ਟੀਬੀ ਦੇ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਵੰਡੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਮੇਰੀ ਉਡਾਨ ਵੈਲਫੇਅਰ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਡੀਐਮ ਕਲੋਨੀ ਚੰਡੀਗੜ੍ਹ ਵਿਖੇ ਟੀਬੀ ਦੇ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਵੰਡੀਆਂ ਗਈਆਂ। ਇਨ੍ਹਾਂ ਮਰੀਜ਼ਾਂ ਨੂੰ ਜਥੇਬੰਦੀ ਨੇ ਛੇ ਮਹੀਨੇ ਪਹਿਲਾਂ ਗੋਦ ਲਿਆ ਸੀ ਅਤੇ ਛੇ ਮਹੀਨਿਆਂ ਦੌਰਾਨ ਇਨ੍ਹਾਂ ਮਰੀਜ਼ਾਂ ਨੂੰ ਸਿਹਤਮੰਦ ਭੋਜਨ ਮੁਹੱਈਆ ਕਰਵਾਇਆ ਗਿਆ ਤਾਂ ਜੋ ਉਹ ਆਪਣੀ ਬਿਮਾਰੀ ਤੋਂ ਜਲਦੀ ਉੱਭਰ ਸਕਣ।
ਮੇਰੀ ਉਡਾਨ ਵੈੱਲਫੇਅਰ ਫਾਊਂਡੇਸ਼ਨ ਚੰਡੀਗੜ੍ਹ ਦੀ ਸੰਸਥਾਪਕ ਮੋਨਾ ਘਾਰੂ ਨੇ ਕਿਹਾ ਕਿ ਟੀਬੀ ਇਕ ਅਜਿਹੀ ਨਾ ਮੁਰਾਦ ਬਿਮਾਰੀ ਹੈ, ਜਿਸ ਵਿੱਚ ਮਰੀਜ਼ ਨੂੰ ਸਹੀ ਖੁਰਾਕ ਨਾ ਮਿਲਣ ਕਰ ਕੇ ਉਸ ਦੀ ਹਾਲਤ ਵਿਗੜਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਹੀ ਸਮੇਂ ‘ਤੇ ਖੁਰਾਕ ਮੁਹੱਈਆ ਕਰਵਾਈ ਜਾਵੇ ਤਾਂ ਉਸ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ। ਅੱਜ ਇਹ ਖੁਰਾਕ ਕਿੱਟਾਂ ਕ੍ਰਾਈਮ ਬਿਊਰੋ ਇਨਵੈਸਟੀਗੇਸ਼ਨ ਟਰੱਸਟ ਦੇ ਡਾਇਰੈਕਟਰ ਡਾ. ਸਤੀਸ਼ ਗਰਗ ਤੇ ਭਾਰਤ ਵਿਕਾਸ ਪਰਿਸ਼ਦ ਦੇ ਦੀਪਕ ਮਿੱਤਲ ਸਣੇ ਹੋਰ ਦਾਨੀਆਂ ਦੇ ਸਹਿਯੋਗ ਨਾਲ ਵੰਡੀਆਂ ਗਈਆਂ। ਮੋਨਾ ਘਾਰੂ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।