ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ਖੇਡਾਂ ਦਾ ਆਗਾਜ਼
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋ ਗਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਚੱਲ ਰਹੇ ਖੇਡ ਮਹਾਂਕੁੰਭ ਵਿੱਚ ਸੰਗਰੂਰ ਜ਼ਿਲ੍ਹੇ ਦੇ ਸੈਂਕੜੇ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਦੀ ਸ਼ੁਰੂਆਤ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜ਼ਿਲ੍ਹਾ ਖੇਡ ਅਫ਼ਸਰ (ਸੇਵਾਮੁਕਤ) ਯੋਗਰਾਜ ਅਤੇ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਵਲੋਂ ਸ਼ਿਰਕਤ ਕੀਤੀ ਗਈ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਐਥਲੈਟਿਕਸ ਅੰਡਰ-14 (ਲੜਕੇ) ਦੇ ਸ਼ਾਟ-ਪੁੱਟ ਮੁਕਾਬਲੇ ਵਿੱਚ ਰਾਹੁਲਇੰਦਰ ਸਿੰਘ, ਗੁਰਨਮਨ ਸਿੰਘ ਅਤੇ ਰਤਿੰਦਰਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੇ) ਸ਼ਾਟਪੁੱਟ ਵਿੱਚ ਗੁਰਕੀਰਤ ਸਿੰਘ, ਕਮਲਦੀਪ ਸਿੰਘ ਅਤੇ ਅਭਿਨਵ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ-17 (ਲੜਕੇ) 110 ਮੀਟਰ ਅੜਿੱਕਾ ਦੌੜ ਵਿੱਚ ਦਲਜੀਤ ਸਿੰਘ, ਰਾਮਲਖਨ ਸ਼ਰਮਾ ਅਤੇ ਰਾਹੁਲ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਬੈਡਮਿੰਟਨ ਅੰਡਰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸੀਰਤ ਧਾਲੀਵਾਲ ਨੇ ਪਹਿਲਾ, ਜੀਆਂਸ਼ੀ ਸ਼ਰਮਾ ਨੇ ਦੂਸਰਾ, ਨਵਰੋਜ਼ ਅਤੇ ਮਨਸੀਰਤ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 (ਲੜਕੀਆਂ) ਦੇ ਮੁਕਾਬਲੇ ਵਿੱਚ ਤਨਿਸ਼ਕਾ ਨੇ ਪਹਿਲਾ, ਅਗਮਿਆ ਨੇ ਦੂਸਰਾ, ਮੰਨਤ ਅਤੇ ਸੀਜ਼ਾ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੀਆਂ) ਦੇ ਮੁਕਾਬਲੇ ਵਿੱਚ ਇਸ਼ੀਤਾ ਨੇ ਪਹਿਲਾ, ਅਗਰੀਮਾ ਨੇ ਦੂਸਰਾ, ਗੋਪੀਕਾ ਅਤੇ ਹੀਨਾ ਨੇ ਤੀਸਰਾ ਸਥਾਨ ਹਾਸਲ ਕੀਤਾ। ਬਾਕਸਿੰਗ ਅੰਡਰ-14 (ਲੜਕੀਆਂ) ਭਾਰ ਵਰਗ 30-32 ਕਿੱਲੋ ਵਿੱਚ ਖੁਸ਼ਪ੍ਰੀਤ ਕੌਰ ਨੇ ਸੰਦੀਪ ਕੌਰ ਨੂੰ ਅਤੇ ਰੁਕਨਾ ਕੌਰ ਨੇ ਸਹਿਜਦੀਪ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਭਾਰ ਵਰਗ 34-36 ਕਿਲੋ ਵਿੱਚ ਮਨਪ੍ਰੀਤ ਕੌਰ ਘਾਬਦਾ ਨੇ ਗੁਰਨੂਰ ਕੌਰ ਅਤੇ ਪ੍ਰੀਤ ਕੌਰ ਨੇ ਗਗਨਦੀਪ ਕੌਰ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ।
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਖੇਡਾਂ ਦਾ ਆਗਾਜ਼ 21 ਤੋਂ
ਮਾਲੇਰਕੋਟਲਾ (ਨਿੱਜੀ ਪੱਤਰ ਪੇਰਕ): ਮਾਲੇਰਕੋਟਲਾ ਜ਼ਿਲ੍ਹੇ ਵਿੱਚ 21 ਸਤੰਬਰ ਤੋਂ 24 ਸਤੰਬਰ 2024 ਤੱਕ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕਰਵਾਈਆਂ ਜਾਣ ਵਾਲੀਆਂ ਖੇਡਾਂ ਦੀਆਂ ਅਗਾਊਂ ਤਿਆਰੀਆਂ ਨੂੰ ਲੈ ਕੇ ਸੱਦੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ 21 ਸਤੰਬਰ 2024 ਨੂੰ ਸਥਾਨਕ ਡਾ. ਜ਼ਾਕਿਰ ਹੁਸੈਨ ਖੇਡ ਸਟੇਡੀਅਮ ਤੋਂ ਕੀਤਾ ਜਾਵੇਗਾ।