ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਪੱਧਰੀ ਇਜਲਾਸ ਸਮਾਪਤ
ਪੱਤਰ ਪ੍ਰੇਰਕ
ਸ਼ਾਹਕੋਟ, 29 ਅਗਸਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਜਲੰਧਰ ਦਾ ਇਜਲਾਸ ਸਫ਼ਲਤਾਪੂਰਵਕ ਨਜ਼ਦੀਕੀ ਪਿੰਡ ਪੂਨੀਆਂ ਵਿੱਚ ਸਮਾਪਤ ਹੋ ਗਿਆ। ਇਜਲਾਸ ਦਾ ਉਦਘਾਟਨ ਕਰਦਿਆਂ ਸੂਬਾਈ ਆਗੂ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਸੰਘਰਸ਼ ਨਾਲ ਹੀ ਅੜ੍ਹੀ ਭੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮਨਵਾਉਣ ਲਈ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਹਰਿਆਣਾ ਦੀਆਂ ਸਰਹੱਦਾਂ ’ਤੇ ਕਰੀਬ 200 ਦਿਨਾਂ ਤੋਂ ਮੋਰਚੇ ਲਾਏ ਹੋਏ ਹਨ, ਪਰ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਲਗਾਤਾਰ ਅਣਦੇਖਿਆ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੰਗਾਂ ਮਨਵਾਉਣ ਲਈ ਅਗਲੇ 25 ਸਾਲਾਂ ਤੱਕ ਸੰਘਰਸ਼ ਨੂੰ ਚਲਾਉਣ ਦਾ ਦਮ ਰੱਖਦੇ ਹਨ।
ਇਜਲਾਸ ਦੌਰਾਨ ਅਗਲੀ ਮਿਆਦ ਲਈ ਕੀਤੀ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਸਲਵਿੰਦਰ ਸਿੰਘ ਜਾਣੀਆਂ ਤੇ ਗੁਰਮੇਲ ਸਿੰਘ ਰੇੜ੍ਹਵਾਂ ਨੂੰ ਜ਼ਿਲ੍ਹਾ ਪ੍ਰਧਾਨ, ਰਜਿੰਦਰ ਸਿੰਘ ਨੰਗਲ ਅੰਬੀਆਂ ਨੂੰ ਸਕੱਤਰ, ਜਗਦੀਸ਼ ਪਾਲ ਸਿੰਘ ਨੂੰ ਵਿੱਤ ਸਕੱਤਰ, ਹਰਪ੍ਰੀਤ ਸਿੰਘ ਕੋਟਲੀ ਨੂੰ ਪ੍ਰੈੱਸ ਸਕੱਤਰ ਅਤੇ ਨਿਰਮਲ ਸਿੰਘ ਢੰਡੋਵਾਲ, ਜਰਨੈਲ ਸਿੰਘ ਰਾਮੇ, ਸਤਨਾਮ ਸਿੰਘ ਰਾਈਵਾਲ, ਕ੍ਰਿਸ਼ਨ ਦੇਵ ਮਿਆਣੀ, ਸੁਖਪਾਲ ਸਿੰਘ ਰੌਤ, ਗੁਰਮੁੱਖ ਸਿੰਘ ਕੋਟਲਾ, ਸਤਨਾਮ ਸਿੰਘ ਮੰਡਿਆਲਾ, ਪਰਮਜੀਤ ਕੋਰ ਰੇੜ੍ਹਵਾਂ, ਗੁਰਬਖਸ਼ ਕੌਰ ਪੂੰਨੀਆਂ, ਸੁਮਨਪ੍ਰੀਤ ਕੌਰ ਲੋਹੀਆਂ ਤੇ ਦਵਿੰਦਰਜੀਤ ਕੌਰ ਜਲਾਲਪੁਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ। ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਚੁਣੀ ਜ਼ਿਲ੍ਹਾ ਕਮੇਟੀ ਨੂੰ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਦਿੱਲੀ ਏਅਰਪੋਰਟ ’ਤੇ ਤਿੰਨ ਕਿਸਾਨ ਆਗੂਆਂ ਨੂੰ ਰੋਕਣ ਦੀ ਨਿਖੇਧੀ ਦਾ ਮਤਾ ਪਾਸ ਕੀਤਾ। ਉਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ 31 ਅਗਸਤ ਨੂੰ ਵੱਡੀ ਗਿਣਤੀ ’ਚ ਹਰਿਆਣਾ ਦੀਆਂ ਸਰਹੱਦਾਂ ’ਤੇ ਲੱਗੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।