ਸੰਕੇਤਕ ਭਾਸ਼ਾ ਬਾਰੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ
ਪੱਤਰ ਪ੍ਰੇਰਕ
ਮਾਨਸਾ, 9 ਨਵੰਬਰ
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸੰਕੇਤਕ ਭਾਸ਼ਾ ਸੁਣਨ ਤੇ ਬੋਲਣ ਤੋਂ ਅਸਮਰੱਥ ਵਿਅਕਤੀਆਂ ਦੁਆਰਾ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਹਾਈ ਹੈ। ਉਹ ਅੱਜ ਇਥੇ ਅੰਤਰਰਾਸ਼ਟਰੀ ਸੰਕੇਤਕ ਭਾਸ਼ਾ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ ਦੌਰਾਨ ਸੰਬੋਧਨ ਕਰ ਰਹੇ ਸਨ। ਵਿਧਾਇਕ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਵਿਅਕਤੀਆਂ ਦੀ ਜ਼ਿੰਦਗੀ ਵਿਚ ਵੱਖ-ਵੱਖ ਖਿੱਤੇ ਅਨੁਸਾਰ ਬੋਲੀ ਦਾ ਅਹਿਮ ਰੋਲ ਹੈ, ਉਸੇ ਤਰ੍ਹਾਂ ਬੋਲਣ ਤੇ ਸੁਣਨ ਤੋਂ ਅਸਮਰੱਥ ਵਿਅਕਤੀਆਂ ਲਈ ਸੰਕੇਤਕ ਭਾਸ਼ਾ ਅਹਿਮ ਯੋਗਦਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਵਿਅਕਤੀਆਂ ਨਾਲ ਅਪਣੱਤ ਤੇ ਸਹਿਯੋਗ ਵਾਲਾ ਰਵੱਈਆ ਰੱਖਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਵਿਚਰਦਿਆਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਪਣ ਮਹਿਸੂਸ ਨਾ ਹੋਵੇ।
ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਸੁਣਨ ਬੋਲਣ ਤੋਂ ਅਸਮਰੱਥ ਵਿਅਕਤੀਆਂ ਦੀ ਸੰਕੇਤਕ ਭਾਸ਼ਾ ਦਾ ਹਰ ਵਿਅਕਤੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਗਿਆਨ ਹੋਣਾ ਜ਼ਰੂਰੀ ਹੈ ਤਾਂ ਜੋ ਗੂੰਗੇ ਅਤੇ ਬੋਲੇ ਬੱਚਿਆਂ/ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਜਾ ਸਕੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।