ਨਾਲੀ ਵਿਚ ਇੱਕ ਪਰਿਵਾਰ ਦਾ ਪਾਣੀ ਨਾ ਪਾਉਣ ਦੇਣ ’ਤੇ ਵਿਵਾਦ
ਪੱਤਰ ਪ੍ਰੇਰਕ
ਜਲੰਧਰ, 18 ਜੁਲਾਈ
ਕਾਂਗਰਸੀ ਸਰਪੰਚ ਵਲੋਂ ਇੱਕ ਓਬੀਸੀ ਪਰਿਵਾਰ ਦੇ ਗੰਦੇ ਪਾਣੀ ਦੇ ਨਿਕਾਸ ਲਈ ਨਵੀਂ ਬਣ ਰਹੀ ਨਾਲੀ ਵਿੱਚ ਪਾਣੀ ਪਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਜਦੋਂ ਕਿਰਤੀ ਕਿਸਾਨ ਯੂਨੀਅਨ ਦੀਆਂ ਔਰਤ ਵਿੰਗ ਦੀਆਂ ਆਗੂ ਨੇ ਇਸ ਤੇ ਸਵਾਲ ਉਠਾਇਆ ਤਾਂ ਕਾਂਗਰਸੀ ਸਰਪੰਚ ਨੇ ਆਪਣੇ ਪਰਿਵਾਰ ਅਤੇ ਲੱਠਮਾਰਾਂ ਨੂੰ ਲੈ ਕੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਜਿਸ ਵਿਚ ਔਰਤ ਆਗੂ ਮਨਜੀਤ ਕੌਰ ਸਖਤ ਫੱਟੜ ਹੋ ਗਈ। ਮੌਕੇ ’ਤੇ ਮੌਜੂਦ ਕੁਝ ਔਰਤਾਂ ਨੇ ਸਰਪੰਚ ਦੇ ਪਰਿਵਾਰ ਅਤੇ ਉਸ ਨਾਲ ਆਏ ਬੁਰਛਾਗਰਦਾਂ ਦੀ ਵੀਡੀਓ ਬਣਾਉਣੀ ਚਾਹੀ ਤਾਂ ਨਿਹੱਥੀਆਂ ਔਰਤਾਂ ਕੋਲੋਂ ਮੋਬਾਈਲ ਖੋਹ ਲਏ।
ਇਹ ਮਾਮਲਾ ਐਸਐਚਓ ਮਹਿਤਪੁਰ ਦੇ ਧਿਆਨ ਵਿੱਚ ਲਿਆਉਣ ’ਤੇ ਮੌਕੇ ਤੇ ਪਹੁੰਚੀ ਪੁਲੀਸ ਦੀ ਮਦਦ ਨਾਲ ਫੱਟੜ ਮਨਜੀਤ ਕੌਰ ਨੂੰ ਸਹਾਇਤਾ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਮੌਕੇ ਤੇ ਦਿੱਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਥਾਣਾ ਮਹਿਤਪੁਰ ਵਿੱਚ ਕੇਸ ਦਰਜ ਕਰਵਾਇਆ ਗਿਆ। ਜਾਨਲੇਵਾ ਹਮਲਾ ਕਰਨ ਅਤੇ ਚੋਰੀ ਸਮੇਤ ਵੱਖ-ਵੱਖ ਧਾਰਾਵਾਂ 506, 379, 323, 149 ਤਹਿਤ ਸਰਪੰਚ ਮਨਪ੍ਰੀਤ ਸਿੰਘ ਰਾਜੂ, ਕਮਲਪ੍ਰੀਤ ਸਿੰਘ ਰੋਕੀ , ਮਨਜੀਤ ਸਿੰਘ , ਨਰਿੰਦਰ ਸਿੰਘ, ਗੁਰਜੀਤ ਸਿੰਘ , ਪਲਵਿੰਦਰ ਕੌਰ ਵਿਰੁੱਧ ਪਰਚਾ ਦਰਜ ਕੀਤਾ ਗਿਆ।