For the best experience, open
https://m.punjabitribuneonline.com
on your mobile browser.
Advertisement

ਪੀਆਰਟੀਸੀ ਤੇ ਟੌਲ ਪਲਾਜ਼ਾ ਵਰਕਰਾਂ ’ਚ ਵਿਵਾਦ ਭਖ਼ਿਆ

09:27 AM Mar 17, 2024 IST
ਪੀਆਰਟੀਸੀ ਤੇ ਟੌਲ ਪਲਾਜ਼ਾ ਵਰਕਰਾਂ ’ਚ ਵਿਵਾਦ ਭਖ਼ਿਆ
ਟੌਲ ਪਲਾਜ਼ਾ ਧਰੇੜੀ ਜੱਟਾਂ ਦੇ ਵਰਕਰ ਆਵਾਜਾਈ ਰੋਕਦੇ ਹੋਏ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਮਾਰਚ
ਇੱਥੇ ਰਾਜਪੁਰਾ ਰੋਡ ’ਤੇ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ੇ ਦੇ ਵਰਕਰਾਂ ਅਤੇ ਪੀਆਰਟੀਸੀ ਦੇ ਚੰਡੀਗੜ੍ਹ ਡਿੱਪੂ ਦੀ ਬੱਸ ਦੇ ਡਰਾਈਵਰ ਕੰਡਕਟਰ ਦਰਮਿਆਨ ਪਿਛਲੇ ਦਿਨੀਂ ਹੋਏ ਝਗੜੇ ਸਬੰਧੀ ਅਗਲੇਰੀ ਕਾਰਵਾਈ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਇਸ ਸਬੰਧੀ ਕੰਡਕਟਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਪਟਿਆਲਾ ਵਿੱਚ ਟੌਲ ਪਲਾਜ਼ੇ ਦੇ ਤਿੰਨ ਅਣਪਛਾਤੇ ਵਰਕਰਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਉਹ ਡਰਾਈਵਰ ਕੰਡਕਟਰ ਦੇ ਖਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਹਨ। ਇਸ ਤਹਿਤ ‘ਟੌਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ’ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠਾਂ ਟੌਲ ਪਲਾਜ਼ਾ ਵਰਕਰਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਹਮਾਇਤ ਨਾਲ ਅੱਜ ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਧਰਨਾ ਮਾਰ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਕਾਰਨ ਇਸ ਮੁੱਖ ਸੜਕ ’ਤੇ ਜਾਮ ਲੱਗ ਗਿਆ ਤੇ ਪੁਲੀਸ ਨੂੰ ਬਦਲਵੇਂ ਰਾਹਾਂ ਦਾ ਪ੍ਰਬੰਧ ਵੀ ਕਰਨਾ ਪਿਆ। ਕੇਵਲ ਐਂਬੂਲੈਂਸ ਤੇ ਐਮਰਜੈਂਸੀ ਵਾਹਨਾਂ ਨੂੰ ਹੀ ਛੋਟ ਰਹੀ।
ਉਧਰ ਟੌਲ ਪਲਾਜ਼ਾ ਵਰਕਰਾਂ ਨੇ ਦਰਖਾਸਤ ਦੇ ਕੇ ਬੱਸ ਸਟਾਫ਼ ਖ਼ਿਲਾਫ਼ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ। ਧਰਨਾ ਸਥਾਨ ’ਤੇ ਪਹੁੰਚੇ ਡੀਐੱਸਪੀ ਰੂਰਲ ਗੁਰਪ੍ਰਤਾਪ ਢਿੱਲੋਂ ਨੇ ਯੂਨੀਅਨ ਪ੍ਰਧਾਨ ਦਰਸ਼ਨ ਲਾਡੀ ਨਾਲ ਗੱਲਬਾਤ ਕਰਦਿਆਂ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਇਸ ਮਗਰੋਂ ਵਰਕਰਾਂ ਨੇ ਧਰਨਾ ਸਮਾਪਤ ਕੀਤਾ। ਉਧਰ ਪੀਆਰਟੀਸੀ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਵੀ ਚੰਡੀਗੜ੍ਹ ਡਿੱਪੂ ਦੀ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਰਾਜਪੁਰਾ ਰੋਡ ’ਤੇ ਹੀ ਸਥਿਤ ਇੱਥੋਂ ਦੇ ਮੁੱਖ ਬੱਸ ਅੱਡੇ ਦੇ ਬਾਹਰ ਬੱਸਾਂ ਟੇਢੀਆਂ ਕਰ ਕੇ ਬੱਸ ਅੱਡੇ ਨੂੰ ਜਾਮ ਕਰਦਿਆਂ ਸੜਕੀ ਆਵਾਜਾਈ ਵੀ ਠੱਪ ਕਰ ਦਿੱਤੀ। ਤਰਕ ਸੀ ਕਿ ਕੰਡਕਟਰ ਦੀ ਕੁੱਟਮਾਰ ਅਤੇ ਉਸ ਦੇ ਕੱਪੜੇ ਪਾੜ ਕੇ ਟੌਲ ਪਲਾਜ਼ਾ ਵਰਕਰਾਂ ਨੇ ਕਥਿਤ ਤੌਰ ’ਤੇ ਵਧੀਕੀ ਕੀਤੀ, ਫੇਰ ਕੰਡਕਟਰ ਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ਕਿੱਥੋਂ ਆਈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੰਡਕਟਰ ’ਤੇ ਹਮਲਾ ਕਰਨ ਵਾਲ਼ਿਆਂ ਦੀ ਸ਼ਨਾਖ਼ਤ ਵੀ ਕਰ ਲਈ ਹੈ, ਇਸ ਕਰਕੇ ਅਣਪਛਾਤਿਆਂ ਵਜੋਂ ਦਰਜ ਕੇਸ ’ਚ ਸਬੰਧਿਤ ਵਰਕਰਾਂ ਦੇ ਨਾਮ ਵੀ ਸ਼ਾਮਲ ਕੀਤੇ ਜਾਣ। ਇਨ੍ਹਾਂ ਪ੍ਰਦਰਸ਼ਨਕਾਰੀ ਪੀਆਰਟੀਸੀ ਮੁਲਾਜ਼ਮਾਂ ਨਾਲ ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਬਰਾੜ ਵੱਲੋਂ ਬਣਦੀ ਕਾਰਵਾਈ ਦੇ ਦਿੱਤੇ ਭਰੋਸੇ ਮਗਰੋਂ ਉਨ੍ਹਾਂ ਨੇ ਆਵਾਜਾਈ ਬਹਾਲ ਕਰ ਦਿੱਤੀ।

Advertisement

Advertisement
Author Image

sanam grng

View all posts

Advertisement
Advertisement
×