ਗ੍ਰੀਨ ਜ਼ੋਨ ਵਿੱਚ ਸ਼ਾਮਲ ਹੋਇਆ ਜ਼ਿਲ੍ਹਾ ਬਰਨਾਲਾ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 25 ਜੂਨ
ਜ਼ਿਲ੍ਹਾ ਬਰਨਾਲਾ ਆਪਣੇ 122 ਪਿੰਡਾਂ ਵਿੱਚੋਂ 25 ਫ਼ੀਸਦ ਨੂੰ ਖੁੱਲ੍ਹੇ ਵਿੱਚ ਪਖਾਨਾ ਜਾਣ ਤੋਂ ਮੁਕਤ ਪਲੱਸ (ਓਡੀਐਫ ਪਲੱਸ) ਐਲਾਨ ਕੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਦੇ ਗ੍ਰੀਨ ਜ਼ੋਨ ਵਿੱਚ ਦਾਖਲ ਹੋਣ ਵਾਲਾ ਰਾਜ ਦਾ ਚੌਥਾ ਜ਼ਿਲ੍ਹਾ ਬਣ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਜਲ ਸਰੋਤ ਅਤੇ ਵਾਤਾਵਰਨ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਇਹ ਪ੍ਰਸ਼ੰਸਾ ਪੱਤਰ ਸਵੱਛ ਵਾਤਾਵਰਨ ਨੂੰ ਯਕੀਨੀ ਬਣਾਉਣ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਸਿੰਜਾਈ ਲਈ ਸੋਧੇ ਹੋਏ ਪਾਣੀ ਦੀ ਵਰਤੋਂ ਨੂੰ ਸਮਰੱਥ ਬਣਾਉਣ ਵਿੱਚ ਕਾਫੀ ਮਦਦ ਕਰੇਗਾ। ਸਵੱਛ ਭਾਰਤ ਮਿਸ਼ਨ ਫੇਜ਼-1 ਅਧੀਨ ਘਰਾਂ ‘ਚ ਪਖਾਨੇ ਬਣਾਉਣ ਅਤੇ ਉਨ੍ਹਾਂ ਦੀ ਵਰਤੋਂ ‘ਤੇ ਸਰਵੇਖਣ ਕੀਤਾ ਗਿਆ ਸੀ। ਹੁਣ ਇਸ ਪ੍ਰਾਜੈਕਟ ਦੇ ਫੇਜ਼ 2 ਤਹਿਤ ਜਨਤਕ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਉਦੇਸ਼ ਸਾਲ 2024 ਤੱਕ ਰਾਜ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨਾ ਹੈ। ਇਸ ਦੇ ਲਈ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹਿਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ 25 ਫੀਸਦੀ ਪਿੰਡਾਂ ਨੂੰ ਓਡੀਐੱਫ ਘੋਸ਼ਿਤ ਕਰਨ। ਇਸ ਸਾਲ ਅਪਰੈਲ ਵਿੱਚ ਸੰਗਰੂਰ ਇਸ ਟੀਚੇ ਨੂੰ ਪ੍ਰਾਪਤ ਕਰਨ ਵਾਲਾ ਪਹਿਲਾ ਜ਼ਿਲ੍ਹਾ ਬਣਿਆ ਸੀ ਅਤੇ ਇਸ ਤੋਂ ਬਾਅਦ ਬਠਿੰਡਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ਸਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਅੱਗੇ ਕਿਹਾ ਕਿ ਬਰਨਾਲਾ ਨੂੰ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਪਿੰਡ ਪੱਧਰ ‘ਤੇ ਬੁਨਿਆਦੀ ਢਾਂਚਾ ਤਿਆਰ ਕਰਨ ਦਾ ਟੀਚਾ ਦਿੱਤਾ ਗਿਆ ਸੀ।