ਸਹੁਰਿਆਂ ਤੋਂ ਪ੍ਰੇਸ਼ਾਨ ਵਿਆਹੁਤਾ ਵੱਲੋਂ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਤਰਨ ਤਾਰਨ, 31 ਜੁਲਾਈ
ਪਿੰਡ ਰੱਤੋਕੇ ਵਿੱਚ ਇੱਕ 22 ਸਾਲਾ ਵਿਆਹੁਤਾ ਨੇ ਦਾਜ ਕਾਰਨ ਸਹੁਰਿਆਂ ਵੱਲੋਂ ਕੀਤੀ ਜਾਂਦੀ ਕੁੱਟਮਾਰ ਤੋਂ ਤੰਗ ਆ ਕੇ ਘਰ ਵਿੱਚ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕਾ ਦੀ ਸ਼ਨਾਖਤ ਕੰਵਲਜੀਤ ਕੌਰ ਵਜੋਂ ਹੋਈ ਹੈ| ਉਸ ਦਾ ਵਿਆਹ ਅਜੇ ਪਿਛਲੇ ਸਾਲ ਹੀ ਰੱਤੋਕੇ ਵਾਸੀ ਇੰਦਰਜੀਤ ਸਿੰਘ ਨਾਲ ਹੋਇਆ ਸੀ| ਉਸ ਕੋਲ ਇੱਕ ਚਾਰ ਮਹੀਨੇ ਦਾ ਲੜਕਾ ਵੀ ਹੈ| ਉਹ ਆਪਣੇ ਪੇਕਿਆਂ ਨੂੰ ਆਪਣੇ ਪਤੀ ਇੰਦਰਜੀਤ ਸਿੰਘ, ਸਹੁਰਾ ਭਾਗ ਸਿੰਘ ਅਤੇ ਸੱਸ ਪਰਮਜੀਤ ਕੌਰ ਵੱਲੋਂ ਦਾਜ ਕਾਰਨ ਕੁੱਟਮਾਰ ਕਰਨ ਦੀ ਸ਼ਿਕਾਇਤ ਕਰਦੀ ਰਹਿੰਦੀ ਸੀ|
ਉਸ ਨੂੰ ਅਜੇ ਹਫਤਾ ਪਹਿਲਾਂ ਹੀ ਪਤਵੰਤਿਆਂ ਨੇ ਸਮਝੌਤਾ ਕਰਵਾ ਕੇ ਸਹੁਰੇ ਘਰ ਭੇਜਿਆ ਸੀ| ਉਸ ਨੇ ਸਵੇਰੇ ਉਸ ਦੇ ਪਤੀ, ਸਹੁਰੇ ਅਤੇ ਸੱਸ ਵੱਲੋਂ ਕੀਤੀ ਗਈ ਕੁੱਟਮਾਰ ਦੀ ਜਾਣਕਾਰੀ ਆਪਣੇ ਪੇਕੇ ਦਿੱਤੀ ਸੀ| ਚੋਹਲਾ ਸਾਹਿਬ ਪੁਲੀਸ ਨੇ ਮ੍ਰਿਤਕਾ ਦੇ ਪਤੀ ਇੰਦਰਜੀਤ ਸਿੰਘ, ਸਹੁਰਾ ਭਾਗ ਸਿੰਘ ਅਤੇ ਸੱਸ ਪਰਮਜੀਤ ਕੌਰ ਖਿਲਾਫ਼ ਬੀ ਐੱਸ ਐਨ ਦੀ ਦਫ਼ਾ 80 (2) ਤੇ 61 ਅਧੀਨ ਕੇਸ ਦਰਜ ਕੀਤਾ ਹੈ| ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕੀਤਾ ਗਿਆ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅਜੇ ਫ਼ਰਾਰ ਚੱਲ ਰਹੇ ਹਨ|