ਚਾਰ ਦਰਜਨ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਸਤੰਬਰ
ਹਰ ਵੇਲੇ ਲੋੜਵੰਦ ਲੋਕਾਂ ਦੀ ਮਦਦ ਲਈ ਯਤਨਸ਼ੀਲ ਨਰ ਨਰਾਇਣ ਸੇਵਾ ਸਮਿਤੀ ਵੱਲੋਂ 48 ਲੋੜਵੰਦ ਪਰਿਵਾਰਾਂ ਨੂੰ ਮੁਫਤ ਮਹੀਨਾਵਾਰ ਰਾਸ਼ਨ ਵੰਡਣ ਦੀ ਯੋਜਨਾ ਤਹਿਤ ਸਤੰਬਰ ਮਹੀਨੇ ਦਾ ਰਾਸ਼ਨ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਮੈਦਾਨ ਵਿਚ ਵੰਡਿਆ ਗਿਆ। ਨਰ ਨਰਾਇਣ ਸੇਵਾ ਸਮਿਤੀ ਦੇ ਸੰਸਥਾਪਕ ਮੁਨੀਸ਼ ਭਾਟੀਆ ਨੇ ਦੱਸਿਆ ਕਿ ਸਮਿਤੀ ਪਿਛਲੇ 14 ਸਾਲਾਂ ਤੋਂ ਲਗਾਤਾਰ ਹਰ ਮਹੀਨੇ ਮੁਫਤ ਰਾਸ਼ਨ ਵੰਡਣ ਦਾ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਿਤੀ ਡੋਨਰ ਮੈਂਬਰਾਂ ਤੇ ਦਾਨੀ ਸੱਜਣਾਂ ਵਲੋਂ ਭੇਜੇ ਜਾ ਰਹੇ ਸਹਿਯੋਗ ਨਾਲ ਸਮਿਤੀ ਵੱਲੋਂ ਆਰੰਭੇ ਲੋਕ ਸੇਵਾ ਕਾਰਜ ਜਿਵੇਂ ਬਿਨਾਂ ਪਿਤਾ ਦੇ ਜ਼ਰੂਰਤਮੰਦ ਬੱਚਿਆਂ ਦੀ ਪੜ੍ਹਾਈ, ਬਿਨਾਂ ਪਿਤਾ ਲੜਕੀਆਂ ਦੇ ਵਿਆਹ, ਲੋੜਵੰਦਾਂ ਦਾ ਇਲਾਜ ਤੇ ਦਵਾਈਆਂ ਲਈ ਮਦਦ, ਅਪਾਹਜਾਂ ਨੂੰ ਉਪਕਰਣ ਮੁਹੱਈਆ ਕਰਾਉਣਾ ਆਦਿ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੋਈ ਵੀ ਲੋੜਵੰਦ ਜੋ ਸਮਿਤੀ ਤੋਂ ਮਦਦ ਮੰਗਦਾ ਹੈ ਤਾਂ ਸ਼ਰਤਾਂ ਪੂਰੀਆਂ ਕਰ ਕੇ ਉਸ ਦੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮਿਤੀ ਦਾ ਹਰ ਵੇਲੇ ਸੰਭਵ ਯਤਨ ਹੁੰਦਾ ਹੈ ਕਿ ਜਿਸ ਤਰ੍ਹਾਂ ਵੀ ਹੋ ਸਕੇ ਹਰ ਲੋੜਵੰਦ ਦੀ ਮਦਦ ਹੋ ਸਕੇ। ਇਸ ਮੌਕੇ ਸਮਿਤੀ ਦੇ ਆਗੂਆਂ ਨੇ ਕਿਹਾ ਕਿ ਜੇ ਕਿਸੇ ਸੱਜਣ ਨੂੰ ਜ਼ਰੂਰਤਮੰਦ ਬਾਦੇ ਪਤਾ ਲਗਦਾ ਹੈ ਤਾਂ ਉਹ ਸਮਿਤੀ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇਵੇ। ਇਸ ਮੌਕੇ ਹਰੀਸ਼ ਵਿਰਮਾਨੀ, ਚੇਅਰਮੈਨ ਰਾਕੇਸ਼ ਮੁਲਤਾਨੀ, ਸ੍ਰਪ੍ਰਸਤ ਸੁਸ਼ੀਲ ਠੁਕਰਾਲ, ਸਕੱਤਰ ਵਿਨੋਦ ਅਰੋੜਾ, ਮੈਨੇਜਰ ਕਰਨੈਲ ਸਿੰਘ ਮੌਜੂਦ ਸਨ।