ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਾਸਟ ਫੂਡ ਕੰਪਨੀਆਂ ਦੇ ਮਜ਼ਦੂਰਾਂ ਦੀ ਵਿੱਥਿਆ

07:41 AM Dec 16, 2023 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਹਰਸ਼ ਚੰਡੀਗੜ੍ਹ

ਖਾਂਦੇ-ਪੀਂਦੇ ਲੋਕ ਫਾਸਟ ਫੂਡ ਕੰਪਨੀਆਂ ਦੇ ਬਰਗਰ ਵਗੈਰਾ ਬੜੇ ਚਾਅ ਨਾਲ ਖਾਂਦੇ ਹਨ। ਉਨ੍ਹਾਂ ਚੀਜ਼ਾਂ ਨੂੰ ਬਣਾਉਣ ਵਾਲੇ ਅਤੇ ਸਾਡੇ ਤੱਕ ਪਹੁੰਚਾਉਣ ਵਾਲੇ ਮਜ਼ਦੂਰਾਂ ਦਾ ਖਿਆਲ ਸ਼ਾਇਦ ਹੀ ਕਿਸੇ ਨੂੰ ਆਉਂਦਾ ਹੋਵੇ ਕਿਉਂ ਜੋ ਮੀਡੀਆ ਦੇ ਇਸ਼ਤਿਹਾਰਾਂ ਵਿਚ ਵੀ ਇਨ੍ਹਾਂ ਮਜ਼ਦੂਰਾਂ ਨੂੰ ਪੂਰੀ ਤਰ੍ਹਾਂ ਗਾਇਬ ਕਰ ਦਿੱਤਾ ਜਾਂਦਾ ਹੈ।
ਫਾਸਟ ਫੂਡ ਕੰਪਨੀਆਂ ਬਹੁਤ ਸਾਰੇ ਮੁਲਕਾਂ ਵਿਚ ਮੌਜੂਦ ਹਨ। ਬਤੌਰ ਮਜ਼ਦੂਰ ਇਸ ਵੱਡੇ ਕਾਰੋਬਾਰ ਦਾ ਮੈਂ ਵੀ ਛੋਟਾ ਜਿਹਾ ਹਿੱਸਾ ਰਿਹਾ ਹਾਂ। ਚੰਡੀਗੜ੍ਹ ਵਿਚ ਮੌਜੂਦ ਇਨ੍ਹਾਂ ਕੰਪਨੀਆਂ ਦੇ ਸਟੋਰਾਂ ਵਿਚ ਕੰਮ ਕਰਦੇ ਮਜ਼ਦੂਰਾਂ ਦੀ ਤਕਰੀਬਨ 53 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ 9 ਘੰਟੇ ਦਿਹਾੜੀ ਦੇ 477 ਰੁਪਏ ਬਣਦੇ ਹਨ। ਉਂਝ, ਕੱਟ-ਕਟਾ ਕੇ ਪੂਰੇ ਮਹੀਨੇ ਦੀ ਲੱਗਭੱਗ ਦਸ ਕੁ ਹਜ਼ਾਰ ਤਨਖਾਹ ਮਿਲਦੀ ਹੈ। ਇੰਨੀਆਂ ਵੱਡੀਆਂ ਕੰਪਨੀਆਂ ਵਿਚ ਇੰਨੀ ਘੱਟ ਤਨਖਾਹ ’ਤੇ ਬੇਰੋਕ ਕੰਮ ਕਰਦੇ ਮਜ਼ਦੂਰਾਂ ਜਿਨ੍ਹਾਂ ਵਿਚ ਨੌਜਵਾਨਾਂ ਦੀ ਗਿਣਤੀ ਹੀ ਵਧੇਰੇ ਹੁੰਦੀ ਹੈ, ਦਾ ਗੁਜ਼ਾਰਾ ਕਿਵੇਂ ਹੁੰਦਾ ਹੋਵੇਗਾ, ਇਹ ਕਦੇ ਕੰਪਨੀ ਦੇ
ਸਰਮਾਏਦਾਰਾਂ ਨੇ ਨਹੀਂ ਸੋਚਿਆ ਹੋਣਾ ਤੇ ਨਾ ਸੋਚਣਗੇ। ਪਿਛਲੇ ਚਾਰ ਸਾਲਾਂ ਵਿਚ ਇਨ੍ਹਾਂ ਕੰਪਨੀਆਂ ਨੇ ਮਹਿਜ਼ 3 ਰੁਪਏ ਪ੍ਰਤੀ ਘੰਟਾ, ਭਾਵ, ਦਿਨ ਦੇ 27 ਰੁਪਏ ਵਧਾਏ ਹਨ; ਦੂਜੇ ਪਾਸੇ ਇਨ੍ਹਾਂ ਕੰਪਨਅਿਾਂ ਦਾ ਕਾਰੋਬਾਰ ਅਰਬਾਂ ਡਾਲਰਾਂ ਵਿਚ ਹੈ।
ਘੱਟ ਤਨਖਾਹ ’ਤੇ ਕੰਮ ਕਰਵਾ ਕੇ ਤਾਂ ਇਹ ਕੰਪਨੀਆਂ ਮਜ਼ਦੂਰਾਂ ਨੂੰ ਲੁੱਟਦੀਆਂ ਹੀ ਹਨ ਸਗੋਂ ਸਰੀਰਕ ਤੇ ਮਾਨਸਿਕ ਤੌਰ ’ਤੇ ਵੀ ਨਿਚੋੜ ਦਿੰਦੀਆਂ ਹਨ। ਇਨ੍ਹਾਂ ਕੰਪਨੀਆਂ ਦੇ ਹਰ ਰੈਸਤਰਾਂ ਵਿਚ ਗਾਹਕਾਂ ਦੇ ਬੈਠਣ ਦੀ ਥਾਂ ਹੁੰਦੀ ਹੈ ਜਿਸ ਨੂੰ ਲੌਬੀ ਕਹਿੰਦੇ ਹਨ। ਲੌਬੀ ਵਿਚ ਕੰਮ ਕਰਦੇ ਮਜ਼ਦੂਰਾਂ ਨੂੰ ਸਾਰਾ ਸਮਾਂ ਖੜ੍ਹੇ ਰਹਿਣਾ ਪੈਂਦਾ ਹੈ। ਅੱਧੇ ਘੰਟੇ ਦੇ ਦੁਪਹਿਰ ਵਾਲੇ ਖਾਣੇ ਵਾਲੇ ਸਮੇਂ ਤੋਂ ਬਿਨਾਂ ਬਾਕੀ ਸਮਾਂ ਮੁਲਾਜ਼ਮ ਉੱਥੇ ਬੈਠ ਨਹੀਂ ਸਕਦਾ। ਲਗਾਤਾਰ ਇੰਨੇ ਘੰਟੇ ਖੜ੍ਹੇ ਰਹਿਣ ਕਾਰਨ ਮਜ਼ਦੂਰਾਂ ਨੂੰ ਲੰਮੇ ਦਾਅ ਵਿਚ ਸਰੀਰਕ ਸਮੱਸਿਆ, ਜੋੜਾਂ ਤੇ ਪਿੱਠ ਦਰਦ ਜਿਹੀਆਂ ਦਿੱਕਤਾਂ ਆਉਣੀਆਂ ਸੁਭਾਵਿਕ ਹਨ। ਜੇ ਮਾੜਾ ਮੋਟਾ ਵੀ ਇੱਧਰੋਂ ਉੱਧਰ ਹੋ ਜਾਵੋ ਤਾਂ ਮੈਨੇਜਰਾਂ ਦੀਆਂ ਗਾਲ੍ਹਾਂ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਜਿਹੜੇ ਮਜ਼ਦੂਰ ਫਰੈਂਚ ਫਰਾਈਸ ਵਗੈਰਾ ਬਣਾਉਂਦੇ ਹਨ, ਉਨ੍ਹਾਂ ਲਈ ਸੁਰੱਖਿਆ ਵਾਸਤੇ ਕੁਝ ਨਹੀਂ ਦਿੱਤਾ ਜਾਂਦਾ ਹੈ। ਸੁਰੱਖਿਆ ਦੇ ਨਾਂ ’ਤੇ ਪਤਲਾ ਜਿਹਾ ਪਲਾਸਟਿਕ ਦਾ ਦਸਤਾਨਾ ਹੁੰਦਾ ਹੈ ਜਿਸ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਤੇ ਅਕਸਰ ਗਰਮ ਤੇਲ ਦੇ ਛਿੱਟੇ ਬਾਹਾਂ ’ਤੇ ਪੈਂਦੇ ਹਨ ਤੇ ਦਸਤਾਨੇ ’ਤੇ ਡਿੱਗ ਕੇ ਵੀ ਅਕਸਰ ਇਸ ਨੂੰ ਮਚਾ ਦਿੰਦੇ ਹਨ।
ਰੈਸਤਰਾਂ ਵਿਚ ਕੰਮ ਕਰਦੀਆਂ ਕੁੜੀਆਂ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ। ਇੱਕ ਕੰਮ ਦਾ ਬੋਝ, ਦੂਜਾ ਵਿਗੜੇ ਗਾਹਕਾਂ ਦੀ ਮਾੜੀ ਤੱਕਣੀ ਵੀ ਸਹਿਣੀ ਪੈਂਦੀ ਹੈ। ਮੈਨੇਜਰ ਮਜ਼ਾਕ ਦੇ ਬਹਾਨੇ ਅਕਸਰ ਕੁੜੀਆਂ ਨਾਲ ਖੁੱਲ੍ਹ ਲੈਂਦੇ ਹਨ। ਅਜਿਹਾ ਸ਼ੋਸ਼ਣ ਸੰਸਾਰ ਭਰ ਵਿਚ ਹੁੰਦਾ ਹੈ। ਕੁਝ ਥਾਈਂ ਤਾਂ ਇਸ ਸਬੰਧੀ ਜਾਂਚ ਵੀ ਚੱਲ ਰਹੀ ਹੈ ਹਾਲਾਂਕਿ ਇੰਨੇ ਸੰਜੀਦਾ ਮਾਮਲੇ ’ਤੇ ਸ਼ਿਕਾਇਤਾਂ ਦੇ ਬਾਵਜੂਦ ਕੰਪਨੀਆਂ ਨੇ ਕੋਈ ਜਾਂਚ ਨਹੀਂ ਕਰਵਾਈ। ਮਾਮਲਾ ਬਾਹਰ ਆਉਣ ’ਤੇ ਗਿਆ ਬਚਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੰਮ ’ਤੇ ਆਉਣ ਦਾ ਬੋਝ, ਖਾਸਕਰ ਹਫਤਾਵਾਰੀ ਅ ਤੇ ਤਿਉਹਾਰਾਂ ਦੇ ਦਿਨਾਂ ਮੌਕੇ ਬਹੁਤ ਜਿ਼ਆਦਾ ਹੁੰਦਾ ਹੈ। ਅਜਿਹੇ ਮੌਕੇ ਕਿਸੇ ਮਜ਼ਦੂਰ ਦੀ ਸਿਹਤ ਢਿੱਲੀ ਹੋਵੇ ਜਾਂ ਕੋਈ ਹੋਰ ਜ਼ਰੂਰੀ ਕੰਮ ਹੋਵੇ, ਉਸ ਦਾ ਭੋਰਾ ਖਿਆਲ ਨਹੀਂ ਕੀਤਾ ਜਾਂਦਾ। ਜੇ ਮਜਬੂਰੀ ਵੱਸ ਮਜ਼ਦੂਰ ਛੁੱਟੀ ਕਰ ਲਵੇ ਤਾਂ ਉਸ ਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਹੈ। ਤਿਉਹਾਰਾਂ ਮੌਕੇ ਜਿੱਥੇ ਲੋਕ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ, ਉੱਥੇ ਅਜਿਹੇ ਦਿਨਾਂ ਵਿਚ ਮਜ਼ਦੂਰਾਂ ਨੂੰ ਛੁੱਟੀ ਲੈਣ ਦੀ ਇਜਾਜਤ ਨਹੀਂ ਹੁੰਦੀ ਸਗੋਂ ਓਵਰਟਾਈਮ ਲਾਉਣ ਲਈ ਕਿਹਾ ਜਾਂਦਾ ਹੈ। ਜੇ ਕੋਈ ਗਾਹਕ ਸ਼ਿਕਾਇਤ ਕਰ ਦੇਵੇ ਤਾਂ ਸਾਰਾ ਤੋੜਾ ਮਜ਼ਦੂਰਾਂ ਸਿਰ ਭੰਨਿਆ ਜਾਂਦਾ ਹੈ। ਇੱਕ ਵਾਰ ਕਿਸੇ ਗਾਹਕ ਨੇ 2000 ਰੁਪਏ ਦਾ ਨਕਲੀ ਨੋਟ ਦੇ ਦਿੱਤਾ। ਤਿਉਹਾਰ ਮੌਕੇ ਗਾਹਕਾਂ ਦੀ ਭੀੜ ਜਿ਼ਆਦਾ ਹੋਣ ਕਾਰਨ ਸਬੰਧਿਤ ਮੁਲਾਜ਼ਮ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ। ਕੰਪਨੀ ਨੇ ਸਬਬੀ ਹੋਇਆ ਇਹ ਨੁਕਸਾਨ ਆਪਣੇ ਖਾਤੇ ਪਾਉਣ ਦੀ ਥਾਂ ਉਸ ਮੁਲਾਜ਼ਮ ਸਿਰ ਪਾ ਦਿੱਤਾ। ਜਦੋਂ ਤੱਕ ਉਸ ਨੇ 2000 ਰੁਪਏ ਆਪਣੇ ਪੱਲਿਓਂ ਜਮ੍ਹਾਂ ਨਹੀਂ ਕਰਵਾਏ, ਉਸ ਨੂੰ ਡਿਊਟੀ ਤੋਂ ਬਾਅਦ ਵੀ ਰਾਤ ਤੱਕ ਬਿਠਾਈ ਰੱਖਿਆ। ਗਾਹਕ ਕੋਲੋਂ ਟਿੱਪ ਲੈਣੀ ਬੇਸ਼ੱਕ ਗ਼ਲਤ ਹੈ ਤੇ ਇਹ ਮਜ਼ਦੂਰਾਂ ਨੂੰ ਨੈਤਿਕ ਤੌਰ ’ਤੇ ਥੱਲੇ ਸੁੱਟਦੀ ਹੈ ਪਰ ਇਨ੍ਹਾਂ ਕੰਪਨੀਆਂ ਦੀ ਇਸ ਮਾਮਲੇ ਵਿਚ ਪਹੁੰਚ ਵੀ ਮਜ਼ਦੂਰਾਂ ਪ੍ਰਤੀ ਸ਼ੱਕ ਵਾਲ਼ੀ ਹੁੰਦੀ ਹੈ। ਜੇ ਕਿਸੇ ਗਾਹਕ ਕੋਲੋਂ ਕੋਈ ਟਿੱਪ ਮਿਲੇ ਤਾਂ ਉਹ ਕੰਪਨੀ ਕੋਲ ਹੀ ਜਮ੍ਹਾਂ ਕਰਵਾਉਣੀ ਹੁੰਦੀ ਹੈ; ਹੋਰ ਤਾਂ ਹੋਰ, ਜਿਹੜੀ ਵਰਦੀ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਹੈ, ਉਸ ਦੇ ਜੇਬਾਂ ਨਹੀਂ ਹੁੰਦੀਆਂ ਤਾਂ ਜੋ ਮੁਲਾਜ਼ਮ ਕਿਸੇ ਗਾਹਕ ਕੋਲੋਂ ਮਿਲੀ ਟਿੱਪ ਲੁਕੋ ਨਾ ਲੈਣ।
ਇਹ ਹਾਲਾਤ ਦੁਨੀਆ ਦੀਆਂ ਵੱਡੀਆਂ ਅਤੇ ਮਸ਼ਹੂਰ ਕੰਪਨੀਆਂ ਦੇ ਹਨ ਜਿਨ੍ਹਾਂ ਦੀ ਮਸ਼ਹੂਰੀ ਨਾਮੀ-ਗਰਾਮੀ ਫਿਲਮੀ ਸਿਤਾਰੇ ਕਰਦੇ ਹਨ। ਸਾਰੀਆਂ ਕੰਪਨੀਆਂ ਵਿਚ ਮਜ਼ਦੂਰਾਂ ਦੀ ਲੁੱਟ ਇਸੇ ਬੇਰਹਿਮ ਢੰਗ ਨਾਲ ਹੁੰਦੀ ਹੈ। ਅਸਲ ਵਿਚ ਇਹ ਮਸਲਾ ਕਿਸੇ ਇੱਕ ਕੰਪਨੀ ਜਾਂ ਇੱਕ ਮਾਲਕ ਦਾ ਨਹੀਂ ਸਗੋਂ ਪੂਰੀ ਸਰਮਾਏਦਾਰਾ ਜਮਾਤ ਹੀ ਅਜਿਹੀ ਹੈ ਜਿਹੜੀ ਮਜ਼ਦੂਰਾਂ ਦੀ ਮਿਹਨਤ ’ਤੇ ਪਲਦੀ ਹੈ। ਇਸ ਲਈ ਸਾਡੀ ਲੜਾਈ ਕਿਸੇ ਇੱਕ ਕੰਪਨੀ ਜਾਂ ਮਾਲਕ ਨਾਲ ਨਹੀਂ ਸਗੋਂ ਸਰਮਾਏਦਾਰਾ ਢਾਂਚੇ ਖਿਲਾਫ ਹੋਣੀ ਚਾਹੀਦੀ ਹੈ।
ਸੰਪਰਕ: 73474-27205

Advertisement

Advertisement