For the best experience, open
https://m.punjabitribuneonline.com
on your mobile browser.
Advertisement

ਵਾਲਟ ਡਿਜ਼ਨੀ ਦਾ ਸਿਰਜਿਆ ਅਜੂਬਾ ਡਿਜ਼ਨੀਲੈਂਡ

10:34 AM Jul 07, 2024 IST
ਵਾਲਟ ਡਿਜ਼ਨੀ ਦਾ ਸਿਰਜਿਆ ਅਜੂਬਾ ਡਿਜ਼ਨੀਲੈਂਡ
Advertisement

ਰਵਿੰਦਰ ਸਿੰਘ ਸੋਢੀ

ਕਈ ਵਾਰ ਅਚਨਚੇਤ ਫੁਰਿਆ ਫੁਰਨਾ ਹੀ ਇਤਿਹਾਸ ਸਿਰਜ ਦਿੰਦਾ ਹੈ। ਵੀਹਵੀਂ ਸਦੀ ਦੇ ਤੀਜੇ-ਚੌਥੇ ਦਹਾਕੇ ਦੌਰਾਨ ਐਨੀਮੇਟਡ ਫਿਲਮਾਂ ਦੇ ਖੇਤਰ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕਿਆ ਅਮਰੀਕੀ ਵਾਲਟ ਡਿਜ਼ਨੀ ਇੱਕ ਦਿਨ ਪਾਰਕ ਵਿੱਚ ਬੈਠਾ ਆਪਣੀਆਂ ਦੋਵੇਂ ਧੀਆਂ ਨੂੰ ਝੂਲਿਆਂ ਦਾ ਆਨੰਦ ਮਾਣਦਾ ਦੇਖ ਰਿਹਾ ਸੀ। ਧੀਆਂ ਨੂੰ ਖ਼ੁਸ਼ ਦੇਖ ਕੇ ਉਸ ਦੇ ਦਿਮਾਗ਼ ਵਿੱਚ ਬਿਜਲੀ ਦੇ ਲਿਸ਼ਕਾਰੇ ਵਾਂਗੂੰ ਖ਼ਿਆਲ ਆਇਆ ਕਿ ਕੋਈ ਵਧੀਆ ਮਨੋਰੰਜਨ ਪਾਰਕ ਹੋਣਾ ਚਾਹੀਦਾ ਹੈ। ਉਸ ਨੇ ਇਸ ਸਬੰਧੀ ਬਹੁਤ ਸੋਚਿਆ, ਪਰ ਛੇਤੀ ਹੀ ਇਹ ਵਿਚਾਰ ਠੰਢੇ ਬਸਤੇ ਵਿੱਚ ਪੈ ਗਿਆ। ਅਖੀਰ ਉਸ ਨੇ 1948 ਵਿੱਚ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਮਾਹਿਰਾਂ ਦੀ ਟੀਮ ਬਣਾਈ। ਉਨ੍ਹਾਂ ਨੂੰ ਦੁਨੀਆ ਦੇ ਮਨੋਰੰਜਨ ਪਾਰਕ ਘੋਖਣ ਲਈ ਭੇਜਿਆ ਅਤੇ ਇੱਕ ਨਿਵੇਕਲੇ ਪਾਰਕ ਦੀ ਯੋਜਨਾ ਉਲੀਕੀ। ਇਸ ਲਈ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਤੋਂ 35 ਮੀਲ ਦੂਰ ਐਨਾਹਾਈਮ ਵਿਖੇ 500 ਏਕੜ ਜ਼ਮੀਨ ਖਰੀਦੀ ਗਈ। 1954 ਵਿੱਚ ਇਸ ਪਾਰਕ ਦਾ ਕੰਮ ਸ਼ੁਰੂ ਹੋਇਆ ਅਤੇ 18 ਜੁਲਾਈ 1955 ਨੂੰ ਪਾਰਕ ਲੋਕਾਂ ਲਈ ਖੋਲ੍ਹ ਦਿੱਤਾ ਗਿਆ।
ਡਿਜ਼ਨੀ ਨੇ ਇਸ ਵੱਡੇ ਪਾਰਕ ਦੇ ਛੋਟੇ-ਛੋਟੇ ਹਿੱਸਿਆਂ ਨੂੰ ਵਿਸ਼ੇਸ਼ ‘ਥੀਮ’ (ਕੇਂਦਰੀ ਨੁਕਤੇ) ’ਤੇ ਕੇਂਦਰਿਤ ਕੀਤਾ। ਬੱਚਿਆਂ ਦੇ ਪੱਧਰ ਅਤੇ ਉਮਰ ਅਨੁਸਾਰ ਕੁਝ ਪਾਰਕਾਂ ਨੂੰ ਉਲੀਕਿਆ ਅਤੇ ਉਨ੍ਹਾਂ ਲਈ ਛੋਟੀਆਂ-ਛੋਟੀਆਂ ਰੇਲਾਂ, ਕਿਸ਼ਤੀਆਂ ਵਾਲੇ ਪਾਰਕਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਦੇ ਆਲੇ-ਦੁਆਲੇ ਨੂੰ ਉਨ੍ਹਾਂ ਦੀ ਪਸੰਦ ਮੁਤਾਬਿਕ ਸਜਾਇਆ। ਨੌਜਵਾਨਾਂ ਲਈ ਰੁਮਾਂਚ ਪੈਦਾ ਕਰਨ ਵਾਲੇ ਪਾਰਕ ਬਣਾਏ।
ਡਿਜ਼ਨੀਲੈਂਡ ਦੇ ਪਹਿਲੇ ਹਿੱਸੇ ’ਤੇ 17 ਮਿਲੀਅਨ ਅਮਰੀਕੀ ਡਾਲਰ ਖਰਚ ਹੋਏ ਸਨ। ਇਸ ਤੋਂ ਬਾਅਦ ਵੀ ਸਮੇਂ-ਸਮੇਂ ’ਤੇ ਬਣਾਏ ਨਵੇਂ ਪਾਰਕਾਂ ਦਾ ਖਰਚਾ ਵੱਖਰਾ ਹੈ। ਜਿਵੇਂ ‘ਸਟਾਰ ਵਾਰ’ ’ਤੇ ਹੀ ਇੱਕ ਬਿਲੀਅਨ ਤੋਂ ਵੀ ਵੱਧ ਡਾਲਰ ਖਰਚ ਹੋਏ ਅਤੇ ‘ਰੇਡੀਏਟਰ ਸਪਰਿੰਗ ਰੇਸਰਸ’ ਉੱਤੇ 200 ਮਿਲੀਅਨ ਡਾਲਰ।
ਡਿਜ਼ਨੀਲੈਂਡ ਸ਼ੁਰੂ ਹੋਣ ਸਮੇਂ ਸਿਰਫ਼ 33 ਕਿਸਮ ਦੇ ਝੂਲੇ (ਰਾਈਡਜ਼) ਸਨ। ਅੱਜਕੱਲ੍ਹ ਇਨ੍ਹਾਂ ਦੀ ਗਿਣਤੀ 52 ਹੋ ਗਈ ਹੈ। ਸਮੇਂ-ਸਮੇਂ ’ਤੇ ਕੁਝ ਪੁਰਾਣੇ ਝੂਲੇ ਬੰਦ ਕਰ ਕੇ ਕੁਝ ਨਵੇਂ ਸ਼ੁਰੂ ਕੀਤੇ ਜਾਂਦੇ ਹਨ।

Advertisement

ਡਿਜ਼ਨੀਲੈਂਡ ਦੇ ਕੁਝ ਝੂਲੇ (ਰਾਈਡਜ਼)
ਪਾਰਕ ਸ਼ੁਰੂ ਹੋਣ ਸਮੇਂ ਕੁਝ ਪ੍ਰਸਿੱਧ ਰਾਈਡਜ਼ ਸਨ: ਪੀਟਰ ਪੈਨਲੈਂਡ ਰੇਲ ਰੋਡ, ਮੈਡ ਟੀ ਪਾਰਟੀ, ਮਾਰਕ ਟਵੇਨ ਰਿਵਰ ਬੋਟ, ਜੰਗਲ ਕਰੂਜ਼, ਸਟੋਰੀ ਬੁੱਕ ਲੈਂਡ ਕੈਨਾਲ ਬੋਟਸ, ਕੈਸੀ ਜੂਨੀਅਰ ਸਰਕਸ ਟਰੇਨ, ਡੰਬੋ ਦਿ ਫਲਾਈਂਗ ਐਲੀਫੈਂਟ, ਮੇਨ ਸਟਰੀਟ ਸਿਨੇਮਾ, ਦਿ ਗੋਲਡਨ ਹੌਰਸ ਸ਼ੂਅ, ਐਲਿਸ ਇਨ ਵੰਡਰਲੈਂਡ, ਸਬਮਰੀਨ ਵੌਇਜ ਆਦਿ।
ਅੱਜਕੱਲ੍ਹ ਦੇ ਕੁਝ ਹੋਰ ਰਾਈਡਜ਼ ਹਨ: ਅਟੋਪੀਆ, ਫਾਈਂਡਿੰਗ ਨੈਮੋ ਸਬਮਰੀਨ ਵੌਇਜ, ਇੰਡੀਆਨਾ ਜੋਨਜ਼ ਐਡਵੈਂਚਰ, ਡਿਜ਼ਨੀ ਗੈਲਰੀ, ਪਾਇਰੇਟਸ ਆਫ ਕੈਰੀਬੀਅਨ, ਸੇਲਿੰਗ ਸ਼ਿਪ ਕੋਲੰਬੀਆ, ਮਿੱਕੀ’ਜ਼ ਹਾਊਸ ਐਂਡ ਮੀਟ ਮਿੰਨੀ, ਰੋਜ਼ਰ ਰੈਬਿਟ’ਸ ਕਾਰ ਟੂਨ ਸਪਿਨ, ਡੋਨਲਡ’ਜ਼ ਡੱਕ ਪੌਂਡ, ਸਲੀਪਿੰਗ ਬਿਊਟੀ ਕੈਸਲ, ਡਿਜ਼ਨੀਲੈਂਡ ਮੋਨੋਰੇਲ, ਸਟਾਰ ਵਾਰਜ਼, ਰਾਈਜ਼ ਆਫ ਦਿ ਰਜ਼ਿਸਟੈਂਸ ਆਦਿ। ਕੁਝ ਖ਼ਤਰਨਾਕ ਰਾਈਡਜ਼ ਹਨ ਜਿਵੇਂ: ਸਪੇਸ ਮਾਊਂਨਟੇਨ, ਹੌਂਟਡ ਮੈਨਸ਼ਨ, ਬਿੱਗ ਥੰਡਰ ਮਾਊਂਨਟੇਨ ਰੇਲ ਰੋਡ, ਦਿ ਟਵਿਲਾਈਟ ਜ਼ੋਨ ਟਾਵਰ ਆਫ ਟੈੱਰਰ, ਸਪਲੈਸ਼ ਮਾਊਂਟੇਨ, ਮਿਸ਼ਨ ਸਪੇਸ, ਡਾਇਨਾਸੋਰ, ਐਕਸਪੀਡਿਸ਼ਨ ਐਵਰੈਸਟ, ਸੈਵਨ ਡਵਾਰਫ ਮਾਈਨ ਟਰੇਨ ਆਦਿ। ਦਿ ਮੈਟਰਹਾਰਨ ਰਾਈਡ ਤਾਂ ਹੱਡੀਆਂ ਕੜਕਾ ਦਿੰਦੀ ਹੈ।

ਡਿਜ਼ਨੀ ਕੈਲੀਫੋਰਨੀਆ ਅਡਵੈਂਚਰ

ਡਿਜ਼ਨੀਲੈਂਡ ਵਿੱਚ ਨਵੀਨਤਾ ਲਿਆਉਣ ਲਈ 1995 ’ਚ ਇੱਕ ਨਵੇਂ ਪਾਰਕ ਦੀ ਯੋਜਨਾ ਉਲੀਕੀ ਗਈ। ਡਿਜ਼ਨੀਲੈਂਡ ਦੇ ਸਾਹਮਣੇ ਦੀ ਕਾਰ ਪਾਰਕਿੰਗ ਵਿੱਚ ਨਵੇਂ ਪਾਰਕ ਦੀ ਉਸਾਰੀ ਕੀਤੀ ਗਈ। ਜੂਨ 1998 ਵਿੱਚ ਨਵਾਂ ਪਾਰਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਜਨਵਰੀ 2001 ਵਿੱਚ ‘ਡਿਜ਼ਨੀ’ਜ਼ ਕੈਲੀਫੋਰਨੀਆ ਅਡਵੈਂਚਰ ਪਾਰਕ’ ਦਾ ਕੰਮ ਪੂਰਾ ਹੋ ਗਿਆ। 600 ਮਿਲੀਅਨ ਡਾਲਰ ਦੀ ਲਾਗਤ ਨਾਲ ਉਸਰਿਆ ਇਹ ਨਵਾਂ ਅਜੂਬਾ 8 ਜੂਨ 2001 ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ, ਪਰ ਦਰਸ਼ਕਾਂ ਵੱਲੋਂ ਇਸ ਨੂੰ ਨਾ-ਮਾਤਰ ਹੁੰਗਾਰਾ ਹੀ ਮਿਲਿਆ। ਇਸ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਨਵੇਂ ਪਾਰਕ ਵਿੱਚ ਬੱਚਿਆਂ ਦੇ ਮਨੋਰੰਜਨ ਵਾਲੀ ਕੋਈ ਚੀਜ਼ ਨਹੀਂ ਸੀ। ਦਰਸ਼ਕਾਂ ਦੀ ਬੇਰੁਖ਼ੀ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਇੱਕ ਬਿਲੀਅਨ ਡਾਲਰ ਖਰਚ ਕੇ ਜ਼ਰੂਰੀ ਸੁਧਾਰ ਕੀਤੇ।
ਅੱਜਕੱਲ੍ਹ ਬੱਚਿਆਂ ਲਈ ਡਿਜ਼ਨੀ ਜੂਨੀਅਰ ਡਾਂਸ ਪਾਰਟੀ, ਐਨੀਮੇਸ਼ਨ ਅਕੈਡਮੀ, ਮਿਕੀ ਮਾਊਸ ਥ੍ਰੀ ਡਾਈਮੈਨਸ਼ਨਲ ਫਿਲਮ ਸ਼ੋਅ, ਦਿ ਲਿਟਲ ਮਰਮੇਡ: ਏਰੀਅਲ’ਜ਼ ਅੰਡਰ ਸੀਅ ਅਡਵੈਂਚਰ, ਟਰੈਕਟਰ ਅਤੇ ਕਾਰਾਂ ਵਾਲਾ ਪਾਰਕ ਵਿਸ਼ੇਸ਼ ਖਿੱਚ ਦੇ ਸਾਧਨ ਹਨ। ਨੌਜਵਾਨਾਂ ਲਈ ਰੇਡੀਏਟਰ ਸਪਰਿੰਗਜ਼ ਰੇਸਰਜ਼ ਅਤੇ ਰੋਲਰ ਕੋਸਟਰ, ਇਨਸਾਈਡ ਆਊਟ ਇਮੋਸ਼ਨਲ ਵਰਲਵਿੰਡਰ, ਪਿਕਸਰ’ਸ ਕਾਰ (ਇਸ ਵਿੱਚ ਦੋ ਤਰ੍ਹਾਂ ਦੇ ਝੂਲੇ ਹਨ- ਇੱਕ ਥਾਂ ਜੜੇ ਹੋਏ ਅਤੇ ਹਿੱਲਣ ਵਾਲੇ। ਹਿੱਲਣ ਵਾਲਿਆਂ ਵਿੱਚ ਕਾਫ਼ੀ ਡਰ ਲੱਗਦਾ ਹੈ)। ਇਸ ਪਾਰਕ ਵਿੱਚ ਹੀ ਇੱਕ ਹੋਰ ਵਿਸ਼ੇਸ਼ ਸ਼ੋਅ ਹੈ- ਵੈੱਬ ਸਲਿੰਜਰਜ਼; ਏ ਸਪਾਈਡਰ ਮੈਨ ਐਡਵੈਂਚਰ। ਇੱਕ ਰੇਲਗੱਡੀ ਵਿੱਚ ਬਿਠਾ ਕੇ ਸਪੇਸ ਦੀ ਸੈਰ ਕਰਵਾਉਂਦੇ ਹਨ। ਰਾਤ ਸਮੇਂ ਰੰਗ-ਬਰੰਗੀਆਂ ਰੋਸ਼ਨੀਆਂ ਦਾ ਅਲੌਕਿਕ ਨਜ਼ਾਰਾ ਹੁੰਦਾ ਹੈ।

ਡਿਜ਼ਨੀਲੈਂਡ ਦੀ ਟਿਕਟ
1955 ਵਿੱਚ ਵੱਡਿਆਂ ਲਈ ਇੱਕ ਡਾਲਰ ਅਤੇ ਬੱਚਿਆਂ ਲਈ ਪੰਜਾਹ ਸੈਂਟ ਦੀ ਟਿਕਟ ਰੱਖੀ ਗਈ। ਜਨਵਰੀ 2024 ਵਿੱਚ ਟਿਕਟ ਦੀ ਕੀਮਤ ਬਾਲਗਾਂ ਲਈ 104 ਡਾਲਰ ਅਤੇ ਬੱਚਿਆਂ ਲਈ 50 ਡਾਲਰ ਸੀ। ਤਿੰਨ ਸਾਲ ਤੱਕ ਦੇ ਬੱਚਿਆਂ ਦਾ ਦਾਖ਼ਲਾ ਮੁਫ਼ਤ ਹੈ। 30 ਡਾਲਰ ਵਾਧੂ ਖਰਚ ਕੇ ਵਿਸ਼ੇਸ਼ ਲਾਈਨ ਦੀ ਟਿਕਟ ਲਈ ਜਾ ਸਕਦੀ ਹੈ ਕਿਉਂਕਿ ਕੁਝ ਰਾਈਡਜ਼ ਲਈ ਘੰਟੇ ਤੋਂ ਵੀ ਵੱਧ ਉਡੀਕ ਕਰਨੀ ਪੈਂਦੀ ਹੈ।

ਦੁਨੀਆ ਦੇ ਹੋਰ ਡਿਜ਼ਨੀਲੈਂਡ

ਡਿਜ਼ਨੀਲੈਂਡ ਦੀਆਂ ਵੱਖ ਵੱਖ ਮਨੋਰੰਜਕ ਇਮਾਰਤਾਂ ਅਤੇ ਝੂਲਿਆਂ ਦਾ ਆਨੰਦ ਮਾਣਦੇ ਸੈਲਾਨੀ।

ਦੁਨੀਆ ਦਾ ਪਹਿਲਾ ਡਿਜ਼ਨੀਲੈਂਡ ਐਨਾਹਾਈਮ (ਲਾਸ ਏਂਜਲਸ ਨੇੜੇ) ਹੀ ਹੈ, ਪਰ ਇਸ ਦੀ ਪ੍ਰਸਿੱਧੀ ਦੇਖ ਕੇ ਪੰਜ ਹੋਰ ਅਜਿਹੇ ਪਾਰਕ ਬਣਾਏ ਗਏ। ਅਮਰੀਕਾ ਦੇ ਫਲੋਰਿਡਾ ਰਾਜ ਓਰਲੈਂਡੋ ਸ਼ਹਿਰ ਵਿੱਚ ਵਰਲਡ ਡਿਜ਼ਨੀ ਰਿਜ਼ੌਰਟ (1971) ਬਣਿਆ। ਦੁਨੀਆ ਦਾ ਸਭ ਤੋਂ ਵੱਡਾ ਡਿਜ਼ਨੀ ਵਰਲਡ 43 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ। ਜਾਪਾਨ ਦੀ ਰਾਜਧਾਨੀ ਨੇੜੇ ਟੋਕੀਓ ਡਿਜ਼ਨੀ ਰਿਜ਼ੌਰਟ (1983), ਫਰਾਂਸ ਦੀ ਰਾਜਧਾਨੀ ਪੈਰਿਸ ਨੇੜੇ ‘ਡਿਜ਼ਨੀਲੈਂਡ’ (1992), ਹਾਂਗਕਾਂਗ ਦੇ ਟਾਪੂ- ਲੈਂਟੋ ਦਾ ਡਿਜ਼ਨੀਲੈਂਡ (2005) ਅਤੇ ਚੀਨ ਵਿੱਚ ‘ਸ਼ੰਘਾਈ ਡਿਜ਼ਨੀ ਰਿਜ਼ੌਰਟ’ (2016) ਹਨ।

ਦਰਸ਼ਕ ਆਪਣੇ ਨਾਲ ਕੀ ਲੈ ਕੇ ਜਾਣ
ਡਿਜ਼ਨੀਲੈਂਡ ਵਿੱਚ ਛੋਟੇ ਬੈਗ ਹੀ ਲੈ ਕੇ ਜਾਣ ਦੀ ਆਗਿਆ ਹੈ। ਕੱਚ ਦੀ ਕੋਈ ਵੀ ਚੀਜ਼, ਨਸ਼ਾ ਅਤੇ ਸੈਲਫੀ ਸਟਿਕ ਲਿਜਾਣ ਦੀ ਮਨਾਹੀ ਹੈ।
ਸਾਰੇ ਦਰਸ਼ਕਾਂ ਕੋਲ ਪਾਣੀ ਦੀਆਂ ਬੋਤਲਾਂ ਜ਼ਰੂਰ ਹੋਣ। ਅੰਦਰ ਖਾਣ-ਪੀਣ ਲਈ ਹੋਟਲ, ਰੈਸਤਰਾਂ ਹਨ, ਪਰ ਦਰਸ਼ਕ ਆਪਣੇ ਨਾਲ ਖਾਣ ਲਈ ਜੋ ਮਰਜ਼ੀ ਲੈ ਕੇ ਜਾ ਸਕਦੇ ਹਨ। ਛੋਟੇ ਬੱਚਿਆਂ ਲਈ ਪਰੈਮ, ਸਟਰੌਲਰ ਅਤੇ ਬਹੁਤਾ ਤੁਰਨ ਤੋਂ ਅਸਮਰੱਥ ਲੋਕ ਵ੍ਹੀਲਚੇਅਰ ਲਿਜਾਏ ਸਕਦੇ ਹਨ, ਪਰ ਫੋਲਡਿੰਗ ਕੁਰਸੀ ਨਹੀਂ। ਸਟਰੌਲਰ ਅਤੇ ਵ੍ਹੀਲਚੇਅਰ ਉੱਥੋਂ ਕਿਰਾਏ ’ਤੇ ਵੀ ਮਿਲ ਜਾਂਦੀਆਂ ਹਨ, ਪਰ ਕਿਰਾਇਆ ਜ਼ਿਆਦਾ ਹੁੰਦਾ ਹੈ।
ਡਿਜ਼ਨੀਲੈਂਡ ਅੰਦਰਲਾ ਮਾਹੌਲ
ਸਾਡਾ ਡਿਜ਼ਨੀਲੈਂਡ ਦਾ ਚਾਰ ਦਿਨ ਦਾ ਪ੍ਰੋਗਰਾਮ ਸੀ। ਇਨ੍ਹਾਂ ਦਿਨਾਂ ਦੌਰਾਨ ਮੈਂ ਕਿਸੇ ਨੂੰ ਆਪਸ ਵਿੱਚ ਉੱਚੀ ਆਵਾਜ਼ ’ਚ ਗੱਲ ਕਰਦੇ ਨਹੀਂ ਦੇਖਿਆ। ਜੇ ਕੋਈ ਗ਼ਲਤੀ ਨਾਲ ਕਿਸੇ ਨਾਲ ਟਕਰਾ ਜਾਵੇ ਤਾਂ ਗ਼ਲਤੀ ਵਾਲਾ ਝੱਟ ਸੌਰੀ ਕਹਿ ਦਿੰਦਾ ਅਤੇ ਦੂਜਾ ਹੱਸ ਕੇ ਅੱਗੇ ਤੁਰ ਪੈਂਦਾ। ਕਈ ਰਾਈਡਜ਼ ਲਈ ਲੋਕ ਘੰਟੇ ਤੋਂ ਵੱਧ ਸਮਾਂ ਵੀ ਕਤਾਰ ਵਿੱਚ ਖੜ੍ਹੇ ਰਹਿੰਦੇ ਹਨ, ਪਰ ਕੋਈ ਕਤਾਰ ਤੋੜਨ ਜਾਂ ਧੱਕਾ ਮਾਰਨ ਦੀ ਕੋਸ਼ਿਸ਼ ਨਹੀਂ ਕਰਦਾ।
ਹਰ ਰਾਈਡ ਜਾਂ ਸ਼ੋਅ ਦੇ ਬਾਹਰ ਸਟਰੌਲਰ, ਵ੍ਹੀਲਚੇਅਰ ਖੜ੍ਹੀਆਂ ਕਰਨ ਨੂੰ ਥਾਂ ਬਣੀ ਹੋਈ ਹੈ। ਲੋਕ ਉਨ੍ਹਾਂ ’ਤੇ ਹੀ ਆਪਣੇ ਬੈਗ ਰੱਖ ਕੇ ਚਲੇ ਜਾਂਦੇ ਹਨ। ਉਸ ਥਾਂ ’ਤੇ ਕਿਸੇ ਦੀ ਡਿਊਟੀ ਵੀ ਨਹੀਂ ਹੁੰਦੀ। ਰੋਜ਼ਾਨਾ 40-50 ਹਜ਼ਾਰ ਲੋਕਾਂ ਦੀ ਭੀੜ ਵਾਲੀ ਥਾਂ ਦਾ ਅਜਿਹਾ ਮਾਹੌਲ ਆਪਣੇ ਆਪ ਵਿੱਚ ਅਜੂਬਾ ਹੀ ਹੈ।
ਖਾਣ-ਪੀਣ ਲਈ ਬਹੁਤ ਸਾਫ਼-ਸੁਥਰੀਆਂ ਥਾਵਾਂ ਹਨ, ਜਿੱਥੇ ਭੀੜ ਲੱਗੀ ਹੀ ਰਹਿੰਦੀ ਹੈ, ਪਰ ਕੋਈ ਰੌਲਾ-ਗੌਲਾ ਨਹੀਂ। ਥਾਂ ਥਾਂ ਵਾਸ਼ਰੂਮ ਹਨ। ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਕਚਰਾ ਸੁੱਟਣ ਲਈ ਥੋੜ੍ਹੀ-ਥੋੜ੍ਹੀ ਦੂਰ ਕੰਟੇਨਰ ਪਏ ਹਨ।

ਡਿਜ਼ਨੀਲੈਂਡ ਜਾਣ ਦੀ ਤਿਆਰੀ ਕਿਵੇਂ ਕੀਤੀ ਜਾਵੇ
ਭੀੜ ਤੋਂ ਬਚਣ ਲਈ ਜਨਵਰੀ ਮੱਧ ਤੋਂ ਮਾਰਚ ਮੱਧ ਜਾਂ ਮੱਧ ਸਤੰਬਰ ਤੋਂ ਮੱਧ ਨਵੰਬਰ ਤੱਕ ਜਾਇਆ ਦਾ ਸਕਦਾ ਹੈ। ਡਿਜ਼ਨੀਲੈਂਡ ਅਤੇ ਡਿਜ਼ਨੀ’ਜ਼ ਕੈਲੀਫੋਰਨੀਆ ਐਡਵੈਂਚਰ ਦੋਵਾਂ ਦਾ ਪੂਰਾ ਆਨੰਦ ਮਾਣਨ ਲਈ ਚਾਰ-ਪੰਜ ਦਿਨ ਚਾਹੀਦੇ ਹਨ। ਦੋ ਦਿਨਾਂ ਵਿੱਚ ਐਡਵੈਂਚਰ ਪਾਰਕ ਭਾਵੇਂ ਪੂਰਾ ਤਾਂ ਨਹੀਂ ਦੇਖਿਆ ਜਾ ਸਕਦਾ, ਪਰ ਮੁੱਖ-ਮੁੱਖ ਰਾਈਡਜ਼ ਲਏ ਜਾ ਸਕਦੇ ਹਨ। ਜੇ ਇਕੱਲੇ ਡਿਜ਼ਨੀਲੈਂਡ ਦੇ ਸਾਰੇ ਰਾਈਡਜ਼ ਦਾ ਨਜ਼ਾਰਾ ਲੈਣਾ ਹੈ ਤਾਂ ਹਫ਼ਤਾ ਵੀ ਘੱਟ ਹੈ।

ਡਿਜ਼ਨੀਲੈਂਡ ਦੀਆਂ ਕੁਝ ਵਿਸ਼ੇਸ਼ ਗੱਲਾਂ
* ਇਸ ਪਾਰਕ ਵਿੱਚ ਇੱਕ ਥਾਂ 70 ਮਿਲੀਅਨ ਸਾਲ ਪੁਰਾਣੇ ਦਰੱਖ਼ਤ ਦਾ ਮੁੱਢ ਪਿਆ ਹੈ।
* ਡਿਜ਼ਨੀਲੈਂਡ ਦੇ ‘ਸਲੀਪਿੰਗ ਬਿਊਟੀ ਕੈਸਲ’ ਵਿੱਚ ਟਾਈਮ ਕੈਪਸੂਲ ਦੱਬਿਆ ਹੋਇਆ ਹੈ। ਵਾਲਟ ਦੀ ਇੱਛਾ ਮੁਤਾਬਿਕ ਇਹ ਡਿਜ਼ਨੀਲੈਂਡ ਦੇ 80ਵੇਂ ਜਨਮ ਸਮਾਰੋਹ ਸਮੇਂ ਕੱਢਿਆ ਜਾਵੇਗਾ।
* ਪੱਤਰਕਾਰ, ਜੈੱਫ ਰਿਟਜ਼ ਇਸ ਪਾਰਕ ’ਚ 8 ਸਾਲ, 3 ਮਹੀਨੇ ਅਤੇ 113 ਦਿਨ ਲਗਾਤਾਰ ਆਉਂਦਾ ਰਿਹਾ, ਜੋ ਗਿੰਨੀਜ਼ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੈ।
* ਵਰਤਮਾਨ ਸਮੇਂ ਇੱਥੇ 32,000 ਕਰਮਚਾਰੀ ਕੰਮ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਦੀ ਖਾਸੀਅਤ ਹੈ ਕਿ ਇਹ ਤਿੰਨ ਸ਼ਬਦ ‘ਮੈਨੂੰ ਨਹੀਂ ਪਤਾ’ (I don’t know) ਕਦੇ ਨਹੀਂ ਬੋਲਦੇ।
* ਇੱਥੇ ਰੋਜ਼ਾਨਾ ਤਕਰੀਬਨ ਢਾਈ ਕਰੋੜ ਅਮਰੀਕੀ ਡਾਲਰਾਂ ਦਾ ਕਾਰੋਬਾਰ ਹੁੰਦਾ ਹੈ।

ਜੇ ਕਿਸੇ ਨੇ ਸਟਾਰ ਵਾਰਜ਼ ਨੂੰ ਦੇਖਣਾ ਹੈ, ਸਪੇਸ ਵਾਲੇ ਫਰਜ਼ੀ ਜੀਵਾਂ ਨੂੰ ਆਪਣੇ ਵੱਲ ਆਉਂਦੇ ਦੇਖਣਾ ਹੈ, ਫਰਜ਼ੀ ਹਥਿਆਰਾਂ ’ਚੋਂ ਨਿਕਲਦੀਆਂ ਚੰਗਿਆੜੀਆਂ ਦੇਖਣੀਆਂ ਹਨ, ਕੁਰਸੀਆਂ ’ਤੇ ਬੈਠੇ ਹੀ ਖ਼ਤਰਨਾਕ ਨਜ਼ਾਰਿਆਂ ਦਾ ਸਾਹਮਣਾ ਕਰਨਾ ਹੈ, ਦੁਨੀਆ ਦੇ ਸੱਤ ਅਜੂਬਿਆਂ ਦੇ ਉੱਪਰ ਦੀ ਲੰਘਣਾ ਹੈ, ਐਵਰੈਸਟ ਦੀ ਚੋਟੀ ਅਤੇ ਪੈਰਿਸ ਦੇ ਆਈਫਲ ਟਾਵਰ ਨੂੰ ਆਪਣੇ ਪੈਰਾਂ ਨਾਲ ਛੁਹਣਾ ਹੈ, ਪਣਡੁੱਬੀ ਵਰਗੇ ਮਾਡਲ ਵਿੱਚ ਬੈਠ ਕੇ ਸਮੁੰਦਰ ਦੀ ਦੁਨੀਆ ਦੇਖਣੀ ਹੈ, ਪੁਰਾਣੀ ਸਮੁੰਦਰੀ ਕਿਸ਼ਤੀ ਦੀ ਸੈਰ ਕਰਨੀ ਹੈ, ਹਨੇਰੀਆਂ ਗੁਫ਼ਾਵਾਂ ਵਿੱਚੋਂ ਲੰਘਣਾ ਹੈ, ਜੇ ਡਰ ਨਾਂ ਦੀ ਚੀਜ਼ ਤੋਂ ਤੁਸੀਂ ਵਾਕਿਫ਼ ਨਹੀਂ ਅਤੇ ਸਰੀਰ ਦੀਆਂ ਹੱਡੀਆਂ-ਪਸਲੀਆਂ ਦੇ ਕੜਕ ਜਾਣ ਤੋਂ ਤੁਸੀਂ ਨਵੇਂ ਜੋਸ਼ ਵਿੱਚ ਆਉਂਦੇ ਹੋ ਤਾਂ ਮੌਕਾ ਮਿਲਦੇ ਹੀ ਛੇ ਡਿਜ਼ਨੀਲੈਂਡਜ਼ ਵਿੱਚੋਂ ਕਿਸੇ ਇੱਕ ਦਾ ਚੱਕਰ ਜ਼ਰੂਰ ਲਾਓ।
ਡਿਜ਼ਨੀਲੈਂਡ ਦੀ ਚਾਰ ਦਿਨ ਦੀ ਫੇਰੀ ਮਗਰੋਂ ਮੈਂ ਮਹਿਸੂਸ ਕੀਤਾ ਕਿ ਮਨੁੱਖੀ ਦਿਮਾਗ਼ ਅਤੇ ਵਿਗਿਆਨ ਦੇ ਸੁਚੱਜੇ ਸੁਮੇਲ ਨੇ ਵਾਲਟ ਡਿਜ਼ਨੀ ਦੇ ਸੁਫ਼ਨੇ ਨੂੰ ਇੱਕ ਅਜਿਹੇ ਰੂਪ ਵਿਚ ਸਾਕਾਰ ਕੀਤਾ ਜੋ ਆਪਣੇ ਆਪ ਵਿੱਚ ਅਜੂਬਾ ਬਣ ਗਿਆ ਹੈ।

ਸੰਪਰਕ: 001-604-369-2371

Advertisement
Author Image

sukhwinder singh

View all posts

Advertisement
Advertisement
×