ਪੀਸੀਸੀਟੀਯੂ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਦਰਸ਼ਨ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 4 ਅਕਤੂਬਰ
ਪੰਜਾਬ ਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਨੇ ਅੰਮ੍ਰਿਤਸਰ ਜ਼ਿਲ੍ਹਾ ਕੌਂਸਲ ਵੱਲੋਂ ਜ਼ਿਲ੍ਹਾ ਪੱਧਰ ’ਤੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਪੰਜਾਬ ਵਿੱਚ ਨਿੱਜੀ ਸਹਾਇਤਾ ਪ੍ਰਾਪਤ ਵਾਲੇ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਪ੍ਰਤੀ ਸਰਕਾਰ ਦੀ ਬੇਪਰਵਾਹੀ ਖ਼ਿਲਾਫ਼ ਸੀ।ਇਸ ਪ੍ਰਦਰਸ਼ਨ ਵਿੱਚ ਡੀਏਵੀ ਕਾਲਜ ਅੰਮ੍ਰਿਤਸਰ, ਬੀਬੀਕੇ ਡੀਏਵੀ ਕਾਲਜ, ਖਾਲਸਾ ਕਾਲਜ, ਖਾਲਸਾ ਕਾਲਜ ਫਾਰ ਵਿਮੈਨ, ਖਾਲਸਾ ਕਾਲਜ ਆਫ ਐਜੂਕੇਸ਼ਨ, ਹਿੰਦੂ ਕਾਲਜ, ਐੱਸਐੱਨ ਕਾਲਜ, ਡੀਏਵੀ ਕਾਲਜ ਆਫ ਐਜੂਕੇਸ਼ਨ ਤੇ ਫੇਰੂਮਾਨ ਕਾਲਜ ਰਈਆ ਦਾ ਅਧਿਆਪਕ ਵੀ ਸ਼ਾਮਲ ਸਨ। ਪੀਸੀਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਯਾਦਵ ਨੇ ਅਧਿਆਪਕਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ। ਪ੍ਰਧਾਨ ਡਾ. ਸ੍ਰੀਮਾ ਜੇਤਲੀ ਨੇ ਮੁੱਖ ਮੰਤਰੀ ਦੇ ਫੌਰੀ ਦਖ਼ਲ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਕਾਰਵਾਈ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਯੂਨੀਅਨ ਨੂੰ ਆਉਣ ਵਾਲੇ ਦਿਨਾਂ ਵਿੱਚ ਆਪਣੇ ਅੰਦੋਲਨ ਨੂੰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਪੀਸੀਸੀਟੀਯੂ ਦੇ ਜਨਰਲ ਸੈਕਟਰੀ ਡਾ. ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਸੱਤਵੇਂ ਪੇਅ ਕਮਿਸ਼ਨ ਦੇ ਫਿਕਸੇਸ਼ਨ ਨਾਲ ਸਬੰਧਤ ਫਾਈਲਾਂ 2023 ਤੋਂ ਬਕਾਇਆ ਹਨ। ਉਨ੍ਹਾਂ ਉੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ, ਸੈਕਟਰੀ ਅਤੇ ਉੱਚ ਸਿੱਖਿਆ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਨੋਟੀਫਿਕੇਸ਼ਨ ਦੋ ਸਾਲ ਪਹਿਲਾਂ ਜਾਰੀ ਕੀਤਾ ਗਿਆ ਸੀ। ਡਾ. ਸੇਖੋਂ ਨੇ ਹੋਰ ਵੀ ਮਹੱਤਵਪੂਰਨ ਮੁੱਦਿਆਂ ਅਤੇ ਮੰਗਾਂ ਬਾਰੇ ਵੀ ਚਰਚਾ ਕੀਤੀ।
ਪ੍ਰਦਰਸ਼ਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਅਧਿਆਪਕਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਡਾ. ਹੀਰਾ ਸਿੰਘ, ਡਾ. ਦਲਜੀਤ ਸਿੰਘ, ਡਾ. ਵਿਕਾਸ ਭਾਰਦਵਾਜ, ਪ੍ਰੋ. ਆਸ਼ੂ ਵਿਜ, ਡਾ. ਅਦਿਤੀ ਜੈਨ ਵੀ ਮੌਜੂਦ ਸਨ।