ਹੱਡਾਰੋੜੀ ਦੀ ਬਦਬੂ ਤੋਂ ਪ੍ਰੇਸ਼ਾਨ ਲੋਕਾਂ ਨੇ ਸੰਸਦ ਮੈਂਬਰ ਮੀਤ ਹੇਅਰ ਨੂੰ ਭੇਜਿਆ ਮੰਗ ਪੱਤਰ
ਹੁਸ਼ਿਆਰ ਸਿੰਘ ਰਾਣੂੰ
ਮਾਲੇਰਕੋਟਲਾ, 9 ਜੁਲਾਈ
ਮਾਲੇਰਕੋਟਲਾ -ਨੌਧਰਾਣੀ ਰੋਡਸਥਿਤ ਮਹੱਲਾ ਗੋਬਿੰਦ ਨਗਰ ਅਤੇ ਗਾਂਧੀ ਨਗਰ ਵਾਸੀਆਂ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਨੌਧਰਾਣੀ ਰੇਲਵੇ ਫਾਟਕ ਨੇੜੇ ਸਥਿਤ ਹੱਡਾਰੋੜੀ ਨੂੰ ਤੁਰੰਤ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਤਬਦੀਲ ਕੀਤਾ ਜਾਵੇ। ਸੂਬਾਈ ਮੁਲਾਜ਼ਮ ਅਤੇ ਟਰੇਡ ਯੂਨੀਅਨ ਆਗੂ ਰਣਜੀਤ ਸਿੰਘ ਰਾਣਵਾਂ ਨੇ ਦੱਸਿਆ ਕਿ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਕੁਝ ਮਹੀਨੇ ਪਹਿਲਾਂ ਪਿੰਡਾਂ ਦੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਹੱਡਾਰੋੜੀ ਨੂੰ ਆਦਮਪਾਲ ਰੋਡ ਤੋਂ ਨੌਧਰਾਣੀ ਰੋਡ ਸਥਿਤ ਰੇਲਵੇ ਫਾਟਕ ਨੇੜੇ ਤਬਦੀਲ ਕਰ ਦਿੱਤੀ ਸੀ। ਇਹ ਹੱਡਾਰੋੜੀ ਰਿਹਾਇਸ਼ੀ ਇਲਾਕੇ ਗੋਬਿੰਦ ਨਗਰ ਅਤੇ ਗਾਂਧੀ ਨਗਰ ਦੇ ਨਜ਼ਦੀਕ ਹੋਣ ਕਰਕੇ ਮੁਰਦਾ ਪਸ਼ੂਆਂ ਦੀ ਬਦਬੂ ਨੇ ਘਰਾਂ ਵਾਲਿਆਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਹੱਡਾਰੋੜੀ ਦੇ ਨੇੜੇ ਹੀ ਸਥਿਤ ਤਾਰਾ ਕਾਨਵੈਂਟ ਸਕੂਲ ਤੱਕ ਅੰਦਰ ਵੀ ਇਸ ਹੱਡਾਰੋੜੀ ਦੀ ਬਦਬੂ ਜਾ ਰਹੀ ਹੈ,ਜੋ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ। ਰੇਲਵੇ ਫਾਟਕ ਬੰਦ ਹੋਣ ਸਮੇਂ ਬਦਬੂ ਕਾਰਨ ਰਾਹਗੀਰਾਂ ਨੂੰ ਫਾਟਕ ਨੇੜੇ ਖੜ੍ਹਨਾ ਦੁੱਭਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਫਾਟਕ ਪਾਰ ਸਨਅਤੀ ਇਕਾਈਆਂ ’ਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਸ੍ਰੀ ਰਾਣਵਾਂ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਫਾਟਕ ਪਾਰ ਦੇ ਫੈਕਟਰੀ ਮਾਲਕਾਂ ਸਮੇਤ ਉਕਤ ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੂੰ ਮੰਗ ਪੱਤਰ ਦੇ ਕੇ ਹੱਡਾਰੋੜੀ ਕਿਸੇ ਹੋਰ ਥਾਂ ’ਤੇ ਤਬਦੀਲ ਕਰਨ ਲਈ ਮੰਗ ਪੱਤਰ ਦਿੱਤਾ ਸੀ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਮੌਕੇ ਵੋਟਾਂ ਮੰਗਣ ਆਏ ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਪਤਨੀ ਅਤੇ ਮੀਤ ਹੇਅਰ ਦੇ ਲੋਕ ਸਭਾ ਚੋਣਾਂ ਦੌਰਾਨ ਮਾਲੇਰਕੋਟਲਾ ਦੇ ਇੰਚਾਰਜ ਗਲੈਕਸੀ ਬਰਾੜ ਦੇ ਵੀ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਸੀ। ਉਕਤ ਦੋਵਾਂ ਨੇ ਚੋਣ ਜ਼ਾਬਤਾ ਖ਼ਤਮ ਹੋਣ ਉਪਰੰਤ ਮਾਮਲੇ ਦਾ ਪੱਕਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਇਸ ਗੰਭੀਰ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਕਤ ਮੁਹੱਲਾ ਵਾਸੀਆਂ ਨੇ ਸੰਸਦ ਮੈਂਬਰ ਮੀਤ ਹੇਅਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਪ੍ਰਤੀ ਨਿੱਜੀ ਧਿਆਨ ਦਿੰਦਿਆਂ ਹੱਡਾਰੋੜੀ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਤਬਦੀਲ ਕੀਤਾ ਜਾਵੇ