ਸਿਵਲ ਹਸਪਤਾਲ ਵਿੱਚ ਦੇਰ ਰਾਤ ਦੋ-ਧਿਰਾਂ ਵਿਚਾਲੇ ਝਗੜਾ
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਐੱਮਐੱਲਆਰ ਲਿਖਵਾਉਣ ਪਹੁੰਚੀਆਂ ਦੋ ਧਿਰਾਂ ਮੁੜ ਹਸਪਤਾਲ ਵਿੱਚ ਲੜ ਪਾਈਆਂ। ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਹਸਪਤਾਲ ਵਿੱਚ ਝਗੜਾ ਕਰਕੇ ਡਿਊਟੀ ਵਿੱਚ ਵਿਘਨ ਪਾਉਣ ਅਤੇ ਹਸਪਤਾਲ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਧਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ 21 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਤਿੰਨ ਵਜੇ ਦੇ ਕਰੀਬ ਡਾ. ਸੁਗਮ ਸ਼ਰਮਾ ਐਮਰਜੈਂਸੀ ਵਿੱਚ ਡਿਊਟੀ ’ਤੇ ਤਾਇਨਾਤ ਸੀ। ਇਸੇ ਦੌਰਾਨ ਜ਼ੀਰਕਪੁਰ ਤੋਂ ਦੋ ਧਿਰਾਂ ਲੜਾਈ ਦੇ ਮਾਮਲੇ ਵਿੱਚ ਐੱਮਐੱਲਆਰ ਕਟਵਾਉਣ ਲਈ ਹਸਪਤਾਲ ਵਿੱਚ ਆਏ ਸੀ। ਇੱਕ ਪਾਰਟੀ ਦੀ ਡਾਕਟਰ ਹਿਸਟਰੀ ਲਿਖ ਰਹੇ ਸੀ ਤਾਂ ਇਸੇ ਦੌਰਾਨ ਦੂਜੀ ਪਾਰਟੀ ਦੇ 15 ਤੋਂ 20 ਵਿਅਕਤੀਆਂ ਨੇ ਹਸਪਤਾਲ ਅੰਦਰ ਆ ਕੇ ਆਪਸ ਵਿੱਚ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ ਹਸਪਤਾਲ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਅਤੇ ਡਿਊਟੀ ਅਫ਼ਸਰ ਡਾਕਟਰ ਦੀ ਡਿਉਟੀ ਵਿੱਚ ਵਿਘਨ ਪਾਇਆ ਹੈ। ਐੱਸਐੱਮਓ ਦੇ ਬਿਆਨ ’ਤੇ ਨਿਹਾਲ ਪੁੱਤਰ ਪਵਿੱਤਰ ਸਿੰਘ ਵਾਸੀ ਜ਼ੀਰਕਪੁਰ ਸਣੇ 15-20 ਨਾ ਮਾਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।