For the best experience, open
https://m.punjabitribuneonline.com
on your mobile browser.
Advertisement

ਦੂਰ ਦਿਸੇਂਦੀ ਰੋਸ਼ਨੀ

12:11 PM Apr 14, 2024 IST
ਦੂਰ ਦਿਸੇਂਦੀ ਰੋਸ਼ਨੀ
Advertisement

ਗੁਰਮੀਨ ਕੌਰ

ਕਥਾ ਪ੍ਰਵਾਹ

‘‘ਲੈ ਵੀਰਾ! ਵੇਖ ਲੈ ਤੂੰ ਵੀ ਕਰਤੂਤਾਂ ਇਸ ਦੀਆਂ। ਖੇਹ ਪਵਾਉਣ ਡਹੀ ਸਾਡੇ ਸਿਰ ’ਚ। ਔਂਤਰੀ ਕਿੱਥੋਂ ਰੱਖੀ ਸੀ ਸਾਡੇ ਕਰਮਾਂ ਵਿੱਚ।’’ ਭੂਆ ਕਰਤਾਰੋ ਮੇਨ ਗੇਟ ਲੰਘਦਿਆਂ ਹੀ ਰੌਲਾ ਪਾਉਣ ਲੱਗ ਗਈ ਸੀ। ਮੈਂ ਕਾਕੇ ਨੂੰ ਨੁਹਾ ਕੇ ਸੰਵਾ ਰਹੀ ਸੀ। ਥੋੜ੍ਹੀ ਦੇਰ ਬਾਅਦ ਜਦ ਮੈਂ ਬਾਹਰ ਗਈ ਤਾਂ ਭੂਆ ਲੌਬੀ ਵਿੱਚ ਬੈਠੀ ਜ਼ੋਰ-ਜ਼ੋਰ ਦੀ ਬਾਹਾਂ ਮਾਰ-ਮਾਰ ਬੋਲ ਰਹੀ ਸੀ ਤੇ ਉਸ ਦੇ ਨਾਲ ਉਸ ਦੀ ਵੱਡੀ ਨੂੰਹ ਸਹਿਮੀ ਬੈਠੀ ਸੀ। ਉਹ ਮੂੰਹੋਂ ਕੁਝ ਨਹੀਂ ਸੀ ਬੋਲ ਰਹੀ ਪਰ ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਬਹੁਤ ਕੁਝ ਬੋਲ ਰਹੇ ਸਨ। ਡੈਡੀ (ਮੇਰੇ ਸਹੁਰਾ ਸਾਬ੍ਹ) ਭੂਆ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਭੂਆ ਵਿੱਚ ਤਾਂ ਜਿਵੇਂ ਕੋਈ ਜਿੰਨ-ਭੂਤ ਆ ਗਿਆ ਹੋਵੇ। ਉਨ੍ਹਾਂ ਲਈ ਲਿਆਂਦਾ ਗਿਆ ਪਾਣੀ ਵੀ ਜਿਉਂ ਦਾ ਤਿਉਂ ਹੀ ਮੇਜ਼ ’ਤੇ ਪਿਆ ਸੀ। ਮੈਨੂੰ ਲੱਗਦਾ ਆਪ ਉਹਨੇ ਪੀਤਾ ਨਹੀਂ ਹੋਣਾ ਤੇ ਨੂੰਹ ਨੂੰ ਪੀਣ ਨਹੀਂ ਦਿੱਤਾ ਹੋਣਾ। ਮੰਮੀ ਜੀ (ਮੇਰੀ ਸੱਸ) ਨੇ ਮੈਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਤੇ ਮੈਂ ਵਾਪਸ ਚੁੱਪ-ਚਾਪ ਆਪਣੇ ਕਮਰੇ ਵਿੱਚ ਆ ਗਈ ਪਰ ਮੈਨੂੰ ਅਜੇ ਵੀ ਉਨ੍ਹਾਂ ਦੀਆਂ ਗੱਲਾਂ ਸਾਫ਼-ਸਾਫ਼ ਸੁਣ ਰਹੀਆਂ ਸਨ।
‘‘ਭੈਣੇ! ਦੱਸੇਂਗੀ ਕੁਝ ਕਿ ਰੌਲਾ ਪਾਈ ਜਾਵੇਂਗੀ? ਸਾਡਾ ਸ਼ਹਿਰਦਾਰੀ ਦਾ ਕੰਮ ਐ, ਆਂਢ-ਗੁਆਂਢ ਸੁਣਦਾ ਹੋਊ ਤਾਂ ਕੀ ਕਹਿੰਦਾ ਹੋਊ।’’ ਡੈਡੀ ਭੂਆ ਨੂੰ ਪੂਰਾ ਖਿੱਝ ਕੇ ਕਹਿ ਰਹੇ ਸਨ।
‘‘ਅੱਛਾ ਜੀ! ਆਪਣੀ ਇੱਜ਼ਤ ਦੀ ਤੈਨੂੰ ਬੜੀ ਫ਼ਿਕਰ ਐ ਕਿ ਕੋਈ ਸੁਣੂ ਤੇ ਕੀ ਕਹੂ ਤੇ ਜਿਹੜੀ ਇਹ ਸਾਡੀ ਇੱਜ਼ਤ ਰੋਲਦੀ ਫਿਰਦੀ ਏ ਉਹਦਾ ਕੀ? ਤੂੰ ਈ ਬਣਦਾ ਹੁੰਦਾ ਸੀ ਇਸ ... ਦਾ ਹਮਾਇਤੀਆ।’’ ਤੇ ਭੂਆ ਨੇ ਸ਼ਾਇਦ ਆਪਣੀ ਨੂੰਹ ’ਤੇ ਹੱਥ ਵੀ ਚੁੱਕ ਦਿੱਤਾ ਸੀ।
‘‘ਭੈਣ ਜੀ! ਬਹਿ ਕੇ ਜਿਹੜੀ ਗੱਲ ਕਰਨੀ ਕਰੋ ਪਰ ਏਦਾਂ ਨੂੰਹ-ਧੀ ’ਤੇ ਹੱਥ ਚੁੱਕਣ ਦਾ ਕੋਈ ਕੰਮ ਨਹੀਂ। ਜੇ ਤੁਸੀਂ ਇਹੋ ਕੁਝ ਕਰਨਾ ਏ ਤਾਂ ਆਪਣੇ ਘਰ ਜਾਓ।’’ ਇਸ ਵਾਰ ਮੰਮੀ ਬੋਲੇ ਸੀ। ਸ਼ਾਇਦ ਉਨ੍ਹਾਂ ਅੱਗੇ ਹੋ ਕੇ ਭੂਆ ਨੂੰ ਰੋਕਿਆ ਹੋਵੇ।
‘‘ਨਾ ਕੀ ਗੱਲ ਕਰਾਂ ਮੈਂ? ਦੱਸ? ਮੈਨੂੰ ਤਾਂ ਆਪਣੇ ਮੂੰਹੋਂ ਕਹਿੰਦੀ ਨੂੰ ਸ਼ਰਮ ਆਉਂਦੀ ਐ। ਇਹਦੇ ਕੋਲੋਂ ਈ ਪੁੱਛੋ ਕਿ ਕੀਹਦੇ ਨਾਲ ਖੇਹ ਖਾਂਦੀ ਐ ਇਹ। ਰਾਤੀਂ ਵੀ ਸਾਨੂੰ ਡਿਊਟੀ ਦਾ ਝੂਠ ਮਾਰ ਕੇ ਗਈ ਸੀ ਪਰ ਉੱਥੇ ਨਹੀਂ ਪਹੁੰਚੀ ਇਹ। ਪਤਾ ਨਹੀਂ ਕਿਹੜੇ ਯਾਰ ਨਾਲ ਤੁਰੀ-ਫਿਰਦੀ ਰਹੀ। ਵੀਰਾ! ਤੂੰ ਹੀ ਕਹਿੰਦਾ ਹੁੰਦਾ ਸੀ ਨਾ ਕਿ ਇਹਦੇ ਨਾਲ ਪਿਆਰ ਨਾਲ ਰਿਹਾ ਕਰੋ। ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਇਹਦੇ ਲੱਛਣਾਂ ਦਾ ਪਤਾ ਸੀ। ਕੀ ਰਹਿੰਦੇ ਇਹਦੇ ਨਾਲ ਪਿਆਰ ਨਾਲ। ਹੁਣ ਤੂੰ ਦੱਸ ਕੀ ਕਰਨੈ ਇਹਦਾ? ਮੈਂ ਤਾਂ ਇਹਨੂੰ ਘਰ ’ਚ ਨਹੀਂ ਰੱਖਣਾ ਹੁਣ। ਤੂੰ ਰੱਖ ਹੁਣ ਇਹਨੂੰ ਆਪਣੇ ਕੋਲ।’’ ਤੇ ਏਨਾ ਆਖ ਜਿਵੇਂ ਭੂਆ ਨੇ ਆਖ਼ਰੀ ਫੈਸਲਾ ਸੁਣਾ ਦਿੱਤਾ ਹੋਵੇ।
‘‘ਲੈ! ਏਦਾਂ ਨਹੀਂ ਗੱਲਾਂ ਨਿੱਬੜਦੀਆਂ ਹੁੰਦੀਆਂ। ਇਹ ਕੋਈ ਖੇਡ ਥੋੜ੍ਹੀ ਐ। ਤੂੰ ਦੱਸ ਕੁੜੀਏ! ਤੇਰੀ ਸੱਸ ਜੋ ਆਂਹਦੀ ਐ, ਉਹ ਸੱਚ ਐ?’’ ਡੈਡੀ ਨੇ ਭੂਆ ਦੀ ਨੂੰਹ ਰੱਜੀ ਨੂੰ ਪੁੱਛਿਆ ਪਰ ਜਵਾਬ ਵਿੱਚ ਭੂਆ ਬੋਲੀ ਸੀ।
‘‘ਲੈ! ਸ਼ਾਬਾਸ਼ੇ ਤੇਰੇ ਵੀਰਾ! ਆਹ ਚੰਗੀ ਮੱਤ ਦੀ ਗੱਲ ਕੀਤੀ ਐ। ਨਾ ਚੋਰ ਵੀ ਕਦੇ ਮੰਨਿਆ ਕਿ ਚੋਰੀ ਮੈਂ ਕੀਤੀ ਐ। ਮੈਂ ਤੈਨੂੰ ਸਿੱਧੀ ਤੇ ਸਪੱਸ਼ਟ ਗੱਲ ਦੱਸ ’ਤੀ ਬਈ ਇਹਨੂੰ ਮੈਂ ਨਾਲ ਨਹੀਂ ਲਿਜਾ ਸਕਦੀ। ਮੇਰੇ ਤਾਂ ਮੁੰਡਿਆਂ ਨੇ ਵੱਢ ਦੇਣਾ ਇਹਨੂੰ। ਇੱਥੇ ਹੀ ਰੱਖੋ ਇਹਨੂੰ ਹੁਣ।’’ ਭੂਆ ਨੇ ਜਿਵੇਂ ਆਪਣੇ ਗਲੋਂ ਫਾਹਾ ਲਾ ਮੰਮੀ ਡੈਡੀ ਦੇ ਗਲ ਪਾ ਦਿੱਤਾ ਸੀ।
‘‘ਭੈਣ ਜੀ! ਜੇ ਤੁਸੀਂ ਇਹੋ ਮਨ ਬਣਾ ਲਿਆ ਕਿ ਨਹੀਂ ਰੱਖਣਾ ਇਹਨੂੰ ਘਰ ਤਾਂ ਫੇਰ ਇਹਨੂੰ ਇਹਦੇ ਪੇਕਿਆਂ ਦੇ ਛੱਡ ਆਓ। ਅਸੀਂ ਏਨੀ ਵੱਡੀ ਜ਼ਿੰਮੇਵਾਰੀ ਨਹੀਂ ਲੈ ਸਕਦੇ।’’ ਮੰਮੀ ਨੇ ਵੀ ਅੱਗੋਂ ਜਵਾਬ ਦੇ ਦਿੱਤਾ ਸੀ।
‘‘ਨਾ ਪੇਕੇ ਹੈਗੇ ਕਿੱਥੇ ਇਹਦੇ ਕੁਦੇਸਣ ਦੇ। ਹੁਣ ਉਨ੍ਹਾਂ ਜਣਦਿਆਂ ਨੂੰ ਕਿੱਥੇ ਰੋਣ ਜਾਈਏ? ਓਥੇ ਭਈਆਂ ਦੇ ਦੇਸ।’’ ਭੂਆ ਪੂਰੀ ਤਲਖ਼ੀ ਵਿੱਚ ਬੋਲ ਰਹੀ ਸੀ ਜਿਵੇਂ ਇਸ ਸਭ ਵਿੱਚ ਮੰਮੀ ਡੈਡੀ ਦੀ ਹੀ ਗ਼ਲਤੀ ਹੋਵੇ।
‘‘ਪਰ ਕੋਈ ਤਾਂ ਹੋਊ ਇਹਦਾ ਏਧਰ ਪੰਜਾਬ। ਕੋਈ ਸਾਕ-ਸਬੰਧੀ, ਕੋਈ ਰਿਸ਼ਤੇਦਾਰ।’’ ਪਰ ਮੰਮੀ ਵੀ ਪਿਛਾਂਹ ਨਹੀਂ ਸੀ ਹਟੇ ਆਪਣੀ ਗੱਲ ਤੋਂ।
‘‘ਤਾਏ ਦੀ ਧੀ ਹੈਗੀ ਇਹਦੀ ਇੱਕ। ਰਿਸ਼ਤਾ ਵੀ ਉਹਨੇ ਈ ਕਰਵਾਇਆ ਸੀ। ਓਧਰ ਸੁੱਟ ਕੇ ਆਉਣੀ ਆਂ ਫਿਰ। ਵਾਪਸ ਤਾਂ ਨਹੀਂ ਲੈ ਕੇ ਜਾਣਾ ਮੈਂ ਇਸ ਗੰਦ ਨੂੰ।’’ ਤੇ ਉਹਨੇ ਇੰਝ ਆਪਣੀ ਨੂੰਹ ਵੱਲ ਵੇਖਿਆ ਜਿਵੇਂ ਅੱਖਾਂ ਨਾਲ ਹੀ ਖਾ ਜਾਣਾ ਹੋਵੇ। ਮੈਂ ਵੀ ਕਮਰੇ ਵਿੱਚੋਂ ਨਿਕਲ ਕੇ ਬਾਹਰ ਆ ਗਈ ਸੀ ਤੇ ਭੂਆ ਦੇ ਇਸ ਰੂਪ ਨੂੰ ਵੇਖ ਕੇ ਡਰ ਗਈ ਸੀ। ਮੰਮੀ ਨੇ ਮੈਨੂੰ ਚਾਹ ਬਣਾਉਣ ਲਈ ਕਿਹਾ ਤਾਂ ਭੂਆ ਵਿੱਚੇ ਹੀ ਬੋਲ ਪਈ।
‘‘ਚਾਹ ਲੰਘਦੀ ਐ ਮੇਰੇ! ਸਾਡੇ ਤਾਂ ਕੱਲ੍ਹ ਦੀਆਂ ਨਾ ਕਿਸੇ ਪਕਾਈਆਂ ਤੇ ਨਾ ਕਿਸੇ ਖਾਧੀਆਂ।’’
‘‘ਲੈ ਭੈਣ ਜੀ ਰੋਟੀ ਤਿਆਰ ਕਰ ਲੈਂਨੇ ਆਂ। ਜਾ ਸਿਮਰ! ਰੋਟੀ ਪਕਾ।’’ ਮੰਮੀ ਮੇਰੇ ਵੱਲ ਵੇਖ ਕੇ ਬੋਲੇ।
‘‘ਨਾ ਭਾਬੀ! ਕਿਸੇ ਚੀਜ਼ ਦੀ ਲੋੜ ਨ੍ਹੀਂ। ਮੈਂ ਪਹਿਲਾਂ ਇਹਦਾ ਫਾਹਾ ਵੱਢਾਂ ਫੇਰ ਈ ਕੁਝ ਸੁੱਝਣੀ-ਅਹੁੜਣੀ ਐ ਮੈਨੂੰ।’’ ਤੇ ਉਹ ਉੱਠ ਕੇ ਤੁਰ ਪਈ।
‘‘ਕਰਤਾਰ ਕੁਰੇ! ਇਹ ਕੋਈ ਹੱਲ ਨਹੀਂ ਇਸ ਗੱਲ ਦਾ। ਓਧਰ ਵੀ ਭਲਾ ਇਹ ਕਿੰਨਾ ਕੁ ਚਿਰ ਰਹੂ। ਤੂੰ ਐਵੇਂ ਗੱਲ ਨਾ ਵਧਾ। ਬਹਿ ਕੇ ਹੱਲ ਕੱਢੋ ਕੋਈ ਮਸਲੇ ਦਾ। ਨਾ ਜਲੂਸ ਕੱਢੋ ਏਦਾਂ ਆਪਣਾ। ਇੱਜ਼ਤ ਐ ਤੁਹਾਡੀ ਅਕਸਰ ਨੂੰ ਤੇ ਨਾਲੇ ਜਵਾਕ ਐ ਚਾਰ ਸਾਲ ਦਾ। ਉਹ ਭਲਾ ਮਾਂ ਬਗੈਰ ਰਹਿ ਲਊ।’’ ਡੈਡੀ ਨੇ ਜਾਂਦੀ ਭੂਆ ਨੂੰ ਰੋਕਦਿਆਂ ਕਿਹਾ।
‘‘ਨਾ ਕੀ ਹੱਲ ਕੱਢਾਂ ਦੱਸ ਹੋਰ? ਥਾਂ-ਥਾਂ ਸਾਡੀ ਬੇਇੱਜ਼ਤੀ ਕਰਾ ’ਤੀ ਇਹਨੇ, ਕਾਹਦੀ ਇੱਜ਼ਤ ਰਹਿਗੀ ਸਾਡੀ। ਜਵਾਕ ਦੀ ਫ਼ਿਕਰ ਨਾ ਕਰੇ ਕੋਈ। ਜਿਨ੍ਹਾਂ ਦੀਆਂ ਮਾਵਾਂ ਮਰ ਜਾਂਦੀਆਂ ਨੇ ਉਹ ਵੀ ਪਲ ਈ ਜਾਂਦੇ ਐ। ਇਹ ਵੀ ਪਲ ਜੂ।’’ ਭੂਆ ਆਪਣੀ ਨੂੰਹ ਵੱਲ ਕੌੜਾ ਝਾਕਦੀ ਬੋਲੀ।
‘‘ਅੱਛਾ! ਇਹਦੇ ਵਾਰੀ ਤੈਨੂੰ ਬੜਾ ਚੇਤੇ ਐ ਸਭ ਕੁਝ ਕਿ ਕੀ ਕਰਨਾ ਕੀ ਨਹੀਂ। ਪਿਛਲਾ ਤੈਨੂੰ ਸਭ ਚੇਤੇ ਭੁੱਲ ਗਿਆ?’’ ਡੈਡੀ ਪੂਰੇ ਤੈਸ਼ ਵਿੱਚ ਆ ਗਏ ਸਨ। ਮੈਂ ਉਨ੍ਹਾਂ ਨੂੰ ਪਹਿਲੀ ਵਾਰ ਇੰਝ ਗੁੱਸੇ ਵਿੱਚ ਦੇਖਿਆ ਸੀ।
‘‘ਚਲੋ ਸਰਦਾਰ ਜੀ! ਹੁਣ ਪਿਛਲੀਆਂ ਗੱਲਾਂ ਨੂੰ ਕੀ ਦੁਹਰਾਉਣਾ। ਹੁਣ ਦੀ ਗੱਲ ਕਰੋ।’’ ਮੰਮੀ ਸ਼ਾਇਦ ਗੱਲ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੇਰੇ ਪੱਲੇ ਕੁਝ ਨਹੀਂ ਸੀ ਪਿਆ।
‘‘ਕਿਉਂ ਨਾ ਦੁਹਰਾਵਾਂ ਸਰਦਾਰਨੀਏ! ਦੱਸੀਂ ਤੂੰ ਵੀ ਜ਼ਰਾ। ਹੱਦ ਹੋ ਗਈ ਇਹਦੇ ਵਾਲੀ। ਤੂੰ ਅੱਖੀਂ ਵੇਖਿਆ ਇਹਦਾ ਕੁਝ ਦੱਸ ਮੈਨੂੰ? ਭਾਈਆ ਜੀ ਦਾ ਤਾਂ ਅੱਖੀਂ ਵੀ ਵੇਖਿਆ ਸੀ ਤੂੰ ਸਭ ਕੁਝ। ਸਾਰੀਆਂ ਕਰਤੂਤਾਂ ਦਾ ਤੈਨੂੰ ਪਤਾ ਸੀ। ਇਹ ਵੀ ਪਤਾ ਤੈਨੂੰ ਕਿ ਉਹ ਏਡਜ਼ ਨਾਲ ਮਰਿਆ ਸੀ। ਫੇਰ ਉਹਨੂੰ ਕਿਉਂ ਨਾ ਛੱਡ ’ਤਾ ਤੂੰ ਜਾਂ ਘਰੋਂ ਕਿਉਂ ਨਾ ਕੱਢ ’ਤਾ। ਉਦੋਂ ਤਾਂ ਕਹਿੰਦੀ ਸੀ ਖਸਮਾਂ ਨੂੰ ਖਾਵੇ, ਮੈਂ ਆਪਣੇ ਬੱਚੇ ਲੈ ਕੇ ਬੈਠੀ ਆਂ, ਮੈਨੂੰ ਕੀ ਲੱਗੇ। ਹੁਣ ਇਹਦੇ ਵਾਰੀ ਕਨੂੰਨ ਹੋਰ ਹੋ ਗਏ? ਕਾਹਤੋਂ ਭਾਈ? ਉਹ ਔਰਤ ਜਾਤ ਐ ਤਾਂ ਕਰਕੇ ਜਾਂ ਉਹ ਗ਼ਰੀਬ ਘਰ ਦੀ ਐ ਤਾਂ? ਹਜੇ ਤੱਕ ਤਾਂ ਉਹਦਾ ਕੋਈ ਕਸੂਰ ਵੀ ਸਾਬਤ ਨਹੀਂ ਹੋਇਆ ਤੇ ਚੱਲ ਜੇ ਹੋ ਵੀ ਜਾਂਦਾ ਤਾਂ ਉਹਨੂੰ ਇੱਕ ਮੌਕਾ ਦਿਓ ਜੋ ਇਨਸਾਫ਼ ਬਣਦਾ ਐ।’’ ਡੈਡੀ ਗੁੱਸੇ ਵਿੱਚ ਕੰਬ ਰਹੇ ਸੀ।
ਭੂਆ ਬਿਨਾਂ ਕੁਝ ਬੋਲੇ, ਮਗਰਮੱਛ ਦੇ ਅੱਥਰੂ ਜਿਹੇ ਵਹਾਉਂਦੀ ਉੱਠ ਕੇ ਤੁਰ ਪਈ ਤੇ ਮਗਰੇ-ਮਗਰ ਉਹਦੀ ਨੂੰਹ।
ਡੈਡੀ ਵੀ ਗੁੱਸੇ ਵਿੱਚ ਉੱਠ ਕੇ ਆਪਣੇ ਕਮਰੇ ਵਿੱਚ ਚਲੇ ਗਏ। ਉਹ ਦਿਲ ਦੇ ਬੜੇ ਸਾਫ਼, ਨੇਕ ਤੇ ਇਨਸਾਫ਼ਪਸੰਦ ਇਨਸਾਨ ਹਨ। ਉਹ ਕਿਸੇ ਨਾਲ ਜ਼ਿਆਦਤੀ ਹੁੰਦੀ ਨਹੀਂ ਦੇਖ ਸਕਦੇ। ਫਿਰ ਭਾਵੇਂ ਉਹ ਆਪਣਾ ਹੋਵੇ ਜਾਂ ਬਿਗਾਨਾ।
ਉਨ੍ਹਾਂ ਦੇ ਜਾਣ ਮਗਰੋਂ ਮੈਂ ਮੰਮੀ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਦਿਆਂ ਪੁੱਛਿਆ, ‘‘ਮੰਮੀ! ਆਹ ਫੁੱਫੜ ਜੀ ਦੀ ਕੀ ਕਹਾਣੀ ਐ?’’
‘‘ਕੁਝ ਨਹੀਂ। ਤੇਰੇ ਡੈਡੀ ਵੀ ਐਵੇਂ ਗੁੱਸੇ ’ਚ ਆ ਜਾਂਦੇ ਐ ਬੜੀ ਛੇਤੀ। ਦੱਸ ਅਗਲਿਆਂ ਦੀ ਮਰਜ਼ੀ ਐ ਜੋ ਕਰਨਾ ਕਰਨ। ਇੱਕ ਤਾਂ ਇਨ੍ਹਾਂ ਨੂੰ ਹਮਦਰਦੀ ਬੜੀ ਹੋ ਜਾਂਦੀ ਐ ਸਭ ਨਾਲ।’’ ਮੰਮੀ ਨੇ ਗੱਲ ਗੋਲ-ਮੋਲ ਜਿਹੀ ਕਰਨੀ ਚਾਹੀ ਪਰ ਮੈਨੂੰ ਚੈਨ ਨਹੀਂ ਸੀ ਆ ਰਹੀ ਕਿ ਆਖ਼ਰ ਕੋਈ ਗੱਲ ਤਾਂ ਹੈ ਤੇ ਮੈਂ ਮੰਮੀ ਦੇ ਜਿਵੇਂ ਖਹਿੜੇ ਹੀ ਪੈ ਗਈ ਸਾਂ।
‘‘ਕੀ ਦੱਸਾਂ ਹੁਣ ਤੈਨੂੰ। ਗੰਦੀਆਂ ਆਦਤਾਂ ਸੀ ਬੰਦੇ ਦੀਆਂ। ਸਿਰੇ ਦਾ ਨਿਖੱਟੂ ਸੀ। ਸਾਰੀ ਉਮਰ ਵਿਹਲੀਆਂ ਖਾ ਛੱਡੀਆਂ ਬੱਸ। ਕਿਤੇ ਟਕਾ ਨਹੀਂ ਸੀ ਕਮਾਇਆ। ਪੈਲੀ ਬੰਨਾ ਨਖੱਤੇ ਦਾ ਊਂ ਨ੍ਹੀਂ ਸੀ ਹੈਗਾ। ਦੋ ਕਨਾਲਾਂ ਸੀ ਚੂੰਗੇ ’ਚ, ਉਹ ਵੀ ਵੇਚ ਵੱਟ ਕੇ ਖਾ ਪੀ ਲਈ। ਬੁੜ੍ਹੀਆਂ ਦਾ ਸ਼ੁਕੀਨ ਸੀ ਬੱਸ। ਉਹ ਤਾਂ ਆਂਹਦਾ ਸੀ ਭਾਵੇਂ ਨਿੱਤ ਨਵੀਂ ਮਿਲਜੇ। ਕਿੰਨੀ ਵਾਰ ਤਾਂ ਭੈਣ ਜੀ ਨੇ ਉੱਤੋਂ ਜਾ ਕੇ ਫੜਿਆ ਸੀ। ਕੋਈ ਨਾ ਕੋਈ ਦੱਸ ਦਿੰਦਾ ਹੁੰਦਾ ਸੀ। ਸੂਹ ਦੇ ਦੇਣੀ ਕਿਸੇ ਨੇ ਤੇ ਭੈਣ ਜੀ ਨੇ ਪਹੁੰਚ ਜਾਣਾ। ਕਲੇਸ਼ ਪੈਣਾ, ਕਈ ਕੁਝ ਹੋਣਾ। ਛੇ-ਛੇ ਮਹੀਨੇ ਭੈਣ ਜੀ ਨੇ ਇੱਥੇ ਰਹਿ ਜਾਣਾ ਰੁੱਸ ਕੇ ਪਰ ਉਸ ਬੇਸ਼ਰਮ ’ਤੇ ਕੋਈ ਅਸਰ ਨਾ ਹੋਣਾ। ਦੋ-ਚਾਰ ਦਿਨ ਚੰਗੇ ਰਹਿਣਾ ਤੇ ਫਿਰ ਉਹੀ ਹਾਲ। ਮੁੱਢਾਂ ਦੇ ਵਿਗੜੇ ਵੀ ਸੁਧਰੇ ਆ ਕਦੇ? ਏਡਜ਼ ਨਾਲ ਮਰਿਆ ਮੁੜਕੇ। ਘਰ ਵੀ ਬੀਜੀ-ਬਾਪੂ ਜੀ (ਮੇਰੇ ਦਾਦੀ ਸੱਸ ਤੇ ਦਾਦਾ ਸਹੁਰਾ) ਨੇ ਬਣਾ ਕੇ ਦਿੱਤਾ। ਸੌਦਾ ਹਰ ਮਹੀਨੇ ਤੇਰੇ ਡੈਡੀ ਸੁੱਟ ਕੇ ਆਉਂਦੇ ਸੀ। ਨਿਆਣਿਆਂ ਦੀਆਂ ਸਕੂਲ ਦੀਆਂ ਫੀਸਾਂ, ਵਰਦੀਆਂ ਤੇ ਹੋਰ ਸਾਰੇ ਨਿੱਕੇ ਮੋਟੇ ਖਰਚ ਇੱਥੋਂ ਈ ਹੁੰਦੇ ਰਹੇ। ਆਹ ਤਾਂ ਹੁਣ ਮੁੰਡੇ ਥੋੜ੍ਹੇ ਜਿਹੇ ਗੱਭਰੂ ਹੋਏ, ਆਪਣੇ ਮਾੜੇ-ਚੰਗੇ ਕੰਮਾਂ-ਧੰਦਿਆਂ ’ਤੇ ਲੱਗੇ ਐ ਤੇ ਇਹ ਆਪਣਾ ਗੁਜ਼ਾਰਾ ਕਰਨ ਲੱਗ ਗਏ। ਪੈਲੀ-ਬੰਨਾ ਤਾਂ ਹੈ ਨਹੀਂ ਸੀ ਕੋਈ, ਨਾ ਕੋਈ ਚੰਗੀ ਤਕੜੀ ਨੌਕਰੀ ਸੀ। ਸਾਕ ਵੀ ਮੁੰਡਿਆਂ ਨੂੰ ਕਾਹਦੇ ਸਿਰ ’ਤੇ ਹੋਣੇ ਸੀ। ਸ਼ੁਕਰ ਨਹੀਂ ਕਰਦੀ ਕਿ ਮਾੜੇ-ਚੰਗੇ ਵਿਆਹੇ ਗਏ। ਇਹਨੇ ਸੱਚ ਪੁੱਛੇਂ ਨਾ ਆਪਣੀ ਵੱਡੀ ਨੂੰਹ ਨੂੰ ਤਾਂ ਸ਼ੁਰੂ ਤੋਂ ਹੀ ਚੰਗਾ ਨਹੀਂ ਚਾਹਿਆ। ਜਦੋਂ ਤੋਂ ਉਹ ਵਿਆਹੀ ਐ ਬੱਸ ਉਹਦੇ ਤਾਂ ਵੈਰ ਈ ਪਈ ਰਹੀ। ਆਪਣੇ ਮੁੰਡੇ ਵੱਲ ਨਹੀਂ ਵਿੰਹਦੀ ਨਾ ਮੂੰਹ ਨਾ ਮੱਥਾ। ਕੁੜੀ ਵੇਖ ਕਿੱਡੀ ਸੋਹਣੀ ਐ ਪਰ ਕਰਮ ਚੰਦਰੀ ਦੇ ਸੋਹਣੇ ਨਹੀਂ।’’ ਤੇ ਮੰਮੀ ਨੇ ਇੱਕ ਹਾਉਕਾ ਜਿਹਾ ਲਿਆ।
‘‘ਪਰ ਚੰਗਾ ਕਿਉਂ ਨਹੀਂ ਚਾਹੁੰਦੀ?’’ ਮੇਰਾ ਦਿਲ ਇਹ ਵੀ ਜਾਣਨ ਲਈ ਕਾਹਲਾ ਸੀ।
‘‘ਇਹ ਤਾਂ ਉਹ ਜਾਣੇ ਪਰ ਉਹੀ ਗੱਲ ਭੁੱਖ ਨਹੀਂ ਨਿਕਲਦੀ ਇਹਦੀ। ਪਹਿਲਾਂ ਤਾਂ ਇਹੋ ਆਂਹਦੀ ਸੀ ਕਿ ਕੋਈ ਤਕੜੇ ਘਰ ਦੀ ਹੁੰਦੀ ਤਾਂ ਚਾਰ ਚੀਜ਼ਾਂ ਈ ਲਿਆਉਂਦੀ ਨਾਲ। ਡੈਡੀ ਤੇਰੇ ਨੇ ਤਾਂ ਬਥੇਰਾ ਸਮਝਾਇਆ ਸੀ ਕਿ ਕੁੜੀ ਨੇਕ ਐ, ਘਰ ਦੀ ਜ਼ਿੰਮੇਵਾਰੀ ਚੁੱਕ ਲਈ ਐ, ਆਪਣੀ ਮਾੜੀ-ਚੰਗੀ ਨੌਕਰੀ ’ਤੇ ਲੱਗੀ ਐ। ਹੋਰ ਦੱਸ ਕੀ ਚਾਹੀਦੈ। ਆਉਂਦੀ ਨੂੰ ਰੱਬ ਨੇ ਜੀਅ ਦੇ ’ਤਾ। ਹੋਰ ਪਤਾ ਨਹੀਂ ਲੋਕਾਂ ਨੂੰ ਕੀ ਚਾਹੀਦਾ ਹੁੰਦੈ। ਉਹੋ ਗੱਲ ਕਿ ਭੱਲ ਈ ਨਹੀਂ ਪੱਚਦੀ।’’ ਮੰਮੀ ਨੇ ਮੱਥੇ ’ਤੇ ਤਿਊੜੀ ਜਿਹੀ ਪਾ ਕੇ ਕਿਹਾ ਕਿਉਂਕਿ ਉਨ੍ਹਾਂ ਨੂੰ ਭੂਆ ਕਰਤਾਰੋ ’ਤੇ ਗੁੱਸਾ ਆ ਰਿਹਾ ਸੀ।
ਮੈਂ ਉਸ ਦਿਨ ਸਾਰੀ ਰਾਤ ਨਾ ਸੁੱਤੀ। ਮੈਨੂੰ ਰਹਿ ਰਹਿ ਕੇ ਰੱਜੀ ਦਾ ਹੀ ਖ਼ਿਆਲ ਆਈ ਜਾ ਰਿਹਾ ਸੀ ਕਿ ਆਖ਼ਰ ਕੀ ਗੱਲ ਹੋਈ ਹੋਵੇਗੀ। ਹਾਏ! ਵਿਚਾਰੀ ਆਪਣੇ ਜਵਾਕ ਬਿਨਾਂ ਕਿੰਝ ਰਹੇਗੀ।
ਅਗਲੇ ਦਿਨ ਸ਼ਾਮ ਦੇ ਪੰਜ ਕੁ ਵੱਜੇ ਸੀ। ਮੈਂ ਤੇ ਮੰਮੀ ਰਸੋਈ ਵਿੱਚ ਰਾਤ ਦੇ ਰੋਟੀ-ਪਾਣੀ ਦੇ ਆਹਰ ਵਿੱਚ ਲੱਗੀਆਂ ਸਾਂ ਕਿ ਬਾਹਰਲਾ ਕੁੰਡਾ ਖੜਕਿਆ। ਵੇਖਿਆ ਤਾਂ ਰੱਜੀ ਸੀ। ਹੱਥ ਵਿੱਚ ਨਿੱਕਾ ਜਿਹਾ ਬੈਗ ਸੀ ਸ਼ਾਇਦ ਕੱਪੜੇ ਹੋਣ ਵਿੱਚ। ਅੰਦਰ ਆ ਕੇ ਵਿਚਾਰੀ ਚੁੱਪ-ਚਾਪ ਲੌਬੀ ਵਿੱਚ ਡੱਠੇ ਮੰਜੇ ’ਤੇ ਬਹਿ ਗਈ। ਮੈਂ ਪਾਣੀ ਦਿੱਤਾ ਤਾਂ ਇੰਝ ਲੱਗਿਆ ਜਿਵੇਂ ਬੜੀ ਮੁਸ਼ਕਿਲ ਨਾਲ ਉਹਨੇ ਘੁੱਟ ਲੰਘਾਇਆ ਹੋਵੇ।
‘‘ਭੈਣ! ਚਾਹ ਬਣਾਵਾਂ ਕਿ ਰੋਟੀ ਖਾਏਂਗੀ?’’ ਮੈਨੂੰ ਪਤਾ ਨਹੀਂ ਕਿਉਂ ਇੰਝ ਲੱਗਾ ਜਿਵੇਂ ਉਹਨੇ ਸਵੇਰ ਦਾ ਕੁਝ ਨਾ ਖਾਧਾ ਹੋਵੇ। ਉਹ ਅੱਖਾਂ ਵਿੱਚ ਆਏ ਹੰਝੂ ਲੁਕਾਉਂਦਿਆਂ ਮਸਾਂ ਬੋਲੀ, ‘‘ਨਹੀਂ ਭੈਣ! ਕਿਸੇ ਚੀਜ਼ ਦੀ ਲੋੜ ਨਹੀਂ।’’ ਤੇ ਫਿਰ ਏਧਰ-ਓਧਰ ਵੇਖਦੀ ਬੋਲੀ, ‘‘ਮਾਮਾ ਜੀ ਕਿੱਥੇ ਨੇ?’’
‘‘ਇਹਦੇ ਡੈਡੀ ਤਾਂ ਗੁਰਦੁਆਰੇ ਗਏ ਨੇ। ਕੋਈ ਨਾ ਆ ਜਾਂਦੇ ਨੇ। ਤੂੰ ਚਾਹ ਪਾਣੀ ਪੀ ਮੇਰੀ ਧੀ।’’ ਮੰਮੀ ਰਸੋਈ ਵਿੱਚੋਂ ਬਾਹਰ ਆਉਂਦੇ ਬੋਲੇ।
ਸ਼ਾਮ ਨੂੰ ਡੈਡੀ ਨਾਲ ਪਤਾ ਨਹੀਂ ਉਹਦੀ ਕੀ ਗੱਲ ਹੋਈ ਤੇ ਕੀ ਨਹੀਂ, ਬੱਸ ਮੈਨੂੰ ਉਹਦੇ ਹਾਉਕਿਆਂ ਦੀ ਆਵਾਜ਼ ਸੁਣ ਰਹੀ ਸੀ ਤੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਵੀ ਕੋਲ ਜਾ ਕੇ ਬਹਿ ਜਾਵਾਂ ਪਰ ਮੈਂ ਆਪਣੇ ਆਪ ਨੂੰ ਰੋਕ ਕੇ ਰੱਖਿਆ। ਰਾਤ ਨੂੰ ਸਾਰੇ ਕੰਮਾਂ ਤੋਂ ਵਿਹਲੀ ਹੋ ਕੇ ਤੇ ਕਾਕੇ ਨੂੰ ਸੰਵਾ ਕੇ ਮੈਂ ਉਹਦੇ ਕੋਲ ਚਲੀ ਗਈ। ਉਹ ਫੋਨ ਵਿੱਚ ਕੁਝ ਵੇਖ ਰਹੀ ਸੀ ਤੇ ਨਾਲ ਦੀ ਨਾਲ ਰੋ ਰਹੀ ਸੀ। ਮੈਂ ਕੋਲ ਜਾ ਕੇ ਬੈਠ ਗਈ ਤਾਂ ਉਹ ਫੋਨ ਮੇਰੇ ਵੱਲ ਨੂੰ ਕਰਕੇ ਵਿਖਾਉਣ ਲੱਗ ਪਈ, ‘‘ਮੇਰਾ ਬੇਟਾ ਅਜੈਵੀਰ। ਮੈਂ ਕੱਲ੍ਹ ਦਾ 100 ਵਾਰ ਫੋਨ ਲਾਇਆ ਕਿ ਉਹਦੇ ਨਾਲ ਗੱਲ ਕਰ ਸਕਾਂ ਪਰ ਕੋਈ ਮੇਰਾ ਫੋਨ ਈ ਨਹੀਂ ਚੁੱਕ ਰਿਹਾ।’’ ਤੇ ਉਹਦੀ ਭੁੱਬ ਨਿਕਲ ਗਈ।
‘‘ਰੋ ਨਾ ਭੈਣੇ! ਕੋਈ ਨਾ ਸਭ ਠੀਕ ਹੋ ਜੂ। ਤੂੰ ਆਪਣੇ ਤਾਏ ਦੀ ਧੀ ਨਾਲ ਨਹੀਂ ਗੱਲ ਕੀਤੀ? ਉਹ ਕਰੇ ਗੱਲ ਇਨ੍ਹਾਂ ਨਾਲ।’’ ਮੈਂ ਉਸ ਨੂੰ ਹੌਸਲਾ ਦਿੰਦੀ ਨੇ ਕਿਹਾ।
‘‘ਉਹਨੇ ਖੇਹ ਤੇ ਸਵਾਹ ਗੱਲ ਕਰਨੀ ਐ। ਉਨ੍ਹਾਂ ਦੇ ਘਰ ਤਾਂ ਮੈਂ ਇੱਕ ਰਾਤ ਰਹੀ ਆਂ ਤੇ ਮੈਨੂੰ ਉਹਨੇ ਰੋਟੀ ਨਹੀਂ ਪੁੱਛੀ ਕਿ ਕਿਤੇ ਮੈਂ ਉਨ੍ਹਾਂ ਦੇ ਗਲ ਹੀ ਨਾ ਪੈ ਜਾਵਾਂ ਸਾਰੀ ਉਮਰ ਲਈ। ਭੁੱਖਣ-ਭਾਣੀ ਆ ਗਈ ਓਧਰੋਂ।’’
‘‘ਹੈਂ! ਫਿੱਟੇ ਮੂੰਹ ਇਹੋ ਜਿਹੀ ਦਾ।’’ ਮੈਨੂੰ ਉਹਦੇ ਤਾਏ ਦੀ ਕੁੜੀ ’ਤੇ ਗੁੱਸਾ ਆਇਆ ਤੇ ਫਿਰ ਮੈਂ ਝਕਦੀ ਜਿਹੀ ਨੇ ਉਹਨੂੰ ਪੁੱਛਿਆ, ‘‘ਵੈਸੇ ਇੱਕ ਗੱਲ ਪੁੱਛਾਂ?’’
‘‘ਇਹੀ ਨਾ ਕਿ ਮੇਰਾ ਸੱਚੀਂ ਕਿਤੇ ਚੱਕਰ ਐ?’’ ਤੇ ਉਹ ਹੱਸ ਪਈ। ਮੈਂ ਥੋੜ੍ਹੀ ਸ਼ਰਮਿੰਦਾ ਜਿਹੀ ਹੋ ਗਈ। ਫਿਰ ਉਹ ਬਿਨਾਂ ਮੇਰਾ ਜਵਾਬ ਉਡੀਕੇ ਆਪਣੀ ਕਹਾਣੀ ਆਪੇ ਸੁਣਾਉਣ ਲੱਗ ਗਈ।
‘‘ਮੇਰੇ ਡੈਡੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸੀ ਪੰਜਾਬੋਂ ਬਾਹਰ ਤੇ ਸਾਨੂੰ ਵੀ ਨਾਲ ਹੀ ਲੈ ਗਏ। ਅਸੀਂ ਤਿੰਨ ਭੈਣਾਂ ਤੇ ਇੱਕ ਭਰਾ। ਮੈਂ ਸਭ ਤੋਂ ਵੱਡੀ ਆਂ। ਸਾਡੇ ਘਰ ਦਾ ਗੁਜ਼ਾਰਾ ਮਸਾਂ ਚੱਲਦਾ ਸੀ। ਮੈਂ ਔਖੀ-ਸੌਖੀ ਥੋੜ੍ਹਾ ਬਹੁਤ ਪੜ੍ਹ ਗਈ। ਮੇਰੇ ਤਾਏ ਦਾ ਜਵਾਈ ਇਨ੍ਹਾਂ ਨਾਲ ਨੌਕਰੀ ਕਰਦਾ ਸੀ ਤੇ ਉਹਨੇ ਦੱਸ ਪਾ ਦਿੱਤੀ। ਡੈਡੀ ਨੇ ਵੀ ਸਿਰੋਂ ਭਾਰ ਲਾਹੁਣ ਦੀ ਕੀਤੀ। ਇਹ ਮੇਰੇ ਨਾਲੋਂ ਉਮਰ ਵਿੱਚ ਵੀ ਵੱਡੇ ਸੀ ਤੇ ਰੂਪ-ਰੰਗ ਦੇ ਵੀ ਸਾਂਵਲੇ ਜਿਹੇ ਪਰ ਚੱਲੋ ਲੇਖਾਂ ਦੀਆਂ ਲਿਖੀਆਂ ਸੀ ਤੇ ਨਾਲੇ ਮਾਂ ਕਹਿੰਦੀ ਸੀ ਹੋਰ ਤੁਹਾਨੂੰ ਹੂਰ ਪਰੇ ਨਹੀਂ ਲੱਭਣ ਲੱਗੇ। ਮੇਰੇ ਵਿਆਹ ਨੂੰ ਚਾਰ ਦਿਨ ਹੀ ਹੋਏ ਸੀ ਕਿ ਮੰਮੀ ਨੇ ਤਾਅਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ। ਅਖੇ, ਭੁੱਖੇ ਨੰਗਿਆਂ ਦੇ ਖਾਨਦਾਨ ਦੀ ਵਿਆਹ ਲਈ ਅਸੀਂ ਤਾਂ। ਕਿਤੇ ਚੱਜ ਦੀਆਂ ਟਾਕੀਆਂ ਨਹੀਂ ਦਿੱਤੀਆਂ ਗਈਆਂ। ਲੋਕੀਂ ਤਾਂ ਆਪਣੇ ਜਵਾਈਆਂ ਨੂੰ ਸੋਨੇ ਨਾਲ ਤੋਲ ਦਿੰਦੇ ਐ, ਇਨ੍ਹਾਂ ... ਨੇ ਇੱਕ ਛਾਪ ਪਾ ਕੇ ਸਾਰ ’ਤਾ। ਤੇ ਹੋਰ ਜੋ ਮੂੰਹ ਆਇਆ ਬੋਲੀ ਗਈ। ਮੈਂ ਅੰਦਰ ਵੜ ਕੇ ਬੜਾ ਰੋਈ। ਨਾ ਕਿਸੇ ਨੂੰ ਕੁਝ ਦੱਸਣ ਜੋਗੀ ਨਾ ਹੋਰ। ਇਨ੍ਹਾਂ ਨੂੰ ਵੀ ਡਰਦੀ ਨੇ ਨਾ ਦੱਸਿਆ ਕਿ ਆਖਣਗੇ ਆਉਂਦਿਆਂ ਹੀ ਮੇਰੀ ਮਾਂ ਦੇ ਖਿਲਾਫ਼ ਬੋਲਣ ਲੱਗ ਗਈ। ਫਿਰ ਹੌਲੀ-ਹੌਲੀ ਮੰਮੀ ਦੀ ਆਦਤ ਬਣ ਗਈ ਤੇ ਇਹ ਰੋਜ਼ ਦਾ ਕੰਮ ਸੀ ਮੈਨੂੰ ਤਾਅਨੇ ਮਿਹਣੇ ਦੇਣੇ, ਨਿੱਕੀ-ਨਿੱਕੀ ਗੱਲ ’ਤੇ ਟੋਕਾ-ਟਾਕੀ। ਮੈਂ ਚੁੱਪ ਕਰੀ ਰਹਿਣਾ ਕਿ ਬੋਲ-ਬੁਲਾਰੇ ਨਾਲ ਗੱਲ ਵਧੇਗੀ ਤੇ ਮੰਮੀ ਦਾ ਜਿਵੇਂ ਰੋਜ਼ ਦੀ ਰੋਜ਼ ਝਾਕਾ ਖੁੱਲ੍ਹਦਾ ਜਾ ਰਿਹਾ ਸੀ। ਅਸੀਂ ਦੋਵੇਂ ਜੀਅ ਕਦੇ ’ਕੱਠੇ ਬਾਹਰ ਨਹੀਂ ਗਏ। ਨਾ ਕਦੇ ਕਿਤੇ ਬਾਜ਼ਾਰ, ਨਾ ਗੁਰਦੁਆਰੇ, ਨਾ ਕਿਸੇ ਰਿਸ਼ਤੇਦਾਰੀ ’ਚ। ਇਹ ਵੀ ਵੈਸੇ ਮਿੱਟੀ ਦਾ ਮਾਧੋ ਸੀ ਜਿੱਥੇ ਮਾਂ ਨੇ ਕਹਿਣਾ ਬਹਿ ਜਾ ਇਹਨੇ ਬਹਿ ਜਾਣਾ, ਜਿੱਥੇ ਮਾਂ ਨੇ ਕਹਿਣਾ ਖਲੋ ਜਾ ਇਹਨੇ ਖਲੋ ਜਾਣਾ। ਹੁਣ ਪਿਛਲੇ ਸਾਲ ਨਿੱਕਾ ਵਿਆਹਿਆ। ਉਨ੍ਹਾਂ ਦਾ ਨਿੱਤ ਦਾ ਨੇਮ ਹੀ ਐ ਬਾਹਰ ਘੁੰਮਣ-ਫਿਰਨ ਜਾਣਾ। ਉਹਦੇ ਤਾਂ ਮੰਮੀ ਵੀ ਸੁੱਤੀ ਦੇ ਸਿਰਹਾਣੇ ਚਾਹ ਰੱਖ ਆਉਂਦੀ ਐ। ਦਾਜ ਵਿੱਚ ਚਾਰ ਚੀਜ਼ਾਂ ਜੋ ਲਿਆਈ ਐ ਉਹ। ਇੱਕ ਵਾਰੀ ਦੀ ਗੱਲ ਐ, ਉਦੋਂ ਅਜੈਵੀਰ ਹੋਣ ਵਾਲਾ ਸੀ। ਮੈਂ ਥੋੜ੍ਹੀ ਢਿੱਲੀ-ਮੱਠੀ ਜਿਹੀ ਰਹਿੰਦੀ ਸੀ। ਮੈਂ ਮੰਮੀ ਨੂੰ ਕਿਹਾ ਕਿ ਮਹੀਨਾ ਕੁ ਕੋਈ ਕੰਮ ਵਾਲੀ ਲਗਾ ਲਓ ਮੇਰੇ ਕੋਲੋਂ ਬਹਿ ਕੇ ਕੱਪੜੇ ਨਹੀਂ ਧੋਤੇ ਜਾਂਦੇ ਤੇ ਨਾ ਸਫ਼ਾਈਆਂ ਹੁੰਦੀਆਂ ਤਾਂ ਇਹ ਉਹ ਆਖਣ ਲੱਗੀ ਕਿ ਪੇਕਿਆਂ ਨੇ ਜਿਹੜੀਆਂ ਨੌਕਰਾਣੀਆਂ ਨਾਲ ਭੇਜੀਆਂ ਨੇ ਉਨ੍ਹਾਂ ਕੋਲੋਂ ਕਰਵਾ ਲੈ ਤੇ ਜਿਹੜੀ ਮਸ਼ੀਨ ਕੱਪੜੇ ਧੋਣ ਨੂੰ ਦਿੱਤੀ ਐ ਉਹਦੇ ’ਚ ਕੱਪੜੇ ਧੋ ਲਿਆ ਕਰ। ਮੈਂ ਮਹੀਨਾ ਆਪਣੀ ਇੱਕ ਛੋਟੀ ਭੈਣ ਨੂੰ ਸੱਦ ਲਿਆ ਪਰ ਇਨ੍ਹਾਂ ਜੱਲਾਦਾਂ ਨੇ ਉਹਦਾ ਵੀ ਜਿਊਣਾ ਹਰਾਮ ਕਰ ਛੱਡਿਆ। ਅਜੈਵੀਰ ਹੋਇਆ ਤਾਂ ਮੈਨੂੰ ਲੱਗਿਆ ਸ਼ਾਇਦ ਹੁਣ ਹੀ ਮੇਰੀ ਸੁਣੀ ਜਾਵੇ। ਸ਼ਾਇਦ ਪੋਤਰੇ ਦੇ ਮੂੰਹ ਨੂੰ ਹੀ ਮੇਰੇ ਨਾਲ ਚੰਗੀ ਹੋ ਜਾਵੇ ਪਰ ਮੇਰੀ ਕਿਸਮਤ ਹੀ ਮਾੜੀ ਸੀ। ਪੋਤਰੇ ਨੂੰ ਤਾਂ ਬਥੇਰੇ ਲਾਡ ਲਡਾਉਂਦੀ ਐ ਪਰ ਮੈਨੂੰ ਸੂਈ ਕੁੱਤੀ ਵਾਂਗ ਹੀ ਪੈਂਦੀ ਐ। ਤੇਰਵੇਂ ’ਤੇ ਮੈਨੂੰ ਸੁਚਿਆਂ ਕਰਕੇ ਫੇਰ ਚੌਂਕੇ ਚਾੜ੍ਹ ਦਿੱਤਾ।’’ ਇੰਨੀ ਗੱਲ ਦੱਸ ਕੇ ਉਹਨੇ ਇੱਕ ਲੰਮਾ ਹਾਉਕਾ ਲਿਆ ਤੇ ਫਿਰ ਕੁਝ ਚਿਰ ਰੁਕ ਕੇ ਅੱਗੇ ਬੋਲੀ, ‘‘ਅਜੈਵੀਰ ਛੇ ਕੁ ਮਹੀਨਿਆਂ ਦਾ ਸੀ ਕਿ ਮੈਨੂੰ ਕੋਲ ਹੀ ਇੱਕ ਹਸਪਤਾਲ ਵਿੱਚ ਨੌਕਰੀ ਮਿਲ ਗਈ। ਤਨਖ਼ਾਹ ਜ਼ਿਆਦਾ ਨਹੀਂ ਸੀ ਪਰ ਗੁਜ਼ਾਰੇ ਜੋਗੀ ਵਾਧੂ ਸੀ ਤੇ ਸਭ ਤੋਂ ਵੱਡੀ ਗੱਲ ਮੈਨੂੰ ਕੁਝ ਚਿਰ ਉਸ ਕੈਦ ਵਿੱਚੋਂ ਛੁਟਕਾਰਾ ਮਿਲ ਜਾਂਦਾ ਸੀ। ਪੈਸੇ ਦੇ ਲਾਲਚ ਨੂੰ ਇਹ ਵੀ ਮੰਨ ਗਏ ਤੇ ਮੰਮੀ ਵੀ ਮੰਨ ਗਈ ਮੁੰਡਾ ਸਾਂਭਣ ਨੂੰ ਪਰ ਘਰ ਦਾ ਸਾਰਾ ਕੰਮ ਮੈਨੂੰ ਸਵੇਰੇ ਕਰਕੇ ਜਾਣਾ ਪੈਂਦਾ ਤੇ ਆ ਕੇ ਵੀ ਸਾਰਾ ਕਰਨਾ ਪੈਂਦਾ। ਹੌਲੀ-ਹੌਲੀ ਮੈਂ ਉੱਥੇ ਰਚ-ਮਿਚ ਗਈ। ਇੱਕ-ਦੋ ਸਹੇਲੀਆਂ ਬਣ ਗਈਆਂ। ਉੱਥੇ ਹੀ ਲੈਬ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ, ਬੜੇ ਨਿੱਘੇ ਸੁਭਾਅ ਦਾ ਐ। ਵਿਚਾਰੇ ਦੀ ਮਾਂ ਨਹੀਂ ਹੈਗੀ, ਭੈਣ ਸੀ ਵੱਡੀ ਉਹ ਵੀ ਵਿਆਹੀ ਗਈ ਤੇ ਹੁਣ ਵਿਚਾਰਾ ਆਪ ਹੀ ਹੱਥ ਲੂੰਹਦਾ ਸੀ ਆਪਣੀ ਤੇ ਪਿਓ ਦੀ ਰੋਟੀ ਪਕਾਉਣ ਲਈ। ਇੱਕ ਦਿਨ ਲੇਟ ਹੋ ਗਿਆ ਤੇ ਰੋਟੀ ਲੈ ਕੇ ਨਾ ਆਇਆ। ਮੈਂ ਉਸ ਨੂੰ ਆਪਣਾ ਡੱਬਾ ਦੇ ਦਿੱਤਾ ਤੇ ਫਿਰ ਮੈਂ ਤਰਸ ਕਰਕੇ ਰੋਜ਼ ਉਹਦੇ ਲਈ ਵੀ ਰੋਟੀ ਲੈ ਜਾਂਦੀ। ਅਸੀਂ ਆਪਸ ਵਿੱਚ ਚੰਗੇ ਦੋਸਤ ਬਣ ਗਏ। ਸਹੁੰ ਲੈ ਲਾ ਭੈਣੇ ਅਜੈਵੀਰ ਦੀ, ਸਾਡੇ ਵਿੱਚ ਦੋਸਤੀ ਤੋਂ ਵੱਧ ਕੁਝ ਨਹੀਂ। ਮੇਰੇ ਅੰਦਰ ਵੀ ਖਾਲੀਪਣ ਸੀ। ਮੈਂ ਵੀ ਚਾਹੁੰਦੀ ਸੀ ਕੋਈ ਮੇਰੇ ਦੁੱਖ-ਤਕਲੀਫ਼ ਨੂੰ ਸੁਣੇ, ਮੇਰੇ ਵਗਦੇ ਹੰਝੂ ਪੂੰਝੇ। ਸ਼ਾਇਦ ਉਸ ਨੂੰ ਵੀ ਕੋਈ ਚਾਹੀਦਾ ਸੀ ਜਿਹੜਾ ਥੋੜ੍ਹੀ ਬਹੁਤ ਉਹਦੀ ਦੇਖ-ਭਾਲ ਕਰੇ ਤੇ ਅਸੀਂ ਇੱਕ ਦੂਜੇ ਵਿੱਚੋਂ ਆਪਣੀ ਇਹ ਲੋੜ ਪੂਰੀ ਕਰਨ ਲੱਗ ਗਏ ਸੀ। ਮੈਂ ਆਪਣੇ ਮਨ ਦੀ ਗੱਲ ਉਸ ਨੂੰ ਦੱਸ ਕੇ ਹਲਕੀ ਹੋ ਜਾਂਦੀ ਸਾਂ। ਉਸ ਦਿਨ ਵੀ ਘਰ ਵਿੱਚ ਬੜਾ ਕਲੇਸ਼ ਪਿਆ ਸੀ ਕਿਸੇ ਗੱਲ ਤੋਂ। ਮੈਂ ਰੋ ਕੇ ਹਟੀ ਸਾਂ ਕਿ ਹਸਪਤਾਲੋਂ ਫੋਨ ਆ ਗਿਆ ਬਈ ਕੋਈ ਕੁੜੀ ਛੁੱਟੀ ’ਤੇ ਐ ਤੇ ਮੈਂ ਉਹਦੀ ਜਗ੍ਹਾ ਡਿਊਟੀ ’ਤੇ ਆ ਜਾਵਾਂ। ਮੈਂ ਹਸਪਤਾਲ ਚਲੀ ਗਈ ਤੇ ਪਿੱਛੋਂ ਮੰਮੀ ਨੇ ਸਾਰਿਆਂ ਨੂੰ ਮੇਰੇ ਖਿਲਾਫ਼ ਭੜਕਾ ਦਿੱਤਾ ਕਿ ਮੈਂ ਝੂਠ ਬੋਲ ਕੇ ਕਿਤੇ ਹੋਰ ਗਈ ਆਂ। ਸਾਰੇ ਸਟਾਫ ਵਿੱਚ ਵੀ ਮੇਰਾ ਜਲੂਸ ਕੱਢ ਕੇ ਆਏ।’’ ਤੇ ਉਹਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਡਿੱਗਣ ਲੱਗੇ।
‘‘ਤੂੰ ਏਨਾ ਕੁਝ ਕਿਉਂ ਸਹੀ ਗਈ? ਤੇਰੀ ਚੁੱਪ ਨੇ ਤੈਨੂੰ ਇੱਥੋਂ ਤੱਕ ਪਹੁੰਚਾਇਆ।’’ ਮੈਨੂੰ ਉਸ ਉੱਤੇ ਵੀ ਖਿੱਝ ਆਈ ਕਿ ਜ਼ੁਲਮ ਸਹਿ ਕੇ ਉਸ ਨੇ ਖ਼ੁਦ ਜ਼ੁਲਮ ਨੂੰ ਉਤਸ਼ਾਹਿਤ ਕੀਤਾ।
‘‘ਕੀਹਦੇ ਸਿਰ ’ਤੇ ਬੋਲਦੀ ਭੈਣੇ? ਉਸ ਮਿੱਟੀ ਦੇ ਮਾਧੋ ਦੇ ਸਿਰ ’ਤੇ ਜਿਹੜਾ ਮਾਂ ਦੇ ਆਖੇ ਬਿਨਾਂ ਮੂਤਦਾ ਤੱਕ ਨਹੀਂ? ਮਾਂ-ਪਿਓ ਮੇਰਾ ਤਾਂ ਪਹਿਲਾਂ ਹੀ ਪਰੇਸ਼ਾਨ ਰਹਿੰਦੈ। ਦੋ ਧੀਆਂ ਹਾਲੇ ਹੋਰ ਵਿਆਹੁਣੀਆਂ ਨੇ। ਲੜ-ਰੁੱਸ ਕੇ ਉਨ੍ਹਾਂ ਦੇ ਬੂਹੇ ਜਾ ਕੇ ਕਿਵੇਂ ਬਹਿ ਜਾਵਾਂ?’’ ਤੇ ਉਹ ਲਾਚਾਰਾਂ ਵਾਂਗ ਮੇਰੇ ਵੱਲ ਵੇਖਣ ਲੱਗੀ।
‘‘ਤੂੰ ਕਿਉਂ ਬਹਿਣਾ ਏ ਕਿਸੇ ਦੇ ਬੂਹੇ? ਹਿੰਮਤ ਕਰ ਆਪੇ। ਤੂੰ ਕਮਾਉਂਦੀ ਏਂ ਖ਼ੁਦ। ਇਨ੍ਹਾਂ ਲਾਲਚੀਆਂ ’ਤੇ ਦਾਜ ਦਾ ਪਰਚਾ ਦੇ ਤੇ ਤਲਾਕ ਦਾ ਕੇਸ ਠੋਕ। ਆਪਣਾ ਬੱਚਾ ਇਨ੍ਹਾਂ ਕੋਲੋਂ ਲੈ, ਆਪਣੀ ਕਮਾ ਤੇ ਖਾ।’’ ਮੈਂ ਵਕੀਲਾਂ ਵਾਂਗ ਉਸ ਨੂੰ ਸਮਝਾਇਆ।
‘‘ਏਡਾ ਸੌਖਾ ਨਹੀਂ ਹੁੰਦਾ ਭੈਣੇ ਸਭ ਕੁਝ। ਮੈਂ ’ਕੱਲੀ ਕੀ ਕਰ ਲਊਂ।’’ ਉਹ ਜਿਵੇਂ ਸਾਰੇ ਹਥਿਆਰ ਸੁੱਟੀ ਬੈਠੀ ਸੀ।
‘‘ਲੈ! ’ਕੱਲੀ ਨੂੰ ਤੈਨੂੰ ਕੀ ਐ? ਚੱਲ ਮੈਂ ਡੈਡੀ ਨਾਲ ਗੱਲ ਕਰੂੰ। ਅਸੀਂ ਦਿਆਂਗੇ ਤੇਰਾ ਸਾਥ।’’ ਮੈਂ ਉਸ ਨੂੰ ਪੂਰਾ ਹੌਸਲਾ ਦੇਣਾ ਚਾਹਿਆ।
‘‘ਨਾ! ਨਾ ਭੈਣੇ! ਤੂੰ ਮਾਮਾ ਜੀ ਨੂੰ ਕੁਝ ਨਾ ਆਖੀਂ। ਏਡੀ ਗੂੜ੍ਹੀ ਰਿਸ਼ਤੇਦਾਰੀ ਵਿੱਚ ਮੇਰੇ ਕਰਕੇ ਫਿੱਕ ਪਊ। ਮੈਂ ਮਾਮਾ ਜੀ ਨਾਲ ਜਿਹੜੀ ਗੱਲ ਕਰਨੀ ਸੀ ਉਹ ਕਰ ਲਈ। ਉਹ ਕਹਿੰਦੇ ਕਿ ਇੱਕ-ਦੋ ਦਿਨ ਹੋਰ ਪੈ ਲੈਣ ਦੇ। ਉਹ ਕਰਨਗੇ ਗੱਲ ਮੰਮੀ ਨਾਲ ਤੇ ਇਨ੍ਹਾਂ ਨਾਲ। ਮੇਰੀ ਜ਼ਿੰਦਗੀ ਏਦਾਂ ਈ ਲੰਘਣੀ ਐ। ਅਜੈਵੀਰ ਵੱਡਾ ਹੋਊ ਤਾਂ ਖੌਰੇ ਮੇਰੀ ਵੀ ਸੁਣੀ ਜਾਵੇ।’’ ਉਸ ਦੀਆਂ ਅੱਖਾਂ ਵਿੱਚ ਇਸ ਝੂਠੇ ਜਿਹੇ ਸੁਪਨੇ ਨਾਲ ਹੀ ਚਮਕ ਆ ਗਈ ਸੀ।
‘‘ਪਰ ਤੇਰੀ ਜ਼ਿੰਦਗੀ ਹੁਣ ਬਦ ਤੋਂ ਬਦਤਰ ਹੋ ਜਾਣੀ ਐ ਭੈਣੇ। ਤੂੰ ਇੱਕ ਮੁਜਰਿਮ ਵਾਂਗ ਰਹੇਂਗੀ ਉਸ ਘਰ ਵਿੱਚ। ਤੂੰ ਉਹ ਗ਼ਲਤੀ ਆਪਣੀ ਝੋਲੀ ’ਚ ਪਵਾ ਲਵੇਂਗੀ ਜੋ ਤੂੰ ਕੀਤੀ ਹੀ ਨਹੀਂ। ਕਿਉਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣਾ ਐ ਤੂੰ?’’ ਮੈਨੂੰ ਸੱਚੀਂ ਉਸ ’ਤੇ ਤਰਸ ਆ ਰਿਹਾ ਸੀ ਤੇ ਗੁੱਸਾ ਵੀ।
‘‘ਫਿਰ ਕੀ ਕਰਾਂ ਭੈਣੇ ਤੂੰ ਦੱਸ। ਤੈਨੂੰ ਪਤਾ ਨਹੀਂ ’ਕੱਲੀ ਔਰਤ ਦਾ ਜਿਊਣਾ ਕੋਈ ਸੌਖਾ ਨਹੀਂ ਹੁੰਦਾ। ’ਕੱਲੀ ਔਰਤ ਤਾਂ ਸਮਾਜ ਲਈ ਬੱਸ ਇੱਕ ਮਾਸ ਦੀ ਬੋਟੀ ਹੁੰਦੀ ਐ ਜਿਸ ਨੂੰ ਖਾਣ ਲਈ ਕਈ ਹਲਕਾਏ ਕੁੱਤੇ ਘਾਤ ਲਾ ਕੇ ਬੈਠੇ ਰਹਿੰਦੇ ਨੇ।’’ ਉਸ ਨੇ ਸਮਾਜ ਦੀ ਇੱਕ ਕੌੜੀ ਸੱਚਾਈ ਆਖੀ।
‘‘ਹਾਂ! ਮੈਨੂੰ ਪਤਾ ਐ ਇਹ ਏਨਾ ਸੌਖਾ ਨਹੀਂ ਬੜਾ ਮੁਸ਼ਕਿਲ ਹੈ ਪਰ ਘੱਟੋ-ਘੱਟ ਇਸ ਦਲਦਲ ਵਿੱਚੋਂ ਤਾਂ ਨਿਕਲੇਂਗੀ।’’ ਫਿਰ ਮੈਂ ਉਸ ਨੂੰ ਝਕਦੇ-ਝਕਦੇ ਪੁੱਛਿਆ, ‘‘ਉਹ ਜਿਹੜਾ ਮੁੰਡਾ ਲੈਬ ਵਾਲਾ ਜੇ ਉਹਦੇ ਨਾਲ...।’’
‘‘ਨਾ ਭੈਣੇ! ਇਹ ਕੰਮ ਨਹੀਂ ਕਰਨਾ ਮੈਂ। ਮੈਨੂੰ ਉਹਦੇ ਦਿਲ ਦਾ ਭੇਤ ਨਹੀਂ ਪਤਾ ਪਰ ਮੈਂ ਇਹ ਕੰਮ ਕਰਕੇ ਆਪਣੇ ’ਤੇ ਬਦਚਲਣੀ ਦੀ ਮੋਹਰ ਨਹੀਂ ਲਵਾਉਣੀ। ਮੇਰੀ ਸੱਸ ਨੇ ਤਾਂ ਹਿੱਕ ਠੋਕ-ਠੋਕ ਆਖਣਾ ਏ ਵੇਖਿਆ ਮੈਂ ਨਾ ਕਹਿੰਦੀ ਸੀ ਇਹਦੀਆਂ ਕਰਤੂਤਾਂ ਨਹੀਂ ਚੰਗੀਆਂ। ਮੇਰੇ ਮੁੰਡੇ ਨੂੰ ਛੱਡ ਕੇ ਉਹਦੇ ਵੱਸ ਗਈ ਤੇ ਸਾਰੇ ਜੱਗ ਵਿੱਚ ਮੈਂ ਝੂਠੀ ਤੇ ਉਹਨੇ ਸੱਚੀ ਹੋ ਜਾਣੈ।’’ ਉਹਨੇ ਆਪਣਾ ਡਰ ਜ਼ਾਹਿਰ ਕੀਤਾ।
‘‘ਹੱਦ ਹੋ ਗਈ! ਸਮਾਜ ਕੌਣ ਹੁੰਦੈ ਕਿਸੇ ਦੇ ਚਾਲ-ਚਲਣ ’ਤੇ ਮੋਹਰ ਲਾਉਣ ਵਾਲਾ। ਖ਼ੁਦ ਸਮਾਜ ਕਿੱਡਾ ਕੁ ਸਾਫ਼-ਸੁਥਰਾ ਏ ਦੱਸੀਂ ਭਲਾ! ਜੋ ਵੀ ਹੋਵੇ ਤੈਨੂੰ ਆਪਣੀ ਜ਼ਿੰਦਗੀ ਜਿਊਣ ਦਾ, ਆਪਣੀ ਜ਼ਿੰਦਗੀ ਦਾ ਫ਼ੈਸਲਾ ਲੈਣ ਦਾ ਪੂਰਾ ਹੱਕ ਐ। ਸਾਡਾ ਕੋਈ ਇੱਕ ਅੰਗ ਖਰਾਬ ਹੋ ਜਾਵੇ ਤਾਂ ਡਾਕਟਰ ਉਸ ਨੂੰ ਕੱਟ ਕੇ ਸੁੱਟ ਦਿੰਦੇ ਨੇ। ਫਿਰ ਤੂੰ ਕਿਉਂ ਇਸ ਕੋਹੜ ਦੇ ਨਾਲ ਚਿੰਬੜਨਾ ਚਾਹੁੰਦੀ ਐਂ?’’ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਅੱਜ ਦੀ ਔਰਤ ਹੋ ਕੇ ਵੀ ਉਸ ਦੀ ਸੋਚ ਉਹੀ ਸਦੀਆਂ ਪੁਰਾਣੀ ਸੀ ਪਰ ਫਿਰ ਮੈਨੂੰ ਉਹ ਬੇਕਸੂਰ ਜਾਪੀ ਤੇ ਲੱਗਾ ਕਿ ਕਸੂਰ ਉਸ ਦਾ ਨਹੀਂ ਉਸ ਦੀ ਕੀਤੀ ਗਈ ਪਰਵਰਿਸ਼ ਦਾ ਹੈ। ਹਰ ਕੁੜੀ ਨੂੰ ਜੰਮਦੀ ਨੂੰ ਇਹੀ ਸਿਖਾਇਆ ਜਾਂਦਾ ਹੈ ਕਿ ਤੂੰ ਬੱਸ ਕੰਧ ਬਣੀ ਨੇ ਸਭ ਕੁਝ ਸਹਿਣਾ ਹੈ। ਘਰ ਨੂੰ ਬਚਾ ਕੇ ਰੱਖਣ ਦੀ, ਇੱਜ਼ਤ ’ਤੇ ਕੋਈ ਦਾਗ ਨਾ ਪੈਣ ਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਬੱਸ ਤੇਰੇ ਮੋਢਿਆਂ ’ਤੇ ਹੈ। ਕਦੇ ਬਾਪ ਦੀ ਪੱਗ ਦਾ, ਕਦੇ ਮਾਂ ਦੀ ਚੁੰਨੀ ਦਾ ਤੇ ਕਦੇ ਭਰਾ ਦੀ ਰੱਖੜੀ ਦਾ ਵਾਸਤਾ ਦਿੱਤਾ ਜਾਂਦਾ ਹੈ ਤੇ ਕਦੇ ਉਹ ਬੱਚਿਆਂ ਦੀ ਖ਼ਾਤਰ ਸਭ ਜਰ ਜਾਂਦੀ ਹੈ।
ਮੈਨੂੰ ਲੱਗਾ ਜਿਵੇਂ ਔਰਤ ਨੂੰ ਗ਼ੁਲਾਮ ਕਰਨ ਵਾਲਾ ਹੋਰ ਕੋਈ ਨਹੀਂ। ਨਾ ਕੋਈ ਸਮਾਜ, ਨਾ ਮਰਦ। ਔਰਤ ਗ਼ੁਲਾਮ ਹੈ ਆਪਣੇ ਡਰ ਕਰਕੇ, ਆਪਣੀ ਬੇ-ਹਿੰਮਤੀ ਕਰਕੇ ਤੇ ਆਪਣੀ ਸੋਚ ਕਰਕੇ। ਬਹੁਤੀ ਵਾਰ ਉਹ ਲੜਾਈ ਇਸੇ ਲਈ ਹਾਰ ਜਾਂਦੀ ਹੈ ਕਿਉਂਕਿ ਉਹ ਲੜਾਈ ਲੜਨਾ ਹੀ ਨਹੀਂ ਚਾਹੁੰਦੀ, ਉਹ ਆਪਣੇ ਹਥਿਆਰ ਪਹਿਲਾਂ ਹੀ ਢੇਰੀ ਕਰ ਦਿੰਦੀ ਹੈ ਤੇ ਫਿਰ ਵਿਚਾਰਗੀ ਦਾ ਤਗ਼ਮਾ ਗਲ ਵਿੱਚ ਲਮਕਾ ਸਾਰੀ ਉਮਰ ਰੋਂਦੀ-ਪਿੱਟਦੀ ਕੱਢ ਦਿੰਦੀ ਹੈ। ਪਤਾ ਨਹੀਂ ਇਹ ਇਸ ਗ਼ੁਲਾਮੀ ਤੋਂ ਕਦੇ ਬਾਹਰ ਵੀ ਆ ਸਕੇਗੀ ਕਿ ਨਹੀਂ। ਇਸ ਭੋਲੇ ਪੰਛੀ ਨੂੰ ਤਾਂ ਹਾਲੇ ਇਹੀ ਸਮਝ ਨਹੀਂ ਆਈ ਕਿ ਇਹ ਸਮਾਜ ਹਮੇਸ਼ਾ ਦੋਗਲੀ ਨੀਤੀ ਹੀ ਅਪਣਾਉਂਦਾ ਰਿਹਾ ਹੈ। ਜਿਸ ਗ਼ਲਤੀ ਲਈ ਉਹ ਮਰਦ ਨੂੰ ਮੁਆਫ਼ ਕਰ ਦਿੰਦਾ ਹੈ ਤੇ ਇਹ ਕਹਿ ਕੇ ਉਸ ਨੂੰ ਉਸ ਨੂੰ ਹੋਰ ਖੁੱਲ੍ਹ ਦੇ ਦਿੰਦਾ ਹੈ ਕਿ ਮਰਦ ਦੀ ਤਾਂ ਫਿਤਰਤ ਹੈ, ਉਹ ਅਕਸਰ ਅਜਿਹੀਆਂ ਗ਼ਲਤੀਆਂ ਕਰ ਬੈਠਦਾ ਹੈ। ਜੇਕਰ ਕਿਧਰੇ ਉਹੀ ਗ਼ਲਤੀ ਔਰਤ ਕੋਲੋਂ ਹੋ ਜਾਵੇ ਤਾਂ ਉਹ ਨਾ-ਕਾਬਿਲੇ ਬਰਦਾਸ਼ਤ ਹੋ ਜਾਂਦੀ ਹੈ ਤੇ ਇੱਕ ਗੁਨਾਹ ਬਣ ਜਾਂਦੀ ਹੈ।
‘‘ਭੈਣੇ! ਤੂੰ ਸੌਂ ਜਾ ਕੇ। ਮੇਰੀ ਨਾ ਫ਼ਿਕਰ ਕਰ। ਮੇਰੀ ਹਨੇਰੀ ਜ਼ਿੰਦਗੀ ’ਚ ਨਹੀਂ ਆਉਣੀ ਰੋਸ਼ਨੀ ਕਦੇ।’’ ਉਸ ਦੇ ਬੋਲਾਂ ਨਾਲ ਮੇਰੀ ਸੋਚਾਂ ਦੀ ਲੜੀ ਟੁੱਟ ਗਈ ਤੇ ਮੈਂ ਘੜੀ ਵੱਲ ਨਿਗ੍ਹਾ ਮਾਰੀ ਗਿਆਰਾਂ ਵੱਜ ਗਏ ਸੀ।
ਮੈਂ ਜਾਂਦੀ ਹੋਈ ਨੇ ਉਸ ਦੇ ਸਿਰ ’ਤੇ ਹੱਥ ਰੱਖ ਬੱਸ ਏਨਾ ਹੀ ਕਿਹਾ, ‘‘ਹਮਮਮ! ਸੌਣ ਹੀ ਚੱਲੀ ਆਂ ਪਰ ਭੈਣੇ ਤੂੰ ਜਾਗ ਹੁਣ। ਬਥੇਰਾ ਸੌਂ ਲਿਆ ਤੂੰ। ਰੋਸ਼ਨੀ ਥੋੜ੍ਹੀ ਦੂਰ ਜ਼ਰੂਰ ਐ ਪਰ ਉਹਨੂੰ ਵੇਖ ਤਾਂ ਸਹੀ। ਉਹ ਵੇਖ ਦੂਰ ਦਿਸੇਂਦੀ ਰੋਸ਼ਨੀ।’’ ਤੇ ਉਹ ਡੌਰ-ਭੌਰੀ ਹੋਈ ਮੈਨੂੰ ਵੇਖਦੀ ਰਹੀ ਜਿਵੇਂ ਮੇਰੀ ਗੱਲ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੀ ਹੋਵੇ।

Advertisement

ਈ-ਮੇਲ: gurmeensran21@gmail.com
ਸੰਪਰਕ: 94630-61800

Advertisement
Author Image

sukhwinder singh

View all posts

Advertisement
Advertisement
×