ਯਮੁਨਾ ਵਿੱਚ ਇਸ਼ਨਾਨ ਕਰਨ ਗਏ ਅੱਠ ਜਣਿਆਂ ਨੂੰ ਗੋਤਾਖੋਰਾਂ ਨੇ ਬਚਾਇਆ
ਪੱਤਰ ਪ੍ਰੇਰਕ
ਯਮੁਨਾਨਗਰ, 5 ਜੂਨ
ਗੰਗਾ ਦਸਹਿਰੇ ਦੇ ਮੌਕੇ ’ਤੇ ਪੱਛਮੀ ਯਮੁਨਾ ਨਹਿਰ ਵਿੱਚ ਨਹਾਉਣ ਗਏ ਇੱਕ ਪਰਿਵਾਰ ਦੇ 8 ਮੈਂਬਰ ਡੁੱਬ ਗਏ । ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਡੂੰਘੇ ਪਾਣੀ ਵਿੱਚੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੰਗਾ ਦੁਸਹਿਰੇ ਦੇ ਮੌਕੇ ’ਤੇ ਯਮੁਨਾਨਗਰ ਦੇ ਬਾਡੀ ਮਾਜਰਾ ਘਾਟ ’ਤੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਇੱਕੋ ਪਰਿਵਾਰ ਦੇ ਅੱਠ ਮੈਂਬਰ ਨਹਾਉਂਦੇ ਸਮੇਂ ਪੱਛਮੀ ਯਮੁਨਾ ਨਹਿਰ ਦੇ ਤੇਜ਼ ਵਹਾਅ ਅਤੇ ਡੂੰਘੇ ਪਾਣੀ ਵਿੱਚ ਡੁੱਬ ਗਏ। ਹਾਦਸੇ ਦਾ ਸ਼ਿਕਾਰ ਹੋਈ ਔਰਤ ਨੀਲਮ ਕਸ਼ਯਪ, ਸ਼ੇਖਰ ਕਸ਼ਯਪ ਅਤੇ ਚਸ਼ਮਦੀਦ ਕਾਂਤਾ ਦੇਵੀ ਨੇ ਦੱਸਿਆ ਕਿ ਜਿਵੇਂ ਹੀ ਪਰਿਵਾਰ ਦੇ ਮੈਂਬਰ ਘਾਟ ’ਤੇ ਨਹਾ ਰਹੇ ਸਨ ਕਿ ਅਚਾਨਕ ਸੰਤੁਲਨ ਵਿਗੜਣ ਕਾਰਨ, ਇੱਕ ਤੋਂ ਬਾਅਦ ਇੱਕ ਸਾਰੇ ਵਿਅਕਤੀ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ । ਇਸ ਸਥਿਤੀ ਨੂੰ ਦੇਖ ਕੇ, ਸਥਾਨਕ ਗੋਤਾਖੋਰ, ਮੰਦਰ ਦੇ ਪੁਜਾਰੀ ਅਤੇ ਉੱਥੇ ਮੌਜੂਦ ਕੁਝ ਰਾਹਗੀਰ ਤੁਰੰਤ ਸਰਗਰਮ ਹੋ ਗਏ। ਉਨ੍ਹਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ। ਲਗਪਗ 15-20 ਮਿੰਟਾਂ ਦੀ ਕੋਸ਼ਿਸ਼ ਮਗਰੋਂ ਸਾਰੇ 8 ਵਿਅਕਤੀਆਂ ਨੂੰ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸਾਰਿਆਂ ਨੂੰ ਯਮੁਨਾਨਗਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਕੁਝ ਲੋਕਾਂ ਦੀ ਹਾਲਤ ਅਜੇ ਨਾਜ਼ੁਕ ਹੈ, ਜਦੋਂਕਿ ਬਾਕੀ ਮੈਂਬਰ ਖ਼ਤਰੇ ਤੋਂ ਬਾਹਰ ਹਨ। ਸਥਾਨਕ ਪ੍ਰਸ਼ਾਸਨ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮੌਕੇ ਦਾ ਮੁਆਇਨਾ ਕੀਤਾ ਅਤੇ ਲੋਕਾਂ ਨੂੰ ਡੂੰਘੇ ਪਾਣੀ ਵਾਲੀਆਂ ਥਾਵਾਂ ’ਤੇ ਇਸ਼ਨਾਨ ਕਰਦੇ ਸਮੇਂ ਸਾਵਧਾਨੀ ਵਰਤਣ ਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।