ਵਿੱਥ
ਬੂਟਾ ਸਿੰਘ ਚੌਹਾਨ
ਦੀਵਾਲੀ ਦੇ ਨੇੜੇ-ਤੇੜੇ ਦੇ ਦਿਨ ਸਨ। ਬਾਜ਼ਾਰ ਤੜਕੇ ਛੇਤੀ ਖੁੱਲ੍ਹ ਜਾਂਦਾ। ਮੰਡੀ ਦਾ ਬਾਹਰਲਾ ਬਾਜ਼ਾਰ ਸੀ ਇਹ। ਛੋਟੇ-ਛੋਟੇ ਧੰਦੇ ਕਰਨ ਵਾਲਿਆਂ ਨੂੰ ਗਲ਼ ਨਾਲ ਲਾਈ ਬੈਠਾ ਸੀ। ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਸੀ ਤਰ੍ਹਾਂ-ਤਰ੍ਹਾਂ ਦੇ ਲੋਕ। ਕੋਈ ਪੱਖੇ ਸੰਵਾਰਦਾ। ਕੋਈ ਮਸ਼ੀਨਾਂ। ਕੋਈ ਟੇਪ ਰਿਕਾਰਡਾਂ। ਕੋਈ ਘੜੀਆਂ ਤੇ ਕੋਈ ਤਸਵੀਰਾਂ ਜੜ ਕੇ ਦਿੰਦਾ। ਦੋ-ਤਿੰਨ ਨਿੱਕੇ-ਨਿੱਕੇ ਹਲਵਾਈ ਸਨ। ਗੱਲ ਕੀ, ਭਾਂਤ-ਭਾਂਤ ਦੀ ਲੱਕੜ ਇਕੱਠੀ ਹੋਈ ਸੀ ਸਾਡੇ ਵਾਲੇ ਪਾਸੇ।
ਮੇਰੀ ਸਿਲਾਈ ਦੀ ਦੁਕਾਨ ਸੀ। ਮੇਰੇ ਸਾਹਮਣੇ ਪਵਨੇ ਬਿਸਕੁਟਾਂ ਵਾਲ਼ੇ ਦੀ ਦੁਕਾਨ।
ਪਵਨਾ ਤੜਕੇ ਪੰਜ ਕੁ ਵਜੇ ਬਿਸਕੁਟਾਂ ਵਾਲੀ ਭੱਠੀ ਤਪਾ ਲੈਂਦਾ। ਹੁਣ ਵਾਂਗ ਬਿਜਲੀ ਵਾਲੀਆਂ ਮਸ਼ੀਨਾਂ ਨਹੀਂ ਸੀ ਆਈਆਂ। ਨਾ ਹੀ ਅੱਖ ਦੀ ਝਮਕ ’ਚ ਬਿਸਕੁਟ ਬਣਦੇ ਸੀ। ਪਹਿਲਾਂ ਬਿਸਕੁਟਾਂ ਵਾਲਾ ਸਾਮਾਨ ਕੜਾਹੀ ’ਚ ਪਾਉਂਦੇ। ਫੇਰ ਰਲਾਉਂਦੇ। ਗੁੱਥੀਆਂ ’ਚ ਪਾ ਕੇ ਬਿਸਕੁਟ ਟੁਕਦੇ। ਫੇਰ ਟੁੱਕੇ ਹੋਏ ਬਿਸਕੁਟਾਂ ਵਾਲੇ ਪੱਤਰੇ ਭੱਠੀ ’ਚ ਲਾਉਂਦੇ। ਸੇਕ ਵੱਧ-ਘੱਟ ਕਰਨ ਲਈ ਭੱਠੀ ਦੇ ਮੂੰਹ ’ਤੇ ਲੋਹੇ ਦਾ ਢੱਕਣ ਲਾਉਂਦੇ, ਹਟਾਉਂਦੇ।
ਦੀਵਾਲੀ ਕਰਕੇ ਪਵਨੇ ਦੀ ਦੁਕਾਨ ’ਤੇ ਛੇ-ਸੱਤ ਵਜੇ ਲੋਕ ਆ ਕੇ ਵਾਰੀ ਰੋਕਣ ਲਈ ਬਹਿ ਜਾਂਦੇ। ਮੰਡੀ ਦੇ ਪਿੰਡ ਵਾਲੇ ਪਾਸਿਉਂ ਵੀ ਲੋਕ ਆਉਂਦੇ। ਆਲੇ-ਦੁਆਲੇ ਦੇ ਦਸ-ਪੰਦਰਾਂ ਪਿੰਡਾਂ ’ਚੋਂ ਵੀ।
ਮੈਂ ਤੜਕੇ ਸੱਤ ਕੁ ਵਜੇ ਦੁਕਾਨ ਖੋਲ੍ਹਦਾ ਸੀ। ਵਾਰੀ ਰੋਕਣ ਵਾਲੇ ਲੋਕ ਪਵਨੇ ਦੀ ਦੁਕਾਨ ਅੱਗੇ ਡਹੇ ਲੱਕੜ ਦੇ ਬੈਂਚਾਂ ’ਤੇ ਵੀ ਬਹਿੰਦੇ। ਬੰਦ ਪਈਆਂ ਦੁਕਾਨਾਂ ਦੇ ਥੜ੍ਹਿਆਂ ’ਤੇ ਵੀ। ਲੋਕਾਂ ਕੋਲ ਪੀਪਿਆਂ ’ਚ ਨਾਲ ਲਿਆਂਦਾ ਸੀਧਾ-ਪੱਤਾ ਹੁੰਦਾ। ਦੇਸੀ ਘਿਉ ਵੀ। ਪਾਣੀ ਦੀ ਥਾਂ ਪਾਉਣ ਲਈ ਦੁੱਧ ਦੀਆਂ ਬੋਤਲਾਂ।
ਵਾਰੀ ਰੋਕਣ ਵਾਲੀਆਂ ਔਰਤਾਂ ਦੀ ਗਿਣਤੀ ਬੰਦਿਆਂ ਨਾਲੋਂ ਕਿਤੇ ਵੱਧ ਹੁੰਦੀ। ਬੁੜ੍ਹੀਆਂ ਤੇ ਕੁੜੀਆਂ ਵੀ। ਵਿਚ-ਵਿਚ ਸੱਜ-ਵਿਆਹੀਆਂ ਵੀ ਹੁੰਦੀਆਂ।
ਪਵਨਾ ਮੇਰਾ ਮਿੱਤਰ ਸੀ। ਉਂਝ ਉਹ ਗੱਲੇ ’ਤੇ ਬਹਿੰਦਾ ਸੀ। ਹੁਣ ਦੀਵਾਲੀ ਕਰਕੇ ਕੜਾਹੀ ’ਤੇ ਬਹਿੰਦਾ। ਸਾਮਾਨ ਘੋਲ਼-ਘੋਲ਼ ਕੇ ਕਾਰੀਗਰਾਂ ਨੂੰ ਘਾਣੀਆਂ ਬਣਾ-ਬਣਾ ਦਿੰਦਾ। ਮੇਰੇ ਨਾਲ ਅੱਖ ਮਿਲਦੀ। ਹੱਸਦਾ। ਅੱਖਾਂ ’ਚੋਂ ਆਏ ਲੋਕਾਂ ਦੀ ਖ਼ੁਸ਼ੀ ਝਲਕਦੀ।
ਮੈਂ ਕਾਊਂਟਰ ’ਤੇ ਖੜ੍ਹਾ ਕੱਪੜੇ ਕੱਟ ਰਿਹਾ ਸੀ। ਮੇਰੀ ਪਵਨੇ ਨਾਲ ਅੱਖ ਮਿਲੀ। ਪਵਨੇ ਦੀ ਦੀਵਾਲੀ ਹੁਣ ਆਈ ਸੀ। ਮੇਰੀ ਸਾਧ ਵਾਂਗ ਸਦਾ ਦੀਵਾਲੀ ਸੀ। ਗਾਹਕ ਹਨੇਰੀ ਵਾਂਗ ਆਉਂਦੇ-ਜਾਂਦੇ।
ਪਵਨੇ ਦੀ ਦੁਕਾਨ ਦੇ ਅੱਗੇ ਡਹੇ ਬੈਂਚ ਭਰੇ ਹੋਏ ਸੀ। ਇੱਕ ਬੈਂਚ ’ਤੇ ਤਿੰਨ-ਤਿੰਨ ਚਾਰ-ਚਾਰ ਔਰਤਾਂ ਬੈਠੀਆਂ ਸਨ। ਮੈਂ ਕੱਪੜੇ ਕਟਦੇ-ਕਟਦੇ ਨੇ ਪਹਿਲੇ ਬੈਂਚ ’ਤੇ ਤਰਦੀ ਜਿਹੀ ਨਿਗ੍ਹਾ ਮਾਰੀ। ਨਿਗ੍ਹਾ ਕੀ ਮਾਰੀ, ਨਿਗ੍ਹਾ ਨੂੰ ਜਿਵੇਂ ਜੂੜ ਪੈ ਗਿਆ। ਸਿਰੇ ਵਾਲੇ ਬੈਂਚ ’ਤੇ ਨਖ਼ਰੇਲੋ ਬੈਠੀ ਸੀ- ਮੇਰੇ ਪਿੰਡ ਦੀ ਮੇਰੇ ਨਾਲ ਪੰਜਵੀਂ ਤੱਕ ਪੜ੍ਹੀ ਜਮਾਤਣ।
ਉਹਦਾ ਨਾਂ ਤਾਂ ਕੋਈ ਹੋਰ ਸੀ। ਨਖ਼ਰੇ ਕਾਰਨ ਨਾਲ ਦੀਆਂ ਕੁੜੀਆਂ ਨੇ ਤੇ ਉਹਦਾ ਨਾਂ ਨਖ਼ਰੇਲੋ ਰੱਖਿਆ ਹੋਇਆ ਸੀ।
ਜ਼ਮੀਨ ਉਨ੍ਹਾਂ ਕੋਲ ਬਹੁਤ ਸੀ। ਗਲੀ ਦੇ ਅੱਠ-ਦਸ ਘਰਾਂ ਜਿੰਨੀ। ਜਦੋਂ ਕਿਸੇ ਵੱਲ ਵੇਖਦੀ, ਜ਼ਮੀਨ ਤੇ ਜਾਤ ਨਖ਼ਰਾ ਬਣ ਜਾਂਦੇ। ਗੱਲ ਵੀ ਚੱਕਵੀਂ ਕਰਦੀ। ਧਰਤੀ ’ਤੇ ਪੈਰ ਨਾ ਲੱਗਣ ਦਿੰਦੀ।
ਪੜ੍ਹਾਈ ’ਚ ਉਹਦਾ ਮੁਕਾਬਲਾ ਮੇਰੇ ਨਾਲ ਸੀ। ਸਾਡਾ ਖਾਂਘੂ ਜਿਹਾ ਮਾਸਟਰ ਉਹਦਾ ਨਾਂ ਲੈ ਕੇ ਕਹਿੰਦਾ, ‘‘ਉੱਠ ਕੇ ਪਾਠ ਸੁਣਾ।’’
ਉਹ ਪੰਜਾਬੀ ਦਾ ਕੋਈ ਪਾਠ ਪੜ੍ਹਨਾ ਸ਼ੁਰੂ ਕਰਦੀ। ਸ਼ਬਦ ਚੱਬ-ਚੱਬ ਕੇ ਬੋਲਦੀ। ਪਾਠ ਪੜ੍ਹਦੀ ਇਉਂ ਲੱਗਦੀ, ਜਿਵੇਂ ਪਹਾੜ ਦੀ ਟੀਸੀ ’ਤੇ ਖੜ੍ਹੀ ਹੋਵੇ। ਅਸੀਂ ਹੇਠਾਂ ਤੁਰਦੇ-ਫਿਰਦੇ ਕੀੜੇ-ਮਕੌੜੇ ਹੋਈਏ। ਪਿਉ ਦੀ ਜ਼ਮੀਨ ਦਾ ਰੰਗ ਉਹਦੇ ਮੂੰਹ ’ਤੇ ਦਗ-ਦਗ ਕਰਦਾ। ਸਾਡੀ ਜਮਾਤ ’ਤੇ ਉਹਦੀ ਸਰਦਾਰੀ ਸੀ। ਅੱਧੀ ਛੁੱਟੀ ਉਹ ਮਾਸਟਰ ਦੀ ਰੋਟੀ ਲੈ ਕੇ ਆਉਂਦੀ। ਕਦੇ-ਕਦੇ ਵਾਰੀ ਤੋੜਨ ਲਈ ਹੀ ਖਾਂਘੂ ਮਾਸਟਰ ਹੋਰ ਕਿਸੇ ਮੁੰਡੇ-ਕੁੜੀ ਨੂੰ ਰੋਟੀ ਲਿਆਉਣ ਲਈ ਕਹਿੰਦਾ। ਮੇਰੇ ਵਰਗਿਆਂ ਦੀਆਂ ਸੁੱਕੀਆਂ ਰੋਟੀਆਂ ਤੋਂ ਉਹਨੇ ਕੀ ਲੈਣਾ ਸੀ। ਨਖ਼ਰੇਲੋ ਦੀ ਰੋਟੀ ’ਚ ਛੱਤੀ ਪਦਾਰਥ ਹੁੰਦੇ ਤੇ ਸਾਡਾ ਚਟਣੀ ਸੰਸਾਰ।
ਨਖ਼ਰੇਲੋ ਦੇ ਨਾਲ ਮਿਸਤਰੀਆਂ ਦੀ ਘਸੀ ਜਿਹੀ ਕੁੜੀ ਬਹਿੰਦੀ ਸੀ। ਮਾਸਟਰ ਉਰ੍ਹਾਂ-ਪਰ੍ਹਾਂ ਹੁੰਦਾ। ਉਹ ਘਸੀ ਕੁੜੀ ਨੂੰ ਕਹਿੰਦੀ, ‘‘ਚੱਲ ਨੀ! ਪਾਣੀ ਪੀ ਕੇ ਆਈਏ।’’
ਘਸੀ ਕੁੜੀ ਦੇ ਚੱਪਲਾਂ ਪਾਈਆਂ ਹੁੰਦੀਆਂ। ਨਖ਼ਰੇਲੋ ਦੇ ਕਾਲੀ ਕੁਰਮ ਦੀ ਨਾਗ ਵਰਗੀ ਜੁੱਤੀ। ਮੈਂ ਚਿਤਵਦਾ, ‘ਇਹ ਕਦੇ ਮੈਨੂੰ ਕਹੇ, ਚੱਲ ਵੇ! ਪਾਣੀ ਪੀਣ ਚੱਲੀਏ’ ਪਰ ਮੇਰਾ ਇਹ ਭੁਲੇਖਾ ਸੀ- ਧਰਤੀ ਆਸਮਾਨ ਇੱਕ ਹੋਣ ਵਰਗਾ।
ਮਾਸਟਰ ਸਾਡਾ ਕਾਮਰੇਡ ਸੀ- ਇਮਾਨਦਾਰ ਪੂਰਾ। ਉਹਦੇ ’ਚ ਨਖ਼ਰੇਲੋ ਦੀ ਖਾਧੀ ਰੋਟੀ ਬੋਲਦੀ ਤਾਂ ਸੀ ਪਰ ਸਾਡੀ ਸੰਘੀ ਨਹੀਂ ਸੀ ਘੁਟਦੀ। ਸਭ ਨੂੰ ਇੱਕ ਅੱਖ ਨਾਲ ਵੇਖਦਾ। ਕਦੇ-ਕਦੇ ਆਸਮਾਨ ਨੂੰ ਹੱਥ ਲਾਉਂਦੀ ਨਖ਼ਰੇਲੋ ਦੇ ਅੰਦਰ ਵੀ ਝਾਤੀ ਮਰਵਾ ਦਿੰਦਾ। ਮੈਂ ਸੋਚਦਾ, ਉਹਦੇ ਨਖ਼ਰੇਲੋ ਦਾ ਰੋਟੀ-ਪਾਣੀ ਹਜ਼ਮ ਕਿਵੇਂ ਆਉਂਦਾ ਸੀ? ਉਹਦੀ ਹਰ ਗੱਲ ਲੱਖ-ਲੱਖ ਦੀ ਹੁੰਦੀ। ਮੈਂ ਧਿਆਨ ਨਾਲ ਸੁਣਦਾ। ਉਹਦੀਆਂ ਗੱਲਾਂ ਮੈਨੂੰ ਤਰਾਸ਼ ਰਹੀਆਂ ਸੀ। ਨਖ਼ਰੇਲੋ ਦੇ ਖ਼ਾਨੇ ’ਚ ਉਹਦੀ ਕੋਈ ਗੱਲ ਨਹੀਂ ਸੀ ਪੈਂਦੀ ਜਾਂ ਜਿਹੜੇ ਖ਼ਾਨੇ ਵਾਸਤੇ ਉਹਦੀਆਂ ਗੱਲਾਂ ਸੀ, ਨਖ਼ਰੇਲੋ ਦੇ ਉਹ ਖ਼ਾਨਾ ਹੀ ਨਹੀਂ ਸੀ।
ਮਾਸਟਰ ਨੇ ਇੱਕ ਵਾਰੀ ਸਾਨੂੰ ਕਿਹਾ, ਅਸੀਂ ਪਿੰਡ ਦੇ ਸਰਪੰਚ ਬਾਰੇ ਲੇਖ ਲਿਖੀਏ। ਸਾਨੂੰ ਲੰਮੇ ਵਰਾਂਡੇ ’ਚ ਬਹਾ ਕੇ ਆਪ ਉਹ ਕੁਰਸੀ ਡਾਹ ਕੇ ਸਿਰੇ ’ਤੇ ਬੈਠ ਗਿਆ। ਵਰਾਂਡਾ ਲੰਮਾ ਸੀ। ਦੋ ਕਤਾਰਾਂ ਬਣਾਈਆਂ। ਸਾਡੇ ਵਿਚਕਾਰ ਸੱਤ-ਅੱਠ ਫੁੱਟ ਥਾਂ ਸੀ। ਅੱਗੇ-ਪਿੱਛੇ ਵੀ ਏਨੀ-ਏਨੀ। ਅਸੀਂ ਹਿਸਾਬ ਵਾਲੀ ਕੋਰੀ ਕਾਪੀ ’ਚੋਂ ਸਾਂਝੇ ਵਰਕੇ ਪਾੜ ਲਏ।
ਮੌਕੇ ’ਤੇ ਉਹਨੇ ਸਾਨੂੰ ਲੇਖ ਲਿਖਣ ਲਈ ਕਿਹਾ ਸੀ। ਪਹਿਲਾਂ ਦੱਸਿਆ ਹੁੰਦਾ, ਅਸੀਂ ਯਾਦ ਕਰਕੇ ਆਉਂਦੇ। ਜੇ ਲੇਖ ਲਿਖਿਆ ਨਾ ਹੁੰਦਾ, ਕਿਸੇ ਤੋਂ ਪੁੱਛ-ਪੁਛਾ ਕੇ ਆਉਂਦੇ। ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਮਾਸਟਰ ਨੇ ਕਿਹਾ ਸੀ, ‘‘ਝੂਠ ਨਹੀਂ ਲਿਖਣਾ। ਜਿਸ ਤਰ੍ਹਾਂ ਦਾ ਸਰਪੰਚ ਹੈ ਜਾਂ ਤੁਹਾਡੇ ਗਲ਼ੀ-ਮੁਹੱਲੇ ’ਚ ਉਹਨੇ ਕੰਮ ਕੀਤੇ ਨੇ, ਓਹੀ ਲਿਖਿਓ।’’
ਮੈਂ ਲਿਖਣ ਲੱਗ ਪਿਆ ਸੀ। ਨਖ਼ਰੇਲੋ ਮੂੰਹ ’ਚ ਪੈਨਸਿਲ ਲਈ ਬੈਠੀ ਸੀ। ਦਿਖਾਵਾ ਕਰ ਰਹੀ ਸੀ, ਉਹ ਸੋਚ ਰਹੀ ਹੈ ਪਰ ਸੋਚ ਨਹੀਂ ਸੀ ਰਹੀ। ਉਲ਼ਝੀ ਹੋਈ ਸੀ। ਸਮੇਂ ਨੂੰ ਧੱਕਾ ਦੇ ਰਹੀ ਸੀ। ਨਿਗ੍ਹਾ ਖਿੰਡੀ ਹੋਈ ਸੀ।
ਲੇਖ ਲਿਖਣ ਦਾ ਸਮਾਂ ਵੀਹ ਮਿੰਟ ਸੀ। ਸਭ ਨੇ ਸਮਝ ਅਨੁਸਾਰ ਗੱਲਾਂ ਲਿਖੀਆਂ। ਵਿਹੜੇ ਵਾਲੇ ਇੱਕ ਮੁੰਡੇ ਨੇ ਲਿਖਿਆ ਸੀ, ਸਾਡੇ ਦੋਹਾਂ ਵਿਹੜਿਆਂ ਵਿਚਾਲ਼ੇ ਸਰਪੰਚ ਨੇ ਗੰਦੇ ਪਾਣੀ ਵਾਲੀ ਛੱਪੜੀ ਬਣਾਈ ਹੋਈ ਹੈ ਜਿਸ ਵਿੱਚ ਸਾਰੇ ਪਿੰਡ ਦਾ ਗੰਦਾ ਪਾਣੀ ਪੈਂਦਾ ਹੈ। ਮੱਛਰ ਭਿਣਕਦੇ ਰਹਿੰਦੇ ਨੇ। ਮੀਂਹ ਪਏ ਤੋਂ ਭੈੜਾ ਮੁਸ਼ਕ ਮਾਰਦਾ ਹੈ।
ਨਖ਼ਰੇਲੋ ਨੇ ਲਿਖਿਆ ਸੀ, ਉਨ੍ਹਾਂ ਦੀ ਗਲ਼ੀ ਸਭ ਤੋਂ ਪਹਿਲਾਂ ਇੱਟਾਂ ਵਾਲੀ ਬਣੀ ਸੀ। ਹੁਣ ਸਰਪੰਚ ਨੂੰ ਪਿੰਡ ’ਚ ਅੱਠਵੀਂ ਦਾ ਸਕੂਲ ਬਣਾਉਣਾ ਚਾਹੀਦਾ ਹੈ।
ਮੈਂ ਲਿਖਿਆ ਸੀ, ਸਰਪੰਚ ਵੋਟਾਂ ਵੇਲ਼ੇ ਸਾਡੇ ਘਰਾਂ ਕੋਲ ਇੱਕ ਦੁਕਾਨ ’ਤੇ ਆਇਆ ਸੀ। ਉਹਨੇ ਸਾਨੂੰ ਕੋਲ ਸੱਦ ਕੇ ਹੱਟ ਤੋਂ ਮਿੱਠੀਆਂ ਗੋਲ਼ੀਆਂ ਤੇ ਮਖਾਣੇ ਦਿਵਾਏ ਸੀ। ਫੇਰ ਕਿਹਾ ਸੀ, ਤੁਸੀਂ ਕੱਲ੍ਹ ਨੂੰ ਆਪਣੇ ਘਰੋਂ ਸੂਹ ਲੈ ਕੇ ਆਇਓ। ਤੁਹਾਡੇ ਘਰ ਦੇ ਕੀਹਨੂੰ ਵੋਟਾਂ ਪਾਉਣ ਦੀਆਂ ਗੱਲਾਂ ਕਰਦੇ ਸੀ। ਇਹ ਵੀ ਕਿਹਾ ਸੀ, ਕੱਲ੍ਹ ਨੂੰ ਉਹ ਲੂਣ ਵਾਲ਼ੀਆਂ ਪਕੌੜੀਆਂ ਤੇ ਮਖਾਣੇ ਦਿਵਾਵੇਗਾ।
ਮੈਂ ਲਿਖਿਆ ਸੀ: ਸਰਪੰਚ ਬੱਚਿਆਂ ਨੂੰ ਲਾਲਚ ਦੇ ਕੇ ਵਿਗਾੜ ਰਿਹਾ ਹੈ। ਲਾਲਚੀ ਬਣਾ ਰਿਹਾ ਹੈ। ਇਹ ਗੱਲ ਮਾੜੀ ਹੈ।
ਮੈਂ ਲੇਖ ਲਿਖਣ ’ਚ ਅੱਵਲ ਆਇਆ। ਵਿਹੜੇ ਵਾਲਾ ਮੁੰਡਾ ਦੂਜੇ ਨੰਬਰ ’ਤੇ। ਤੀਜੇ ਨੰਬਰ ’ਤੇ ਮਿਸਤਰੀਆਂ ਦਾ ਇੱਕ ਮੁੰਡਾ ਆਇਆ ਸੀ। ਉਹਨੇ ਲਿਖਿਆ ਸੀ, ਸਰਪੰਚ ਨੇ ਸਾਡੀ ਬੀਹੀ ’ਚ ਨਾਲ਼ੀਆਂ ਵੀ ਨਹੀਂ ਬਣਾਈਆਂ। ਇੱਟਾਂ ਵੀ ਨਹੀਂ ਲਾਈਆਂ। ਨਖ਼ਰੇਲੋ ਤਿੰਨਾਂ ’ਚ ਨਹੀਂ ਸੀ ਆਈ। ਗੱਲ ਕੀ, ਲੇਖ ਮੁਕਾਬਲੇ ’ਚੋਂ ਭਾਲ਼ੀ ਵੀ ਨਹੀਂ ਸੀ ਥਿਆਈ।
ਨਤੀਜਾ ਸੁਣ ਕੇ ਉਹਦੀ ਥੋੜ੍ਹੀ ਜਿਹੀ ਅੱਖ ਨੀਵੀਂ ਤਾਂ ਹੋਈ ਸੀ ਪਰ ਸਿਰ ਨਹੀਂ ਸੀ ਨੀਵਾਂ ਹੋਇਆ। ਉਸ ਨੇ ਉਸ ਦਿਨ ਲੇਖ ਮੁਕਾਬਲੇ ’ਚ ਪੁਜ਼ੀਸ਼ਨ ਨਾ ਆਉਣ ਦਾ ਗੁੱਸਾ ਮੇਰੇ ’ਤੇ ਕੱਢ ਦਿੱਤਾ ਸੀ। ਕੁਝ ਦਿਨ ਪਹਿਲਾਂ ਮੈਂ ਉਸ ਦੇ ਘਰ ਕੋਲ ਕਿਸੇ ਫ਼ੌਜੀ ਦੇ ਘਰ ਗਿਆ ਸੀ। ਉਹਨੇ ਜੁਆਕਾਂ ਨੂੰ ਮਿੱਠੇ ਚੌਲ਼ਾਂ ਦਾ ਯੱਗ ਕੀਤਾ ਸੀ। ਮੈਨੂੰ ਬਾਟੀ ਲਈ ਆਉਂਦੇ ਨੂੰ ਨਖ਼ਰੇਲੋ ਨੇ ਵੇਖ ਲਿਆ ਸੀ। ਇੱਕ ਦਿਨ ਜਾਂਦੀ ਨੂੰ ਮੈਂ ਪੁੱਛ ਬੈਠਾ ਕਿ ਉਹ ਚੌਲ ਖਾਣ ਕਿਉਂ ਨਹੀਂ ਆਈ?
ਉਹ ਹੰਕਾਰ ’ਚ ਕਹਿੰਦੀ, ‘‘ਲੋਕਾਂ ਦੇ ਘਰੇ ਚੌਲ਼ ਖਾਣ ਤਾਂ ਲਾਗੀ ਜਾਂਦੇ ਹੁੰਦੇ ਐ। ਮੈਨੂੰ ਕੀ ਲੋੜ ਸੀ ਫ਼ੌਜੀ ਦੇ ਘਰੇ ਜਾਣ ਦੀ? ਅਸੀਂ ਕੋਈ ਲਾਗੀ ਆਂ?’’
ਉਹਦੇ ਸ਼ਬਦ ਮੇਰੀ ਹਿੱਕ ’ਚ ਤੀਰ ਵਾਂਗ ਵੱਜੇ। ਜਵਾਬ ਮੇਰੇ ਕੋਲ ਹੈ ਨਹੀਂ ਸੀ। ਕਹਿੰਦਾ ਤਾਂ ਕੀ ਕਹਿੰਦਾ? ਫੇਰ ਸੋਚਿਆ, ਕਿਸੇ ਦੇ ਘਰੇ ਚੌਲ ਖਾਣ ਜਾਣ ਵਾਲਾ ਲਾਗੀ ਹੀ ਹੈ। ਹੋਰ ਕੀ ਐ ਉਹ? ਮੇਰੇ ਮੂੰਹ ’ਚੋਂ ਜੀਭ ਡਿੱਗ ਪਈ ਸੀ। ਕੰਧ ਬਣ ਗਿਆ ਸੀ।
ਮੈਂ ਘਰੇ ਜਾ ਕੇ ਮਾਂ ਤੋਂ ਪੁੱਛਿਆ, ‘‘ਬੇਬੇ! ਆਪਾਂ ਲਾਗੀ ਆਂ?’’
ਉਹ ਕਹਿੰਦੀ, ‘‘ਹਾਂ ਪੁੱਤ! ਆਪਾਂ ਲਾਗੀ ਆਂ। ਇਹ ਪਹਿਲਾਂ ਦੀਆਂ ਗੱਲਾਂ ਨੇ। ਤੇਰਾ ਪਿਉ ਤੇ ਤਾਇਆ ਵਿਆਹਾਂ ਵੇਲ਼ੇ ਕੋਰੇ ਵਿਛਾਉਣ ਜਾਂਦੇ ਹੁੰਦੇ ਸੀ।’’
ਮੈਂ ਕਿਹਾ, ‘‘ਕੋਰੇ ਕੀ?’’
ਉਹ ਕਹਿੰਦੀ, ‘‘ਕੋਰੇ ਖੱਦਰ ਦੇ ਹੁੰਦੇ ਸੀ। ਇੱਕ ਪਿਛਾਉੜੀ ’ਚ ਵੀਹ ਗਜ਼ ਹੁੰਦਾ ਸੀ। ਜਦੋਂ ਜੱਟਾਂ ਦੇ ਰਿਸ਼ਤੇਦਾਰ ਰੋਟੀ ਖਾਣ ਬਹਿੰਦੇ ਸੀ, ਆਪਾਂ ਕੋਰੇ ਵਿਛਾ ਦਿੰਦੇ। ਉਹ ਉੱਤੇ ਬਹਿ ਕੇ ਰੋਟੀ ਖਾਂਦੇ। ਰਿਸ਼ਤੇਦਾਰ ਘੱਟ ਹੁੰਦੇ। ਆਪਾਂ ਦੋ ਪਿਛਾਉੜੀਆਂ ਲੈ ਜਾਂਦੇ। ਜ਼ਿਆਦੇ ਹੁੰਦੇ, ਦੋ ਹੋਰ ਲੈ ਜਾਂਦੇ। ਆਪਣੇ ਘਰੇ ਅੱਠ-ਦਸ ਪਿਛਾਉੜੀਆਂ ਸੀ।’’
ਮੈਂ ਲਾਗੀ ਹੋਣਾ ਮੰਨ ਲਿਆ ਸੀ ਪਰ ਬੇਬੇ ਦੱਸ ਰਹੀ ਸੀ, ‘‘ਵਿਆਹ ਹੋਏ ਤੋਂ ਲੋਕ ਆਪਾਂ ਨੂੰ ਪੰਜ-ਦਸ ਰੁਪਈਏ ਵੀ ਦਿੰਦੇ। ਮਠਿਆਈ ਵੀ। ਚੌਲ ਬਚੇ ਹੁੰਦੇ, ਉਹ ਵੀ ਦੇ ਦਿੰਦੇ। ਆਪਾਂ ਧੁੱਪੇ ਸੁਕਾ ਲੈਂਦੇ। ਗੁੜ ਆਲ਼ੇ ਪਾਣੀ ’ਚ ਉਬਾਲ਼-ਉਬਾਲ਼ ਕੇ ਕਈ-ਕਈ ਦਿਨ ਖਾਈ ਜਾਂਦੇ ਪਰ ਆਪਾਂ ਕਦੇ ਜੂਠੇ ਲੱਡੂ-ਜਲੇਬੀਆਂ ਨਹੀਂ ਸੀ ਲਿਆਂਦੇ।’’
ਮੈਂ ਕਿਹਾ, ‘‘ਉਹ ਕੌਣ ਲੈ ਕੇ ਜਾਂਦਾ ਸੀ?’’
ਉਹ ਕਹਿੰਦੀ, ‘‘ਵਿਹੜੇ ਆਲ਼ੇ ਸੰਭਰਨ ਆਉਂਦੇ ਹੁੰਦੇ। ਉਹ ਲੈ ਕੇ ਜਾਂਦੇ ਸੀ। ਇੱਕ ਪਾਸੇ ਬੱਠਲ਼ ਲਾਇਆ ਹੁੰਦਾ ਸੀ। ਨੈਣ ਭਾਂਡੇ ਮਾਂਜਣ ਤੋਂ ਪਹਿਲਾਂ ਜੂਠ ਬੱਠਲ਼ ’ਚ ਪਾਈ ਜਾਂਦੀ। ਉਹ ਲੈ ਜਾਂਦੇ ਸੀ।’’
ਮੈਨੂੰ ਉਦੋਂ ਲੱਗਦਾ, ਚਲੋ ਅਸੀਂ ਵਿਹੜੇ ਵਾਲਿਆਂ ਨਾਲੋਂ ਤਾਂ ਚੰਗੇ ਹੀ ਹਾਂ, ਪਰ ਪਿੱਛੋਂ ਪਤਾ ਲੱਗਿਆ, ਕੀ ਚੰਗੇ ਸੀ ਅਸੀਂ ਵਿਹੜੇ ਵਾਲਿਆਂ ਤੋਂ? ਉੱਨੀ-ਇੱਕੀ ’ਚ ਕੀ ਫ਼ਰਕ ਹੁੰਦੈ? ਭੁਲੇਖਾ ਸੀ- ਨਿਰਾ ਭੁਲੇਖਾ।
ਨਖ਼ਰੇਲੋ ਦੀ ਮੇਰੇ ਮਨ ’ਚ ਥਾਂ ਸੀ। ਉਹਦੇ ਪਿੰਡੇ ’ਤੇ ਮੇਰੇ ਨਾਲੋਂ ਮਾਸ ਵੱਧ ਸੀ। ਰੰਗ ਤਾਂ ਪਿੱਤਲ਼ ਦੇ ਭਾਂਡੇ ਵਰਗਾ ਹੈ ਹੀ ਸੀ। ਦੋ-ਤਿੰਨ ਉਂਗਲ਼ਾਂ ਮੈਥੋਂ ਉੱਚੀ ਵੀ ਸੀ। ਗੱਲ ਕੀ, ਸਭ ਕੁਝ ਠੀਕ-ਠਾਕ ਸੀ। ਮੇਰੀ ਰੂਹ ’ਚ ਵਸੀ ਹੋਈ ਸੀ ਉਹ। ਮੈਂ ਸੋਚਦਾ, ਜੇ ਕਿਤੇ ਇਹ ਬੋਲ-ਵਿਗਾੜ ਨਾ ਹੁੰਦੀ। ਗੱਲ ਬਣ ਜਾਣੀ ਸੀ। ਕੋਇਆਂ ਥਾਣੀਂ ਝਾਕਦੀ ਉਹ ਮੇਰੇ ਵੱਲ ਵੀ ਰਹਿੰਦੀ ਸੀ। ਜਦੋਂ ਉਹ ਬਹੁਤੀ ਤਿੜਕਦੀ ਜਾਂ ਧਰਤੀ ’ਤੇ ਵੇਖਦੀ ਹੀ ਨਾ, ਸੋਚਦਾ, ਮੁੜ ਕੇ ਉਹਨੂੰ ਨਹੀਂ ਬੁਲਾਉਣਾ। ਜੇ ਇਹ ਵੱਡੇ ਘਰ ਦੀ ਐ, ਮੈਂ ਕਿਹੜਾ ਇਹਤੋਂ ਪੜ੍ਹਾਈ ’ਚ ਘੱਟ ਆਂ। ਹੋਵੇਗੀ, ਆਵਦੇ ਘਰੇ। ਮੇਰੇ ’ਤੇ ਡੀ.ਸੀ. ਤਾਂ ਨਹੀਂ ਲੱਗੀ ਹੋਈ? ਫ਼ੈਸਲਾ ਤਾਂ ਕਰਦਾ ਉਹਨੂੰ ਮੁੜ ਕੇ ਨਾ ਬੁਲਾਉਣ ਦਾ ਪਰ ਸੋਚੀ ਗੱਲ ’ਤੇ ਖਰਾ ਨਾ ਉਤਰਿਆ ਜਾਂਦਾ। ਉਹਦਾ ਤਪ-ਤੇਜ ਪੇਸ਼ ਨਾ ਜਾਣ ਦਿੰਦਾ।
ਆਉਣ ਵੇਲ਼ੇ ਕੋਈ ਨਾ ਕੋਈ ਗੱਲ ਹੋ ਜਾਂਦੀ ਸੀ। ਹਰ ਵਾਰ ਉਹਦੀ ਆਕੜ ਮੇਰੇ ਗਿੱਟੇ-ਗੋਡੇ ਭੰਨਦੀ। ਮੈਂ ਸੋਚਦਾ, ‘ਇਹ ਗੱਲ ਕੀ ਹੈ? ਜੇ ਗੱਲ ਹੈ ਤਾਂ ਕਿਉਂ ਹੈ? ਮੇਰੀ ਨਿਆਣ-ਮੱਤ ਗੱਲ ਦੀ ਗਹਿਰਾਈ ਤੱਕ ਜਾਣ ਜੋਗਰੀ ਨਹੀਂ ਸੀ। ਮੈਂ ਸੋਚਦਾ, ਸਰਪੰਚ ਵਾਲੇ ਲੇਖ ’ਚ ਮੈਂ ਕਾਹਨੂੰ ਅੱਵਲ ਆਉਣਾ ਸੀ? ਮਾਸਟਰ ਨੇ ਕੰਡੇ ਬੀਜੇ ਨੇ ਮੇਰੇ ਰਾਹ ’ਚ।
ਮੈਂ ਉਹਨੂੰ ਭੁੱਲਣ ਦਾ ਯਤਨ ਕਰਦਾ। ਨਾ ਬੁਲਾਉਣ ਦਾ ਯਤਨ ਵੀ ਪਰ ਇਹ ਦੋਵੇਂ ਕੰਮ ਬੜੇ ਔਖੇ ਸੀ। ਹੋ ਨਹੀਂ ਸੀ ਰਹੇ। ਅਚਨਚੇਤ ਘਰੇ ਪੜ੍ਹਦੇ -ਪੜ੍ਹਦੇ ਦੇ ਯਾਦ ਆ ਜਾਂਦੀ। ਉਹਦਾ ਪੋਲਾ ਜਿਹਾ ਹੇਠਲੇ ਬੁੱਲ੍ਹ ’ਤੇ ਧਰਿਆ ਹੋਇਆ ਉਤਲਾ ਬੁੱਲ੍ਹ, ਕੱਢੇ ਹੋਏ ਚੀਰ ’ਚੋਂ ਉੱਫ਼ਣ-ਉੱਫ਼ਣ ਪੈਂਦੇ ਵਾਲ਼, ਕੰਨਾਂ ’ਚ ਨਿੱਕੀਆਂ-ਨਿੱਕੀਆਂ ਸੋਨੇ ਦੀਆਂ ਵਾਲ਼ੀਆਂ, ਨਿੱਖਰੇ ਕੱਪੜੇ, ਕਾਲ਼ੀ ਕੁਰਮ ਦੀ ਜੁੱਤੀ। ਰਹਿ-ਰਹਿ ਯਾਦ ਆਉਂਦੇ। ਬੜਾ ਮੋੜਦਾ, ਮਨ ਨਾ ਮੁੜਦਾ। ਭੁੱਖੇ ਪਸ਼ੂ ਵਾਂਗ ਵਾਰ-ਵਾਰ ਹਰੇਵਾਈ ਵੱਲ ਜਾਂਦਾ।
ਫੇਰ ਇੱਕ ਵਾਰੀ ਸਾਨੂੰ ਮਾਸਟਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖਣ ਲਈ ਕਿਹਾ। ਦੋ-ਤਿੰਨ ਦਿਨ ਯਾਦ ਕਰਨ ਵਾਸਤੇ ਵੀ ਦਿੱਤੇ ਸੀ। ਮੇਰੇ ਲੇਖ ਯਾਦ ਸੀ। ਲੇਖ ਦੇ ਅੱਠ ਪੈਰ੍ਹੇ ਸੀ। ਮੈਂ ਜਾਣ ਕੇ ਤਿੰਨ ਛੱਡ ਆਇਆ। ਸੋਚਿਆ ਸੀ, ਨਖ਼ਰੇਲੋ ਦੇ ਨਖ਼ਰੇ ’ਚ ਸ਼ਾਇਦ ਰਹਿਮ ਦਾ ਬੀਜ ਫੁੱਟ ਪਵੇ।
ਉਹ ਦੂਜੇ ਨੰਬਰ ’ਤੇ ਆਈ ਸੀ। ਪਹਿਲੇ ਨੰਬਰ ’ਤੇ ਵਿਹੜੇ ਵਾਲੀ ਇੱਕ ਕੁੜੀ। ਤੀਜੇ ਨੰਬਰ ’ਤੇ ਮਿਸਤਰੀਆਂ ਦਾ ਮੁੰਡਾ। ਮੈਨੂੰ ਮੂਧੇ ਮੂੰਹ ਡਿੱਗੇ ਨੂੰ ਵੇਖ ਕੇ ਉਹ ਬਹੁਤ ਖ਼ੁਸ਼ ਹੋਈ ਸੀ। ਮੈਂ ਹੱਤਕ ਨਹੀਂ ਸੀ ਮੰਨੀ ਸਗੋਂ ਉਹਨੂੰ ਖ਼ੁਸ਼ ਵੇਖ ਕੇ ਖ਼ੁਸ਼ ਹੋਇਆ ਸੀ। ਸੋਚਦਾ ਸੀ, ਉਹ ਸਾਰੀ ਉਮਰ ਇਉਂ ਹੀ ਖ਼ੁਸ਼ ਰਹੇ। ਮੇਰਾ ਕੀ ਹੈ? ਮੈਂ ਉਹਦੇ ਤੋਂ ਆਪਣਾ ਆਪ ਨਿਛਾਵਰ ਕਰ ਦਿੱਤਾ ਸੀ। ਪਿੱਛੋਂ ਜਾ ਕੇ ਪਤਾ ਲੱਗਿਆ, ਇਹ ਪਿਆਰ ਸੀ ਪਰ ਕਾਹਦਾ ਪਿਆਰ ਸੀ ਇਹ? ਧੁੰਦ ਨੂੰ ਧਰਤੀ ਸਮਝਣ ਵਰਗਾ ਭੁਲੇਖਾ ਸੀ।
ਮੈਂ ਕਈ ਵਾਰ ਯਤਨ ਕੀਤੇ। ਸਾਡੇ ਵਿਚਲੀ ਵਿੱਥ ਘਟੇ। ਛੁੱਟੀ ਹੋਈ ਤੋਂ ਘਰੇ ਜਾਣ ਵੇਲ਼ੇ ਉਹ ਪੰਜ-ਸੱਤ ਫੁੱਟ ਮੈਥੋਂ ਅੱਗੇ ਹੁੰਦੀ। ਮੈਂ ਵਿੱਥ ਘਟਾਉਣ ਦੇ ਯਤਨ ਕਰਦਾ ਪਰ ਵਿੱਥ ਨਾ ਘਟਦੀ। ਪਤਾ ਨਹੀਂ ਉਹਨੂੰ ਪਤਾ ਲੱਗ ਜਾਂਦਾ ਸੀ ਜਾਂ ਮੇਰੀ ਹੀ ਤੋਰ ਹੌਲ਼ੀ ਸੀ। ਇਹ ਵਿੱਥ ਗੁੰਝਲ਼ ਬਣ ਗਈ ਸੀ ਜਿਹੜੀ ਕਿਸੇ ਵੇਲ਼ੇ ਮਨਾਂ ’ਚੋਂ ਨਿਕਲ਼ਦੀ ਹੀ ਨਾ।
ਫੇਰ ਸਾਡੇ ਸਕੂਲ ’ਚ ਉੱਚੀਆਂ ਤੇ ਲੰਮੀਆਂ ਛਾਲ਼ਾਂ ਦੇ ਮੁਕਾਬਲੇ ਹੋਏ। ਚਾਰ ਪਿੰਡਾਂ ਦੇ ਹੋਰ ਜੁਆਕ ਵੀ ਆਏ। ਉਹਨੇ ਦੋਵੇਂ ਛਾਲ਼ਾਂ ’ਚ ਭਾਗ ਲਿਆ ਸੀ। ਉੱਚੀ ਛਾਲ਼ ’ਚ ਮੈਂ ਅੱਵਲ ਆਇਆ ਸੀ। ਲੰਮੀ ਛਾਲ਼ ’ਚ ਉਹ। ਮੈਂ ਪਛਤਾਇਆ ਸੀ, ਕਾਹਨੂੰ ਕਰਨੀ ਸੀ ਉਹਦੀ ਬਰਾਬਰੀ। ਦੂਜੇ ਨੰਬਰ ’ਤੇ ਰਹਿ ਜਾਂਦਾ ਪਰ ਮੈਥੋਂ ਉੱਚੀ ਛਾਲ਼ ਲੱਗ ਗਈ ਸੀ ਜਾਂ ਕਹਿ ਲਓ ਮੇਰੀ ਛਾਲ਼ ਹੀ ਉੱਚੀ ਸੀ ਤੇ ਉਹਦੇ ਕੋਲ਼ ਲੰਬੀ ਛਾਲ਼। ਲੰਬੀ ਤੇ ਉੱਚੀ ਛਾਲ਼ ਦਾ ਫ਼ਰਕ ਕੀ ਸੀ? ਉਦੋਂ ਪਤਾ ਨਹੀਂ ਸੀ। ਨ੍ਹੇਰੀ ’ਚ ਪੱਤਿਆਂ ਵਾਂਗ ਖਿੱਲਰਨ ਮਗਰੋਂ ਅਸੀਂ ਵੀ ਖਿੱਲਰ ਗਏ। ਮੈਂ ਸਿਲਾਈ ਦਾ ਕੰਮ ਸਿੱਖ ਕੇ ਦੁਕਾਨ ਕਰ ਲਈ ਸੀ। ਮੰਡੀ ’ਚ ਹੀ ਰਹਿਣ ਲੱਗ ਪਿਆ ਸੀ। ਛੋਟਾ ਜਿਹਾ ਘਰ ਵੀ ਪਾ ਲਿਆ ਸੀ। ਪਿੰਡ ਜਾਣ ਦਾ ਮੌਕਾ ਨਾ ਮਿਲਦਾ। ਕਦੇ-ਕਦੇ ਜਾਣਾ ਪੈਂਦਾ। ਇੱਕ ਵਾਰੀ ਪਤਾ ਲੱਗਿਆ ਸੀ, ਉਹ ਸਾਡੇ ਨਾਅ ਦੇ ਪਿੰਡ ਵਿਆਹੀ ਗਈ ਸੀ। ਉਹਦੇ ਘਰਵਾਲ਼ੇ ਕੋਲ ਤੀਹ-ਪੈਂਤੀ ਕਿੱਲੇ ਜ਼ਮੀਨ ਸੀ।
ਜਿਸ ਦਿਨ ਸਾਡਾ ਨਤੀਜਾ ਨਿਕਲ਼ਿਆ, ਅਸੀਂ ਇਕੱਠੇ ਆ ਰਹੇ ਸੀ। ਵਿੱਥ ਕਾਇਮ ਸੀ। ਅੱਗੜ-ਪਿੱਛੜ ਆ ਰਹੇ ਸੀ। ਪਿੰਡ ਦੀ ਸੱਥ ਕੋਲ਼ ਅਸੀਂ ਦੋਵੇਂ ਰਹਿ ਜਾਂਦੇ ਸੀ। ਬਾਕੀਆਂ ਦੇ ਘਰ ਰਾਹ ’ਚ ਪੈਂਦੇ ਸੀ। ਨਾਲ ਆਉਂਦੇ- ਆਪਣੇ ਘਰਾਂ ’ਚ ਵੜੀ ਜਾਂਦੇ। ਜਦੋਂ ਅਸੀਂ ਸੱਥ ਕੋਲ ਆਏ, ਸਾਡੇ ਘਰ ਨੂੰ ਰਾਹ ਖੱਬੇ ਪਾਸੇ ਜਾਂਦਾ ਸੀ। ਉਹਦੇ ਘਰ ਨੂੰ ਸੱਜੇ। ਉਹਦੇ ਘਰ ਨੂੰ ਬੀਹੀ ਸਾਡੇ ਵਾਲੇ ਪਾਸੇ ਤੋਂ ਉੱਚੀ ਸੀ ਤੇ ਉਹਦੇ ਘਰ ਤੱਕ ਲਗਾਤਾਰ ਉੱਚੀ ਹੁੰਦੀ ਜਾਂਦੀ ਸੀ। ਜਦੋਂ ਸੱਥ ਦੇ ਨੇੜੇ ਅਸੀਂ ਨਿੱਖੜਨ ਲੱਗੇ, ਦਿਲ ਕੀਤਾ, ਉਹਤੋਂ ਪੁੱਛਾਂ ਕਿ ਉਹ ਛੇਵੀਂ ’ਚ ਮੰਡੀ ਪੜ੍ਹਨ ਲੱਗੇਗੀ ਜਾਂ ਨਹੀਂ? ਪਰ ਪੁੱਛਣ ਦੀ ਹਿੰਮਤ ਨਾ ਪਈ।
ਗਲ਼ੀ ’ਚੋਂ ਉਹਦਾ ਵੱਡਾ ਭਾਈ ਤੁਰਿਆ ਆਉਂਦਾ ਸੀ। ਮੇਰਾ ਕੱਦ ਛੋਟਾ ਸੀ। ਉਹਨੂੰ ਵੇਖ ਕੇ ਹੋਰ ਛੋਟਾ ਹੋ ਗਿਆ। ਸਹਿਮ ਗਿਆ ਸੀ। ਸੋਚਿਆ ਸੀ, ਜੇ ਪੁੱਛਿਆ ਤਾਂ ਧਰਤੀ ’ਚ ਨਾ ਗਰਕ ਜਾਵਾਂ। ਸ਼ਬਦ ਬੁੱਲ੍ਹਾਂ ’ਤੇ ਆਏ। ਕੰਢੇ ’ਚ ਵੱਜ ਕੇ ਮੁੜੀ ਲਹਿਰ ਵਾਂਗ ਗੁਆਚ ਗਏ।
ਸਮੇਂ ਦਾ ਪਾਣੀ ਹੁਣ ਅੱਗੇ ਲੰਘ ਚੁੱਕਿਆ ਸੀ ਪਰ ਅੱਜ ਦਾ ਦਿਨ ਉਹ ਪਾਣੀ ਮੋੜ ਲਿਆਇਆ ਸੀ। ਉਹ ਮੇਰੇ ਸਾਹਮਣੇ ਡਹੇ ਬੈਂਚ ਦੀ ਨੁੱਕਰ ’ਤੇ ਬੈਠੀ ਸੀ। ਇਹ ਨਹੀਂ ਸੀ ਕਿ ਉਹਨੇ ਮੈਨੂੰ ਨਹੀਂ ਵੇਖਿਆ ਹੋਣਾ। ਇਹ ਨਹੀਂ ਸੀ ਕਿ ਪਛਾਣਿਆ ਨਹੀਂ ਹੋਣਾ ਪਰ ਉਹਦਾ ਚਿਹਰਾ ਕਹਿੰਦਾ ਲੱਗ ਰਿਹਾ ਸੀ ਉਹਨੇ ਮੈਨੂੰ ਨਹੀਂ ਵੇਖਿਆ। ਨਹੀਂ ਪਛਾਣਿਆ।
ਪਵਨਾ ਥੜ੍ਹੇ ’ਤੇ ਬੈਠਾ ਸੀ। ਕੜਾਹੀ ’ਚ ਸੀਧਾ ਰਲ਼ਾਈ ਜਾਂਦਾ ਸੀ। ਮੈਂ ਸੋਚਿਆ, ਇੱਕ ਵਾਰ ਉਹਦੇ ਸਾਹਮਣੇ ਤਾਂ ਹੋਵਾਂ। ਮੈਂ ਥੜ੍ਹੇ ’ਤੇ ਚੜ੍ਹਿਆ। ਉਹਦੇ ਕੋਲ ਦੀ ਲੰਘਣ ਲਈ ਥਾਂ ਨਹੀਂ ਸੀ। ਵਾਰੀ ਵਾਲ਼ੀਆਂ ਚਾਰ-ਪੰਜ ਬੁੜ੍ਹੀਆਂ ਉਹਦੇ ਕੋਲ ਹੇਠਾਂ ਆ ਬੈਠੀਆਂ ਸਨ। ਵਿੱਥ ਜਿੰਨੀ ਪਿੰਡ ਵਿਛੜਨ ਵੇਲ਼ੇ ਸੀ, ਓਨੀ ਹੁਣ ਸੀ।
ਮੈਂ ਘੁੰਮ ਕੇ ਥੜ੍ਹੇ ’ਤੇ ਚੜ੍ਹਿਆ। ਪਵਨੇ ਨਾਲ ਅੱਖ ਮਿਲਾ ਕੇ ਪੁੱਛਿਆ, ‘‘ਹੋਰ ਪਵਨੇ ਕੀ ਹਾਲ-ਚਾਲ ਐ?’’
ਉਹ ਹੱਸ ਕੇ ਕਹਿੰਦਾ, ‘‘ਠੀਕ ਐ ਜੀ। ਤੁਸੀਂ ਦੱਸੋ?’’
ਉਹ ਉਸੇ ਤਰ੍ਹਾਂ ਬੈਠੀ ਰਹੀ। ਮੈਨੂੰ ਲਗਦਾ ਸੀ, ਸ਼ਾਇਦ ਮੇਰੇ ਕੋਲ ਗਏ ਨੂੰ ਵੇਖ ਕੇ ਬੁਲਾ ਲਵੇ। ਹੁਣ ਪਹਿਲੀਆਂ ਗੱਲਾਂ ਕਿੱਥੇ ਰਹਿ ਗਈਆਂ ਸੀ? ਦੋਵੇਂ ਵਿਆਹੇ ਗਏ ਸੀ। ਸਮਾਂ ਕਾਫ਼ੀ ਅੱਗੇ ਆ ਚੁੱਕਿਆ ਸੀ ਪਰ ਉਹ ਇਉਂ ਬੈਠੀ ਸੀ, ਜਿਵੇਂ ਕੁਝ ਸੁਣਿਆ ਹੀ ਨਾ ਹੋਵੇ।
ਮੈਂ ਪਵਨੇ ਕੀ ਦੁਕਾਨ ’ਚ ਚਲਿਆ ਗਿਆ। ਗੱਲੇ ’ਤੇ ਪਵਨੇ ਦਾ ਛੋਟਾ ਭਾਈ ਪੱਪੀ ਬੈਠਾ ਸੀ। ਮੈਂ ਇੱਕ-ਦੋ ਮਿੰਟ ਲਾਉਣ ਦੇ ਮਾਰੇ ਨੇ ਇੱਕ ਮਰਤਬਾਨ ਦਾ ਢੱਕਣ ਖੋਲ੍ਹ ਕੇ ਬਿਸਕੁਟ ਕੱਢਿਆ ਤੇ ਖਾਣ ਲੱਗਿਆ। ਬਿਸਕੁਟ ਖਾ ਕੇ ਹੋਰ ਖੜ੍ਹਨਾ ਆਪ ਨੂੰ ਹੀ ਚੁਭਣ ਲੱਗਿਆ।
ਜਦੋਂ ਮੁੜ ਕੇ ਪਵਨੇ ਕੋਲ ਦੀ ਮੈਂ ਲੰਘਣ ਲੱਗਿਆ, ਮੈਨੂੰ ਪਵਨੇ ਨੇ ਕੋਈ ਗੱਲ ਪੁੱਛ ਲਈ। ਮੈਂ ਦੱਸ ਦਿੱਤੀ। ਉਹਨੇ ਮੇਰੇ ਵੱਲ ਵੇਖਿਆ। ਮੈਨੂੰ ਯਕੀਨ ਸੀ ਕਿ ਉਹ ਕੁਝ ਪੁੱਛੇਗੀ ਪਰ ਉਹਨੇ ਨਹੀਂ ਪੁੱਛਿਆ। ਮੇਰਾ ਦਿਲ ਕੀਤਾ, ਆਪ ਬੁਲਾ ਲਵਾਂ। ਮੈਂ ਸਿਰਫ਼ ਏਨਾ ਹੀ ਪੁੱਛਣਾ ਸੀ, ‘ਹੋਰ ਭਾਈ ਕੀ ਹਾਲ-ਚਾਲ ਐ?’ ‘ਭਾਈ’ ਸ਼ਬਦ ਦਿਲੋਂ ਨਹੀਂ ਸੀ ਕਹਿਣਾ ਜਾਂ ਕਹਿ ਕੇ ਵੀ ਨਹੀਂ ਸੀ ਕਹਿਣਾ ਜਾਂ ਨਾ ਕਹਿਣ ਵਰਗਾ ਕਹਿਣਾ ਸੀ।
ਉਹਦੇ ਨਾਲ ਬੈਂਚ ’ਤੇ ਇੱਕ ਸਰਦਾਰੀ ਰੋਹਬ-ਦਾਅਬ ਵਾਲੀ ਔਰਤ ਬੈਠੀ ਸੀ। ਖ਼ਾਨਦਾਨੀ ਰੰਗ-ਰੂਪ ਮੂੰਹ ’ਤੇ ਝਲਕ ਰਿਹਾ ਸੀ। ਮੇਰੇ ਵਾਲੇ ਪਾਸੇ ਕੰਨ ’ਚ ਉਹਦੇ ਪਾਇਆ ਹੋਇਆ ਤੁੰਗਲ਼ ਅੱਧੇ-ਪੌਣੇ ਤੋਲ਼ੇ ਦਾ ਲੱਗ ਰਿਹਾ ਸੀ। ਭਾਰ ਨਾਲ ਕੰਨ ਦੀ ਗਲ਼ੀ ਖ਼ਾਸੀ ਹੋਈ ਪਈ ਸੀ। ਸੋਚਿਆ, ਉਹਦੀ ਸੱਸ ਹੋਵੇਗੀ। ਮਾਂ ਨੂੰ ਤਾਂ ਮੈਂ ਜਾਣਦਾ ਸੀ। ਫੇਰ ਸੋਚਿਆ, ਮਨਾ! ਕਾਹਨੂੰ ਬੁਲਾਉਣੈ। ਸਰਦਾਰੀ ਅੱਖ ਬਹੁਤ ਦੂਰ ਤੱਕ ਵੇਖ ਜਾਂਦੀ ਐ। ਸੱਸ ਪਤਾ ਨਹੀਂ ਕੀ ਸੋਚੇ? ਉਹਦੇ ਰਾਹ ’ਚ ਕੰਡੇ ਨਾ ਬੀਜੇ ਜਾਣ।
ਮੈਂ ਪਵਨੇ ਦੀ ਕੜਾਹੀ ਦੇ ਪਰਲੇ ਪਾਸੇ ਖੜ੍ਹਾ ਸੀ। ਉਹ ਬੈਂਚ ’ਤੇ ਬੈਠੀ ਸੀ। ਵਿਚਲੀ ਵਿੱਥ ’ਤੇ ਨਿਗ੍ਹਾ ਮਾਰੀ। ਓਨੀ ਹੀ ਸੀ। ਨਹੁੰ ਭਰ ਵੀ ਨਹੀਂ ਸੀ ਘਟੀ। ਮੈਨੂੰ ਲੱਗਣ ਲੱਗਿਆ, ਜਿਵੇਂ ਉਹ ਛੇ-ਸੱਤ ਫੁੱਟ ਨਹੀਂ, ਛੇ-ਸੱਤ ਸਦੀਆਂ ਦੀ ਵਿੱਥ ਹੋਵੇ। ਮੈਂ ਸੋਚਿਆ ਕਿ ਚਲੋ ਸਾਥੋਂ ਇਹ ਵਿੱਥ ਨਹੀਂ ਘਟ ਸਕੀ, ਸ਼ਾਇਦ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਘਟਾ ਦੇਣ।
ਸੰਪਰਕ: 98143-80749