ਦੀਸਾਨਾਇਕੇ ਨੇ ਸ੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲਿਆ
ਕੋਲੰਬੋ, 23 ਸਤੰਬਰ
ਅਨੂਰਾ ਕੁਮਾਰ ਦੀਸਾਨਾਇਕੇ ਨੇ ਅੱਜ ਸ੍ਰੀਲੰਕਾ ਦੇ ਨੌਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈ ਲਿਆ ਹੈ। ਉਨ੍ਹਾਂ ਤੋਂ ਦੇਸ਼ ਦੇ ਅਰਥਚਾਰੇ ਨੂੰ ਲੀਹ ’ਤੇ ਲਿਆਉਣ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਆਸਾਂ ਹਨ। ਚੀਫ ਜਸਟਿਸ ਜੈਅੰਤ ਜੈਸੂਰਿਆ ਨੇ ਰਾਸ਼ਟਰਪਤੀ ਸਕੱਤਰੇਤ ’ਚ ਦਿਸਾਨਾਇਕੇ (65) ਨੂੰ ਹਲਫ਼ ਦਿਵਾਇਆ। ‘ਮਾਰਕਸਵਾਦੀ ਜਨਤਾ ਵਿਮੁਕਤੀ ਪੇਰਾਮੁਨਾ ਪਾਰਟੀ’ ਦੇ ਮੋਰਚੇ ‘ਨੈਸ਼ਨਲ ਪੀਪਲਜ਼ ਪਾਵਰ’ (ਐੱਨਪੀਪੀ) ਦੇ ਨੇਤਾ ਦੀਸਾਨਾਇਕੇ ਨੇ ਲੰਘੇ ਸ਼ਨਿਚਰਵਾਰ ਹੋਈਆਂ ਚੋਣਾਂ ’ਚ ਆਪਣੇ ਨੇੜਲੇ ਵਿਰੋਧੀ ‘ਸਮਾਗੀ ਜਨ ਬਾਲਵੇਗਯਾ’ (ਐੱਸਜੇਬੀ) ਦੇ ਸਜਿਤ ਪ੍ਰੇਮਦਾਸ ਨੂੰ ਹਰਾਇਆ। ਦੀਸਾਨਾਇਕੇ ਨੇ ਪਹਿਲੀ ਵਾਰ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕ ਫਤਵੇ ਦਾ ਸਨਮਾਨ ਕਰਨ ਤੇ ਸ਼ਾਂਤੀ ਪੂਰਨ ਢੰਗ ਨਾਲ ਸੱਤਾ ਤਬਦੀਲੀ ਲਈ ਸਾਬਕਾ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਲੋਕਤੰਤਰ ਨੂੰ ਬਣਾਏ ਰੱਖਣ ਅਤੇ ਸਿਆਸੀ ਆਗੂਆਂ ਦਾ ਸਨਮਾਨ ਬਹਾਲ ਕਰਨ ਦੀ ਦਿਸ਼ਾ ’ਚ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਲੋਕਾਂ ਨੂੰ ਉਨ੍ਹਾਂ ਦੇ ਵਿਹਾਰ ਬਾਰੇ ਗਲਤਫਹਿਮੀਆਂ ਹਨ।’ ਉਨ੍ਹਾਂ ਕਿਹਾ ਕਿ ਸ੍ਰੀਲੰਕਾ ਅਲੱਗ ਥਲੱਗ ਨਹੀਂ ਰਹਿ ਸਕਦਾ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਬੱਧਤਾ ਦੀ ਹਮਾਇਤ ਕੀਤੀ
ਦੀਸਾਨਾਇਕੇ ਨੇ ਅੱਜ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਤੀਬੱਧਤਾ ਦੀ ਹਮਾਇਤ ਕਰਦੇ ਹਨ। ਉਨ੍ਹਾਂ ਇਹ ਗੱਲ ਐਕਸ ’ਤੇ ਪੋਸਟ ’ਚ ਪ੍ਰਧਾਨ ਮੰਤਰੀ ਮੋਦੀ ਦੇ ਐਤਵਾਰ ਦੀ ਪੋਸਟ ਦੇ ਜਵਾਬ ’ਚ ਕਹੀ, ਜਿਸ ’ਚ ਉਨ੍ਹਾਂ ਜਿੱਤ ਲਈ ਦੀਸਾਨਾਇਕੇ ਨੂੰ ਵਧਾਈ ਦਿੱਤੀ ਸੀ’