ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਖ਼ੁਦਕੁਸ਼ੀ

08:32 AM Aug 23, 2024 IST
ਰੇਲਗੱਡੀ ਅੱਗੇ ਛਾਲ ਮਾਰਨ ਵਾਲਿਆਂ ਦੀ ਪੁਰਾਣੀ ਤਸਵੀਰ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 22 ਅਗਸਤ
ਪਿੰਡ ਘੁੰਗਰਾਣਾ ਦੇ ਇੱਕ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ ਤਿੰਨ ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ। ਇਸ ਪਰਿਵਾਰ ਦੇ ਪਤੀ, ਪਤਨੀ ਤੇ ਉਨ੍ਹਾਂ ਦੇ ਨੌਂ ਸਾਲਾ ਪੁੱਤਰ ਨੇ ਬੀਤੀ ਰਾਤ ਅਹਿਮਦਗੜ੍ਹ-ਲੁਧਿਆਣਾ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾਂ ਵਿੱਚ ਪਰਿਵਾਰ ਦਾ ਮੁਖੀ ਸੁਖਪਾਲ ਸਿੰਘ (35), ਉਸ ਦੀ ਪਤਨੀ ਸੁਖਦੀਪ ਕੌਰ (32) ਅਤੇ ਪੁੱਤਰ ਬਲਜੋਤ ਸਿੰਘ (9) ਸ਼ਾਮਲ ਹਨ। ਪਰਿਵਾਰਕ ਸੂਤਰਾਂ ਅਨੁਸਾਰ ਇਸ ਪਰਿਵਾਰ ਕੋਲ ਸਿਰਫ਼ ਦੋ ਏਕੜ ਜ਼ਮੀਨ ਸੀ ਤੇ ਗੁਜ਼ਾਰਾ ਨਾ ਹੋਣ ਤੋਂ ਬਾਅਦ ਇਸ ਪਰਿਵਾਰ ਨੇ ਕਰਜ਼ਾ ਲਿਆ ਸੀ ਪਰ ਕਰਜ਼ਾ ਉਤਾਰਨ ਵਿਚ ਪ੍ਰੇਸ਼ਾਨੀ ਕਾਰਨ ਪਰਿਵਾਰ ਨੇ ਇਹ ਕਦਮ ਚੁੱਕਿਆ। ਜਾਣਕਾਰੀ ਅਨੁਸਾਰ ਕਰਜ਼ੇ ਦੀ ਸਹੀ ਰਕਮ ਦਾ ਹਾਲੇ ਪਤਾ ਨਹੀਂ ਲੱਗਿਆ ਪਰ ਕਰਜ਼ਾ ਦੇਣ ਵਾਲਿਆਂ ਵੱਲੋਂ ਲਗਾਤਾਰ ਪਾਏ ਜਾਂਦੇ ਦਬਾਅ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ ਹੈ। ਇਹ ਜਾਣਕਾਰੀ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਸਾਂਝੀ ਕੀਤੀ। ਸਬੰਧਤ ਰੇਲਗੱਡੀ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਰੌਬੀ ਢੰਡ ਨੇ ਦੱਸਿਆ ਕਿ ਡਰਾਈਵਰ ਨੇ ਤੁਰੰਤ ਬਰੇਕ ਲਗਾ ਕੇ ਅਤੇ ਸੀਟੀ ਵਜਾ ਕੇ ਤਿੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਰੁਕਦਿਆਂ ਰੁਕਦਿਆਂ ਗੱਡੀ ਉਨ੍ਹਾਂ ਉੱਪਰੋਂ ਲੰਘ ਗਈ। ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜੀਆਰਪੀ ਲੁਧਿਆਣਾ ਦੇ ਅਧਿਕਾਰੀਆਂ ਨੇ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।

Advertisement

Advertisement
Advertisement