ਜ਼ਿਲ੍ਹਾ ਪੱਧਰੀ ਬਾਲ ਮੁਕਾਬਲੇ ਸ਼ੁਰੂ
ਪੱਤਰ ਪ੍ਰੇਰਕ
ਫਰੀਦਾਬਾਦ, 14 ਅਕਤੂਬਰ
ਹਰਿਆਣਾ ਬਾਲ ਕਲਿਆਣ ਪ੍ਰੀਸ਼ਦ ਦੀ ਸਰਪ੍ਰਸਤੀ ਹੇਠ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਜ਼ਿਲ੍ਹਾ ਬਾਲ ਕਲਿਆਣ ਪ੍ਰੀਸ਼ਦ ਵਿਕਰਮ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਬਾਲ ਉਤਸਵ 2024 ਦੇ ਮੌਕੇ ਬਾਲ ਭਵਨ ਐੱਨਆਈਟੀ ਦੇ ਆਡੀਟੋਰੀਅਮ ਵਿੱਚ ਮੁਕਾਬਲੇ ਕਰਵਾਏ ਗਏ। ਅੱਜ ਪਹਿਲੇ ਦਿਨ ਸੋਲੋ ਡਾਂਸ, ਫੈਂਸੀ ਡਰੈੱਸ, ਗਰੁੱਪ ਡਾਂਸ ਅਤੇ ਬੈਸਟ ਡਰਾਮੇਬਾਜ਼ ਦਾ ਆਯੋਜਨ ਕੀਤਾ ਗਿਆ। ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਸ਼ਾਖਾ-ਫਰੀਦਾਬਾਦ ਵੱਲੋਂ 14 ਤੋਂ 19 ਅਕਤੂਬਰ ਤੱਕ ਬਾਲ ਦਿਵਸ ਮੁਕਾਬਲੇ ਕਰਵਾਏ ਜਾ ਰਹੇ ਹਨ। ਲੇਖਾਕਾਰ ਉਦੈ ਚੰਦ ਨੇ ਦੱਸਿਆ ਕਿ ਬਾਲ ਦਿਵਸ ਮੌਕੇ 46 ਗਰੁੱਪਾਂ ਵਿੱਚ 21 ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਮੁਕਾਬਲੇ ਜ਼ਿਲ੍ਹਾ ਪੱਧਰ ’ਤੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਜ਼ੋਨਲ ਪੱਧਰ ਦੇ ਮੁਕਾਬਲਿਆਂ ਵਿੱਚ ਪਹਿਲੇ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੇ ਬੱਚੇ ਹਿੱਸਾ ਲੈਣਗੇ। ਅੱਜ 150 ਦੇ ਕਰੀਬ ਸਕੂਲੀ ਬੱਚਿਆਂ ਨੇ ਹਿੱਸਾ ਲਿਆ।
ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਵੱਡਾ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਨਿਖਾਰਨਾ ਹੈ।
ਅੱਜ ਹੋਣ ਵਾਲੇ ਮੁਕਾਬਲੇ
15 ਅਕਤੂਬਰ ਨੂੰ ਗਰੁੱਪ 2 ਦੇ ਸੋਲੋ ਡਾਂਸ, ਸੋਲੋ ਗੀਤ, ਦੇਸ਼ ਭਗਤੀ ਦੇ ਗਰੁੱਪ ਗੀਤ, ਗਰੁੱਪ ਡਾਂਸ, ਬੈਸਟ ਡਰਾਮੇਬਾਜ਼ ਅਤੇ ਗਰੁੱਪ 2, 3 ਅਤੇ 4 ਦੇ ਕੁਇਜ਼ ਵੀ ਕਰਵਾਏ ਜਾਣਗੇ।