ਵਾਤਾਵਰਨ ਬਚਾਉਣ ਲਈ ਲੋਕਾਂ ਨੂੰ ਕੱਪੜੇ ਦੇ ਝੋਲੇ ਵੰਡੇ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 6 ਜੂਨ
ਵਿਸ਼ਵ ਵਾਤਾਵਰਨ ਦਿਵਸ ਮੌਕੇ ਗੁਰੂ ਨਾਨਕ ਕਾਲਜ ਦੇ ਈਕੋ ਐਂਡ ਗੋ ਗ੍ਰੀਨ ਕਲੱਬ ਵੱਲੋਂ ‘ਆਨਲਾਈਨ ਸਲੋਗਨ-ਕਮ-ਪੋਸਟਰ ਮੁਕਾਬਲਾ’ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਸੁੰਦਰ ਪੋਸਟਰ ਬਣਾਏ। ਧਰਤੀ ਮਾਂ ਦੀ ਰੱਖਿਆ ਲਈ ਇਸ ਮੁਕਾਬਲੇ ਵਿੱਚ ਖੁਸ਼ੀ ਬੀਐਸਸੀ ਨੌਨ ਮੈਡੀਕਲ ਨੇ ਪਹਿਲਾ ਅਤੇ ਮਹਿਕ ਬੀਕਾਮ ਨੇ ਦੂਜਾ, ਅਰਸ਼ਪ੍ਰੀਤ ਬੀਐਸਸੀ ਨੌਨ ਮੈਡੀਕਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਡਾ. ਸੁਖਵਿੰਦਰ ਕੌਰ ਨੇ ਕਿਹਾ ਕਿ ਧਰਤੀ ਇਸ ਸਮੇਂ ਮਨੁੱਖੀ ਗਤੀਵਿਧੀਆਂ ਕਾਰਨ ਬਹੁਤ ਸਾਰੀਆਂ ਮੌਸਮੀ ਆਫ਼ਤਾਂ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ। ਪ੍ਰਿੰਸੀਪਲ ਡਾ. ਰਾਣਾ ਬਲਜਿੰਦਰ ਕੌਰ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਐਡਵੋਕੇਟ ਅਨੁਰਾਗ ਰਾਹੁਲ ਤੇ ਉਨ੍ਹਾਂ ਦੇ ਸਾਥੀਆਂ ਨੇ ਕੱਪੜੇ ਦੇ ਝੋਲੇ ਬਣਾ ਕੇ ਸਬਜ਼ੀ ਮੰਡੀ ਵਿੱਚ ਵੰਡੇ। ਉਨ੍ਹਾਂ ਕਿਹਾ ਕਿ ਜੇਕਰ ਮੋਮੀ ਲਿਫਾਫਿਆਂ ਦੀ ਵਰਤੋਂ ਘੱਟ ਜਾਵੇ ਤਾਂ ਇਸ ਨਾਲ ਵਾਤਾਵਰਣ ’ਚ ਸ਼ੁੱਧੀ ਆਵੇਗੀ। ਇਸ ਵਾਸਤੇ ਹਰ ਵਿਅਕਤੀ ਨੂੰ ਕੱਪੜੇ ਦੇ ਝੋਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।