ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵੱਲੋਂ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਕਾਲਾਂਵਾਲੀ, 30 ਜੁਲਾਈ
ਪਿੰਡ ਔਢਾਂ ਵਿੱਚ ਰੋਜ਼ਾਨਾ ਲੱਗਦੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਬੀਤੀ ਰਾਤ ਸਿਰਸਾ ਰੋਡ ’ਤੇ ਸਥਿਤ 132 ਕੇਵੀ ਬਿਜਲੀ ਘਰ ਵਿੱਚ ਜਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਿਜਲੀ ਦੇ ਕੱਟ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਤ ਨੂੰ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾ ਕੇ ਵੱਡੀ ਗਿਣਤੀ ’ਚ ਬਿਜਲੀ ਘਰ ਪੁੱਜ ਗਏ। ਬਿਜਲੀ ਘਰ ਵਿੱਚ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਰਾਤ ਸਮੇਂ ਲਾਈਨ ਦੀ ਮੁਰੰਮਤ ਕਰਨ ਦੀ ਹੁੰਦੀ ਹੈ ਜਿੱਥੇ ਕੋਈ ਮੁਲਾਜ਼ਮ ਨਹੀਂ ਹੁੰਦਾ। ਇਹ ਸੁਣ ਕੇ ਪਿੰਡ ਵਾਸੀਆਂ ਨੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਣ ’ਤੇ ਔਢਾਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਪਿੰਡ ਵਾਸੀਆਂ ਨੂੰ ਛੇਤੀ ਹੀ ਕੱਟ ਨਾ ਲੱਗਣ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਪਿੰਡ ਦੇ ਸਾਬਕਾ ਸਰਪੰਚ ਪਲਵਿੰਦਰ ਸਿੰਘ, ਬਲਾਕ ਸਮਿਤੀ ਮੈਂਬਰ ਗੁਰਦੀਪ ਸਿੰਘ ਨੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਕੋਈ ਸਥਾਈ ਕਰਮਚਾਰੀ ਨਹੀਂ ਹੈ। ਫਿਰ ਲੋਕਾਂ ਦੇ ਕਹਿਣ ’ਤੇ ਪਿੰਡ ਦੇ ਕੁਝ ਮੁਲਾਜ਼ਮਾਂ ਨੇ ਸਾਧੂ ਸਿੰਘ ਦੇ ਖੇਤ ’ਚ ਨੁਕਸ ਲੱਭ ਕੇ ਲਾਈਨ ਦੀ ਮੁਰੰਮਤ ਕਰਵਾਈ। ਰਾਤ ਇੱਕ ਵਜੇ ਜਦੋਂ ਬਿਜਲੀ ਸਪਲਾਈ ਸ਼ੁਰੂ ਹੋਈ ਤਾਂ ਪਿੰਡ ਵਾਸੀ ਆਪਣੇ ਘਰਾਂ ਨੂੰ ਪਰਤ ਗਏ।