ਗੁਰਮੀਤ ਸਿੰਘ ਖੋਸਲਾਸ਼ਾਹਕੋਟ, 4 ਜੂਨਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ਦੇ ਕਮਿਊਨਿਟੀ ਹਾਲ ਵਿਚ ਕਣਕ ਵੰਡਣ ਆਏ ਡਿਪੂ ਹੋਲਡਰ ਅਤੇ ਖਪਤਕਾਰਾਂ ਦਰਮਿਆਨ ਉਸ ਵੇਲੇ ਤਕਰਾਰ ਪੈਦਾ ਹੋ ਗਿਆ ਜਦੋਂ ਡਿਪੂ ਹੋਲਡਰ ਨੇ ਖਪਤਕਾਰਾਂ ਨੂੰ ਪ੍ਰਤੀ ਜੀਅ ਘੱਟ ਕਣਕ ਦੇਣ ਦੀ ਕੋਸ਼ਿਸ਼ ਕੀਤੀ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਇਲਾਕਾ ਸ਼ਾਹਕੋਟ-ਨਕੋਦਰ ਦੇ ਸਕੱਤਰ ਸੁਖਜਿੰਦਰ ਲਾਲੀ ਨੇ ਦੱਸਿਆ ਕਿ ਇਹ ਡਿਪੂ ਹੋਲਡਰ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁਫ਼ਤ ਕਣਕ ਵੰਡਣ ਲਈ ਇੱਥੇ ਪਹੁੰਚਿਆ ਸੀ। ਡਿਪੂ ਹੋਲਡਰ ਜਿਸ ਖਪਤਕਾਰ ਦੇ ਪੰਜ ਮੈਂਬਰਾਂ ਦੀ ਪਰਚੀ ਕੰਪਿਊਟਰ ਰਾਹੀਂ ਨਿਕਲਦੀ ਉਸ ਪਰਚੀ ’ਤੇ ਉਹ ਪੈੱਨ ਨਾਲ ਚਾਰ ਮੈਂਬਰ ਲਿਖ ਦਿੰਦਾ ਸੀ। ਇਸ ਤਰ੍ਹਾਂ ਉਹ ਹਰੇਕ ਖਪਤਕਾਰ ਦੀ ਪਰਚੀ ’ਤੇ ਪੈੱਨ ਨਾਲ ਇੱਕ ਜਾਂ ਦੋ ਮੈਂਬਰ ਘਟਾ ਦਿੰਦਾ ਸੀ। ਖਪਤਕਾਰਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਖਪਤਕਾਰਾਂ ਨਾਲ ਤਕਰਾਰ ਹੋ ਗਿਆ। ਖਪਤਕਾਰਾਂ ਵੱਲੋਂ ਇਹ ਮਾਮਲਾ ਪਿੰਡ ਦੀ ਸਰਪੰਚ ਦੇ ਧਿਆਨ ਵਿੱਚ ਲਿਆਂਦਾ। ਸੁਣਵਾਈ ਨਾ ਹੋਣ ’ਤੇ ਯੂਨੀਅਨ ਦੀ ਅਗਵਾਈ ’ਚ ਖਪਤਕਾਰਾਂ ਪੁਲੀਸ ਚੌਕੀ ਮਲਸੀਆਂ ’ਚ ਸ਼ਿਕਾਇਤ ਕਰ ਦਿੱਤੀ ਹੈ।ਫੂਡ ਸਪਲਾਈ ਇੰਸਪੈਕਟਰ ਵੱਲੋਂ ਕਾਰਵਾਈ ਦਾ ਭਰੋਸਾਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਖਪਤਕਾਰਾਂ ਨੇ ਇਕੱਠੇ ਹੋ ਕੇ ਡਿਪੂ ਹੋਲਡਰ ਵੱਲੋਂ ਕਣਕ ਘੱਟ ਦੇਣ ਦੇ ਕਥਿਤ ਘਪਲੇ ਦੀ ਲਿਖਤੀ ਸ਼ਿਕਾਇਤ ਫੂਡ ਸਪਲਾਈ ਇੰਸਪੈਕਟਰ ਪ੍ਰਦੀਪ ਕੁਮਾਰ ਨੂੰ ਕੀਤੀ। ਇੰਸਪੈਕਟਰ ਨੇ ਕਿਹਾ ਕਿ ਉਹ ਐਤਵਾਰ ਤੱਕ ਇਸ ਮਾਮਲੇ ਦੀ ਜਾਂਚ ਕਰਕੇ ਖਪਤਕਾਰਾਂ ਨੂੰ ਪੂਰਾ ਇਨਸਾਫ ਦੇਣਗੇ। ਉਨ੍ਹਾਂ ਕਿਹਾ ਕਿ ਕਿਸੇ ਡਿਪੂ ਹੋਲਡਰ ਨੂੰ ਕਿਸੇ ਕਿਸਮ ਦਾ ਭ੍ਰਿਸ਼ਟਾਚਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।