ਜ਼ਿਲ੍ਹਾ ਪੁਲੀਸ ਵੱਲੋਂ 10 ਨਸ਼ਾ ਤਸਕਰ ਕਾਬੂ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਜ਼ਿਲ੍ਹਾ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਜ਼ਿਲ੍ਹੇ ਭਰ ’ਚੋਂ 10 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਦੇ ਕਬਜ਼ੇ ਵਿੱਚੋਂ 915 ਗ੍ਰਾਮ ਸਮੈਕ/ਹੈਰੋਇਨ, 8.29 ਲੱਖ ਡਰੱਗ ਮਨੀ ਤੇ 3 ਦੋ ਪਹੀਆ ਵਾਹਨ/ਇਕ ਕਾਰ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਰਜ ਸ਼ਮਿੰਦਰ ਸਿੰਘ ਤੇ ਤ੍ਰਿਪੜੀ ਥਾਣੇ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਵੱਲੋਂ ਐੱਸਪੀ (ਡੀ) ਹਰਮੀਤ ਹੁੰਦਲ ਤੇ ਐੱਸਪੀ ਸਿਟੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਕੀਤੀ ਗਈ ਕਾਰਵਾਈ ਦੌਰਾਨ ਕੱਲ੍ਹ 550 ਗ੍ਰਾਮ ਸਮੈਕ ਅਤੇ 8 ਲੱਖ 29 ਹਜ਼ਾਰ 800 ਰੁਪਏ ਡਰੱਗ ਮਨੀ ਤੇ ਇੱਕ ਸਾਥੀ ਜਗਤਾਰ ਤਾਰਾ ਸਮੇਤ ਗ੍ਰਿਫ਼ਤਾਰ ਕੀਤੇ ਗਏ ਪਰਮਜੀਤ ਪੰਮਾ ਦੀ ਪੁੱਛਗਿੱਛ ਤਹਿਤ ਉਸ ਦੇ ਗਿਰੋਹ ਦੇ ਕਈ ਹੋਰ ਮੈਂਬਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਵਿਸ਼ਵ ਗਰੋਵਰ ਨੰਨੂ ਵਾਸੀ ਪਟਿਆਲਾ, ਹੈਪੀ ਕਨੋਜੀਆ, ਜਤਿੰਦਰ ਸਿੰਘ ਪ੍ਰਿੰਸ ਵਾਸੀ ਜੌੜੀਆਂ ਭੱਠੀਆਂ, ਭੁਪਿੰਦਰ ਸਿੰਘ ਕਾਕਾ ਤੇ ਅੰਮ੍ਰਿਤ ਕੁਮਾਰ ਹਿਮਾਂਸ਼ੂ ਵਾਸੀਆਨ ਨਿਊ ਬਿਸ਼ਨ ਨਗਰ, ਗੁਰਸੇਵਕ ਸਿੰਘ ਸਿੱਧੂ ਵਾਸੀ ਹਰਿਆਣਾ, ਆਲਮ ਖਾਨ ਵਾਸੀ ਚਨਾਗਰਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਨੂੰ ਥਾਣਾ ਤ੍ਰਿਪੜੀ ਦੇ ਇਲਾਕੇ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਸਮੈਕ ਤੇ ਹੋਰ ਵਸਤਾਂ ਬਰਾਮਦ ਹੋਈਆਂ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਖ਼ਿਲਾਫ਼ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ। ਅੰਮ੍ਰਿਤਸਰ ਵਾਸੀ ਇੰਟਰਸਟੇਟ ਨਸ਼ਾ ਤਸਕਰ ਪਾਸੋਂ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।