ਮਾਨਸਾ ’ਚ ਸੀਪੀਐੱਮ ਦਾ ਜ਼ਿਲ੍ਹਾ ਜਥੇਬੰਦਕ ਇਜਲਾਸ ਸਮਾਪਤ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਨਵੰਬਰ
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਮਾਨਸਾ ਦੀ 24ਵੀਂ ਜ਼ਿਲ੍ਹਾ ਜਥੇਬੰਦਕ ਕਾਨਫਰੰਸ ਅੱਜ ਇੱਥੇ ਸਮਾਪਤ ਹੋਈ, ਜਿਸ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣੇ ਗਏ। ਇਸ ਕਾਨਫਰੰਸ ਵਿੱਚ ਜ਼ਿਲ੍ਹੇ ਭਰ ਵਿੱਚੋਂ 50 ਤੋਂ ਵੱਧ ਡੈਲੀਗੇਟ ਸ਼ਾਮਲ ਹੋਏ। ਕਾਨਫਰੰਸ ਦੀ ਪ੍ਰਧਾਨਗੀ ਸੰਤ ਰਾਮ ਬੀਰੋਕੇ, ਘਨੀਸ਼ਾਮ ਨਿੱਕੂ ਅਤੇ ਗੁਰਪ੍ਰੀਤ ਸਿੰਘ ਬਰਨ ਨੇ ਕੀਤੀ। ਆਰੰਭ ਵਿੱਚ ਵਿਛੜੇ ਸਾਥੀਆਂ ਸਮੇਤ ਇਜ਼ਰਾਈਲ ਵੱਲੋਂ ਮਾਰੇ ਨਿਰਦੋਸ਼ ਫ਼ਲਸਤੀਨੀਆਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ। ਕਾਨਫਰੰਸ ਦੌਰਾਨ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਸਾਮਰਾਜ ਦੁਆਰਾ ਸੇਧਤ ਨਵ-ਉਦਾਰਵਾਦੀ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰ ਰਹੀ ਹੈ ਅਤੇ ਹਰ ਵਰਗ ਦੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਭੂਪ ਚੰਦ ਚੰਨੋਂ, ਕਾਮਰੇਡ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸੀਪੀਆਈ (ਐੱਮ) ਵਿੱਚ ਬਰਾਂਚ ਤੋਂ ਲੈ ਕੇ ਕੇਂਦਰੀ ਕਮੇਟੀ ਤੱਕ ਪੂਰੀ ਜਮਹੂਰੀਅਤ ਹੈ। ਕਾਮਰੇਡ ਚੰਨੋਂ ਨੇ 15 ਮੈਂਬਰੀ ਨਵੀਂ ਜ਼ਿਲ੍ਹਾ ਕਮੇਟੀ ਦਾ ਪੈਨਲ ਡੈਲੀਗੇਟ ਹਾਊਸ ਵਿੱਚ ਪੇਸ਼ ਕੀਤਾ, ਜਿਸ ਵਿੱਚ ਤਿੰਨ ਸੀਟਾਂ ਖਾਲੀ ਰੱਖੀਆਂ ਗਈਆਂ, ਜਿਨ੍ਹਾਂ ਵਿੱਚ ਇੱਕ ਔਰਤਾਂ ਲਈ ਰਾਖਵੀਂ ਰੱਖੀ ਗਈ ਹੈ। ਪੈਨਲ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ, ਜਿਸ ਵਿੱਚ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੂੰ ਜ਼ਿਲ੍ਹਾ ਸਕੱਤਰ ਅਤੇ ਅਮਰਜੀਤ ਸਿੰਘ ਸਿੱਧੂ,ਤੇਜਾ ਸਿੰਘ ਹੀਰਕੇ, ਘਨੀਸ਼ਾਮ ਨਿੱਕੂ, ਸੁਰੇਸ਼ ਕੁਮਾਰ ਮਾਨਸਾ, ਹਰਜਿੰਦਰ ਸਿੰਘ ਬਰੇਟਾ, ਜਗਸੀਰ ਸਿੰਘ, ਜਗਦੇਵ ਸਿੰਘ ਢੈਪਈ, ਗੁਰਪ੍ਰੀਤ ਸਿੰਘ ਬਰਨ, ਸੰਤ ਰਾਮ ਬੀਰੋਕੇ, ਮਨਜੀਤ ਕੌਰ, ਪਰਵਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ।