ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਨਾਲ ਮੀਟਿੰਗ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਗਸਤ
ਕਿਸਾਨਾਂ ਵੱਲੋਂ ਬਣਾਂਵਾਲਾ ਤਾਪਘਰ ਨੂੰ ਜਾਂਦੇ ਰੇਲਵੇ ਟਰੈਕ ਉਪਰ ਜਿਹੜਾ ਰਸਤਾ ਕੱਲ੍ਹ ਟਰੈਕਟਰਾਂ ਰਾਹੀਂ ਬਣਾਉਣਾ ਸ਼ੁਰੂ ਕੀਤਾ ਸੀ, ਉਸ ਮਾਮਲਾ ਵਿੱਚ ਅੱਜ ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੱਲੋਂ ਦਖ਼ਲਅੰਦਾਜ਼ੀ ਕਰਨ ਤੋਂ ਬਾਅਦ ਇੱਕ ਵਾਰ ਪੰਜਾਬ ਕਿਸਾਨ ਯੂਨੀਅਨ ਵੱਲੋਂ ਅੰਦੋਲਨ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਅੰਦੋਲਨ ਮੁਲਤਵੀ ਕਰਨ ਤੋਂ ਪਹਿਲਾਂ ਐੱਸਐੱਸਪੀ ਵੱਲੋਂ ਅੱਜ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੂੰ ਬੁਲਾ ਕੇ ਪੂਰੇ ਮਸਲੇ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਦੋਹਾਂ ਧਿਰਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ ਕਿਹਾ। ਦੇਰ ਸ਼ਾਮ ਤੱਕ ਕਿਸਾਨ ਆਗੂ ਨੇ ਦੋਨਾਂ ਧਿਰਾਂ ਦੀਆਂ ਅਪੀਲਾਂ-ਦਲੀਲਾਂ ਸੁਣਕੇ ਬੇਸ਼ੱਕ ਹੱਲ ਕੱਢਣ ਲਈ ਯਤਨ ਕੀਤੇ ਪਰ ਰੇਲਵੇ ਟਰੈਕ ਦੇ ਹੇਠੋਂ ਦੀ ਲੰਘਦੇ ਇੱਕ ਖਾਲ ਕਾਰਨ ਮਸਲਾ ਵਿਚਾਲੇ ਫ਼ਸ ਗਿਆ ਹੈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀ ਨੇ ਕੁਝ ਦਿਨਾਂ ਲਈ ਅੰਦੋਲਨ ਨੂੰ ਇੱਕ ਵਾਰ ਰੋਕ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਪਿੰਡ ਅਸਪਾਲ ਕੋਠੇ ਦੇ ਖੇਤਾਂ ਵਿੱਚ ਧਰਨਾ ਲਾਕੇ ਤਾਪਘਰ ਨੂੰ ਜਾਂਦੇ ਰੇਲਵੇ ਟਰੈਕ ਉਪਰ ਪਹੀ ਬਣਾਉਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਸੀ। ਅੱਜ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਬੇਸ਼ੱਕ ਸਾਰਾ ਦਿਨ ਰੇਲਵੇ ਟਰੈਕ ਉਪਰ ਮਿੱਟੀ ਪਾਉਣ ਦਾ ਕਾਰਜ ਬੰਦ ਰਿਹਾ ਪਰ ਜਥੇਬੰਦੀ ਵੱਲੋਂ ਲਾਇਆ ਉਥੇ ਧਰਨਾ ਕਾਇਮ ਰਿਹਾ।
ਦੇਰ ਸ਼ਾਮ ਕਿਸਾਨ ਆਗੂ ਰੁਲਦੂ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀ ਨੇ ਰੇਲਵੇ ਟਰੈਕ ਉਪਰ ਮਿੱਟੀ ਪਾਉਣ ਦਾ ਕੰਮ ਅੱਜ ਬੰਦ ਰੱਖਿਆ ਹੈ ਅਤੇ ਦੋਹਾਂ ਧਿਰਾਂ ਵਿਚਕਾਰ ਚਲੇ ਆ ਰਹੇ ਵਿਵਾਦ ਨੂੰ ਨਿਪਟਾਉਣ ਲਈ ਯਤਨ ਕੀਤੇ ਹਨ ਪਰ ਮਸਲਾ ਅਗਲੇ ਦਿਨਾਂ ਤੱਕ ਸੁਲਝਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਸਲੇ ਦੇ ਹੱਲ ਤੱਕ ਰੇਲਵੇ ਟਰੈਕ ਉਪਰ ਮਿੱਟੀ ਪਾਉਣ ਦਾ ਕਾਰਜ ਬੰਦ ਰਹੇਗਾ। ਉਨ੍ਹਾਂ ਦੱਸਿਆ ਕਿ ਤਾਪਘਰ ਦੇ ਅਧਿਕਾਰੀਆਂ ਵੱਲੋਂ ਮਸਲੇ ਦੇ ਹੱਲ ਲਈ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।