀਆਂ ਹਨ ਤਾਂ ਮਾੜਾ ਸਮਾਂ ਵੀ ਦੇਖਿਆ ਹੈ। ਕਈ-ਕਈ ਸਟਾਰ ਅਦਾਕਾਰਾਂ ਵਾਲੀਆਂ ਫਿਲਮਾਂ ਦਾ ਹਿੱਸਾ ਬਣ ਚੁੱਕੀ, ਲੁਧਿਆਣਾ ’ਚ ਆਪਣੇ ਕਾਲਜ ਤੇ ਪੰਜਾਬ ਯੂਨੀਵਰਸਿਟੀ ਦੀ ਬਿਹਤਰੀਨ ਅਭਿਨੇਤਰੀ ਰਹੀ ਦਿਵਿਆ ਨੂੰ ਇੱਕ ਵਾਰ ਲੱਗਾ ਕਿ ਉਸ ਦਾ ਇੱਥੇ ਕੁਝ ਨਹੀਂ ਬਣੇਗਾ। ਉਸ ਨੇ ਵਾਪਸ ਲੁਧਿਆਣੇ ਦੀ ਰੇਲਗੱਡੀ ਫੜਨ ਦਾ ਮਨ ਬਣਾ ਲਿਆ। ਨਸੀਬ ਦਾ ਖੇਡ ਦੇਖੋ, ਇਸ ਦੀ ਥਾਂ ਉਹ ‘ਟਰੇਨ ਟੂ ਪਾਕਿਸਤਾਨ’ ’ਚ ਸਵਾਰ ਹੋ ਗਈ, ਉਹ ਫਿਲਮ ਜੋ ਖੁਸ਼ਵੰਤ ਸਿੰਘ ਦੇ ਨਾਵਲ ’ਤੇ ਆਧਾਰਿਤ ਸੀ। ਇਸ ਤੋਂ ਬਾਅਦ ਉਸ ਨੇ ਯਸ਼ ਚੋਪੜਾ ਤੇ ਸ਼ਿਆਮ ਬੈਨੇਗਲ ਜਿਹੇ ਵੱਡੇ-ਵੱਡੇ ਨਿਰਦੇਸ਼ਕਾਂ ਨਾਲ ਕਈ ਭੂਮਿਕਾਵਾਂ ਨੂੰ ਪਰਦੇ ’ਤੇ ਸਾਕਾਰ ਕੀਤਾ। ਬੇਸ਼ੱਕ, ਫਿਲਮ ਜਗਤ ’ਚ ਇੱਕ ਤਰ੍ਹਾਂ ਦਾ ਕਿਰਦਾਰ ਵਾਰ-ਵਾਰ ਕਰਨ ਨਾਲ ਤੁਹਾਡੇ ’ਤੇ ਇੱਕ ਵਿਸ਼ੇਸ਼ ਠੱਪਾ ਲੱਗ ਜਾਂਦਾ ਹੈ, ਜਿਸ ਤੋਂ ਬਚ ਕੇ ਨਿਕਲਣਾ ਔਖਾ ਹੋ ਜਾਂਦਾ ਹੈ। ਦਿਵਿਆ ਯਾਦ ਕਰਦੀ ਹੈ ਕਿ ‘ਭਾਗ ਮਿਲਖਾ ਭਾਗ’ ਤੋਂ ਬਾਅਦ ਉਸ ਕੋਲ ਭੈਣ ਦੇ ਰੋਲਾਂ ਦੀ ਝੜੀ ਲੱਗ ਗਈ ਸੀ ਪਰ ਉਸ ਨੇ ਸੋਚ-ਵਿਚਾਰ ਕੇ ਸ੍ਰੀਰਾਮ ਰਾਘਵਨ ਦੀ ‘ਬਦਲਾਪੁਰ’ ਵਿੱਚ ਬੇਬਾਕ ਕਿਰਦਾਰ ਕਰਨ ਦਾ ਫ਼ੈਸਲਾ ਲਿਆ ਤੇ ਇਸ ’ਚੋਂ ਯਥਾਰਥਵਾਦੀ ਹੋਣ ਦਾ ਕੀਮਤੀ ਸਬਕ ਵੀ ਲਿਆ। ਨਿਤਿਨ ਕੱਕੜ, ਜਿਸ ਦੀ ਫਿਲਮ ‘ਰਾਮ ਸਿੰਘ ਚਾਰਲੀ’ ਵਿੱਚ ਉਸ ਨੇ ਮੁੱਖ ਭੂਮਿਕਾ ਮੰਗੀ ਤਾਂ ਸਿੱਖਣ ਤੇ ਭੁੱਲਣ ਦਾ ਅਮਲ ਕਿਸੇ ਹੋਰ ਹੀ ਪੱਧਰ ’ਤੇ ਪਹੁੰਚ ਗਿਆ।
ਸਾਲ 1994 ਵਿੱਚ ਦਿਵਿਆ ਦੀ ਪਹਿਲੀ ਫਿਲਮ ‘ਇਸ਼ਕ ਮੇਂ ਜੀਨਾ ਇਸ਼ਕ ਮੇਂ ਮਰਨਾ’ ਆਉਣ ਤੋਂ ਬਾਅਦ ਕਈ ਸਾਲਾਂ ਦੌਰਾਨ ਫਿਲਮ ਉਦਯੋਗ ਵੱਡੇ ਬਦਲਾਅ ਵਿੱਚੋਂ ਲੰਘ ਚੁੱਕਾ ਹੈ। ਉਹ ਕਹਿੰਦੀ ਹੈ, ‘‘ਓਟੀਟੀ ਦੀ ਸ਼ੁਰੂਆਤ ਨੇ ਵਿਸ਼ਾ-ਵਸਤੂ ਤੇ ਸੰਦਰਭ ਨੂੰ ਹੋਰ ਗਹਿਰਾਈ ਦਿੱਤੀ ਹੈ। ਸਰੋਤੇ ਨਵੀਆਂ ਚੀਜ਼ਾਂ ਮੰਗ ਰਹੇ ਹਨ ਤੇ ਅਦਾਕਾਰ ਵੀ ਗੁੰਝਲਦਾਰ ਤੇ ਮੋੜ-ਘੇੜ ਵਾਲੇ ਕਿਰਦਾਰ ਨਿਭਾਉਣ ਦੇ ਚਾਹਵਾਨ ਹਨ।’’ ਉਹ ਖ਼ੁਦ ਵੀ ਨਵੇਂ ਕਿਰਦਾਰ ਨਿਭਾ ਰਹੀ ਹੈ ਤੇ ਆਪਣੇ ਸਫਲ ਸੰਗੀਤਕ ਸ਼ੋਅ ‘ਬੰਦਿਸ਼ ਬੈਂਡਿਟਸ’ ਦੇ ਦੂਜੇ ਸੀਜ਼ਨ ਪ੍ਰਤੀ ਉਤਸ਼ਾਹਿਤ ਹੈ। ਦਿਵਿਆ ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ। ਉਸ ਕੋਲ ਕਈ ਪ੍ਰਾਜੈਕਟ ਹਨ, ਜਿਨ੍ਹਾਂ ਵਿੱਚ ਬਾਸੂ ਚੈਟਰਜੀ ਦੀ 1986 ’ਚ ਆਈ ਫਿਲਮ ‘ਏਕ ਰੁਕਾ ਹੁਆ ਫੈਸਲਾ’ ਦਾ ਰੀਮੇਕ ਵੀ ਸ਼ਾਮਲ ਹੈ। ਇਸ ਪ੍ਰਤਿਭਾਸ਼ਾਲੀ ਅਭਿਨੇਤਰੀ ਦਾ ਭਵਿੱਖ ਪਹਿਲਾਂ ਨਾਲੋਂ ਵੀ ਵੱਧ ਰੌਸ਼ਨ ਨਜ਼ਰ ਆ ਰਿਹਾ ਹੈ।
ਦਿਵਿਆ ਦੱਤਾ ਨੇ ਸਿਰਫ਼ ਚੋਟੀ ਦੇ ਨਿਰਦੇਸ਼ਕਾਂ ਨਾਲ ਹੀ ਨਹੀਂ ਬਲਕਿ ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਵਰਗੇ ਸੁਪਰਸਟਾਰਾਂ ਨਾਲ ਵੀ ਕੰਮ ਕੀਤਾ ਹੈ। ਆਮ ਬੰਦਾ ਸੋਚਦਾ ਹੈ ਕਿ ‘ਇਹ ਸੁਪਰਸਟਾਰ ਕਿਸ ਤਰ੍ਹਾਂ ਦੇ ਲੋਕ ਹੁੰਦੇ ਹਨ?’ ਤੇ ਦਿਵਿਆ ਦੱਸਦੀ ਹੈ ‘‘ਬਹੁਤ ਪਿਆਰੇ ਲੋਕ ਹਨ, ਵਿਲੱਖਣ ਤੇ ਸੱਚੇ। ਅਸੀਂ ਹੀ ਉਨ੍ਹਾਂ ਨੂੰ ਇੱਕ ਵਿਸ਼ੇਸ਼ ਨਜ਼ਰ ਨਾਲ ਦੇਖਦੇ ਹਾਂ ਪਰ ਉਨ੍ਹਾਂ ਦਾ ਇੱਕ ਹੋਰ ਬਹੁਤ ਸੰਵੇਦਨਸ਼ੀਲ, ਮਾਨਵੀ ਪੱਖ ਵੀ ਹੁੰਦਾ ਹੈ। ਸੂਖ਼ਮ ਤੇ ਤੇਜ਼ ਨਜ਼ਰ ਸਣੇ ਕਈ ਗੁਣ ਹੁੰਦੇ ਹਨ ਜੋ ਉਨ੍ਹਾਂ ਦੇ ਸਟਾਰਡਮ ਨੂੰ ਸੰਭਾਲ ਕੇ ਰੱਖਦੇ ਹਨ।’’

Advertisement

Advertisement
Author Image

sukhwinder singh

View all posts

Advertisement