ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ
ਪੱਤਰ ਪ੍ਰੇਰਕ
ਫਰੀਦਾਬਾਦ, 6 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਸਮਾਪਤ ਹੋਣ ਮਗਰੋਂ ਜ਼ਿਲ੍ਹੇ ਦੇ ਸਾਰੇ 6 ਵਿਧਾਨ ਸਭਾ ਹਲਕਿਆਂ ਲਈ ਬਣਾਏ ਗਏ ਗਿਣਤੀ ਕੇਂਦਰਾਂ ’ਚ ਈਵੀਐਮਜ਼ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡੀਸੀ ਵਿਕਰਮ ਸਿੰਘ ਨੇ ਅੱਜ ਫਰੀਦਾਬਾਦ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਬਣਾਏ ਗਏ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ ਅਤੇ ਵੋਟਾਂ ਦੀ ਗਿਣਤੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਡੀਸੀ ਵਿਕਰਮ ਸਿੰਘ ਨੇ ਸੁਸ਼ਮਾ ਸਵਰਾਜ ਸਰਕਾਰੀ ਕਾਲਜ ਕੈਂਪਸ ਸਮੇਤ ਬੱਲਭਗੜ੍ਹ ਹਲਕੇ ਦੇ ਸਟਰਾਂਗ ਰੂਮਾਂ ’ਚ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਈਵੀਐਮਜ਼ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਵੱਲੋਂ ਤਿੰਨ ਪੱਧਰੀ ਸੁਰੱਖਿਆ ਤਹਿਤ ਈਵੀਐਮ ਮਸ਼ੀਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਟਰਾਂਗ ਰੂਮ ਵਿੱਚ ਰੱਖੀਆਂ ਈਵੀਐਮਜ਼ ਦੀ ਬਾਹਰੀ ਪਰਤ ਸਮੇਤ ਹਰ ਪੱਧਰ ’ਤੇ ਸੀਸੀਟੀਵੀ ਲਗਾਏ ਗਏ ਹਨ ਅਤੇ ਪੂਰੀ ਰਿਕਾਰਡਿੰਗ ਵੀ ਕੀਤੀ ਜਾ ਰਹੀ ਹੈ। ਚੋਣ ਏਜੰਟਾਂ ਦੇ ਬੈਠਣ ਦੇ ਵੀ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਸਬੰਧਤ ਉਮੀਦਵਾਰ ਜਾਂ ਚੋਣ ਏਜੰਟ ਮੁੱਖ ਗੇਟ ’ਤੇ ਲਗਾਈ ਗਈ ਐੱਲਈਡੀ ਸਕਰੀਨ ’ਤੇ ਸੀਸੀਟੀਵੀ ਰਾਹੀਂ ਨਿਗਰਾਨੀ ਦੇ ਪ੍ਰਬੰਧ ਦੇਖ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਖੇਤਰ ਡੀਏਵੀ ਸਕੂਲ ਸੈਕਟਰ-14 ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਬੱਲਭਗੜ੍ਹ ਹਲਕੇ ਦੀ ਸ੍ਰੀਮਤੀ ਸੁਸ਼ਮਾ ਸਵਰਾਜ ਕਾਲਜ , ਬੜਖਲ ਹਲਕੇ ਦੀ ਦੌਲਤ ਰਾਮ ਧਰਮਸ਼ਾਲਾ ਫਰੀਦਾਬਾਦ, ਐਨਆਈਟੀ ਖੇਤਰ ਦੀ ਲਖਾਨੀ ਧਰਮਸ਼ਾਲਾ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਪ੍ਰਿਥਲਾ ਹਲਕੇ ਦੀ ਪੰਜਾਬੀ ਭਵਨ ਅਤੇ ਤਿਗਾਂਵ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਗੁਜਰ ਭਵਨ ਵਿਖੇ ਹੋਵੇਗੀ।
ਸ਼ਾਰਦਾ ਰਾਠੌਰ ਦੇ ਸਮਰਥਕਾਂ ਵੱਲੋਂ ਹੰਗਾਮਾ
ਫਰੀਦਾਬਾਦ (ਪੱਤਰ ਪ੍ਰੇਰਕ): ਬੱਲਭਗੜ੍ਹ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅਤੇ ਦੋ ਵਾਰ ਵਿਧਾਇਕ ਰਹੇ ਸ਼ਾਰਦਾ ਰਾਠੌਰ ਦੇ ਸਮਰਥਕਾਂ ਨੇ ਕੱਲ੍ਹ ਦੇਰ ਸ਼ਾਮ ਸ੍ਰੀਮਤੀ ਸੁਸ਼ਮਾ ਸਵਰਾਜ ਮਹਿਲਾ ਕਾਲਜ ਦੇ ਸਟਰਾਂਗ ਰੂਮ ਵਿੱਚ ਵੀਵੀਪੀਏਟੀ ਦਾ ਸੈੱਟ ਰੱਖਣ ਲਈ ਆ ਰਹੀ ਬੱਸ ਨੂੰ ਰੋਕ ਕੇ ਹੰਗਾਮਾ ਕੀਤਾ। ਗਿਣਤੀ ਕੇਂਦਰ ’ਤੇ ਹੰਗਾਮਾ ਸ਼ਾਂਤ ਕਰਨ ਲਈ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ। ਜਾਣਕਾਰੀ ਅਨੁਸਾਰ ਸੁਸ਼ਮਾ ਸਵਰਾਜ ਮਹਿਲਾ ਕਾਲਜ ਦੇ ਸਟਰਾਂਗ ਰੂਮ ਵਿੱਚ ਦੋ ਬੱਸਾਂ ਪੋਲਿੰਗ ਕੇਂਦਰਾਂ ਤੋਂ ਈਵੀਐਮ, ਵੀਵੀਪੀਏਟੀ ਅਤੇ ਹੋਰ ਚੋਣ ਸਮੱਗਰੀ ਇਕੱਠੀ ਕਰਨ ਲਈ ਆ ਰਹੀਆਂ ਸਨ। ਦੱਸਿਆ ਜਾਂਦਾ ਹੈ ਕਿ ਜਦੋਂ ਚੋਣ ਵਰਕਰਾਂ ਨੇ ਰਸਤੇ ਵਿੱਚ ਆਪਸ ਵਿੱਚ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਕਿ ਗਲਤੀ ਨਾਲ ਵੀਵੀਪੈਟ ਦੇ ਦੋ ਸੈੱਟ ਇੱਕੋ ਬੱਸ ਵਿੱਚ ਰੱਖੇ ਰਹਿ ਗਏ ਸਨ, ਜਦੋਂਕਿ ਹਰ ਈਵੀਐਮ ਨਾਲ ਵੀਵੀਪੀਏਟੀ ਰੱਖੇ ਜਾਣੇ ਸਨ। ਇਸ ਮੁੱਦੇ ਨੂੰ ਲੈ ਵਰਕਰਾਂ ਨੇ ਹੰਗਾਮਾ ਕਰ ਦਿੱਤਾ ਜਿਸ ਮਗਰੋਂ ਪੁਲੀਸ ਨੂੰ ਉਨ੍ਹਾਂ ਵਰਕਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਵੀ ਕਰਨਾ ਪਿਆ।