ਢੀਂਡਸਾ ਵੱਲੋਂ ਅੱਠ ਆਗੂਆਂ ਦੀ ਬਰਤਰਫ਼ੀ ਰੱਦ
ਚਰਨਜੀਤ ਭੁੱਲਰ
ਚੰਡੀਗੜ੍ਹ, 31 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਅੱਠ ਸੀਨੀਅਰ ਆਗੂਆਂ ਦੀ ਕੀਤੀ ਬਰਤਰਫ਼ੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਰਤਰਫ਼ੀ ਦਾ ਅਧਿਕਾਰ ਸਿਰਫ਼ ਵਰਕਿੰਗ ਕਮੇਟੀ ਕੋਲ ਹੈ। ਪਾਰਟੀ ਤੋਂ ਨਾਰਾਜ਼ ਧੜੇ ਦੇ ਆਗੂਆਂ ਨੇ ਅੱਜ ਜਵਾਬੀ ਹੱਲਾ ਬੋਲਿਆ ਹੈ ਜਿਸ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਦੱਸਣਯੋਗ ਹੈ ਕਿ ਅਨੁਸ਼ਾਸਨੀ ਕਮੇਟੀ ਨੇ ਵੱਡੇ ਢੀਂਡਸਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ।
ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਨੇ ਲੰਘੇ ਦਿਨ ਏਨੀ ਕਾਹਲ ਨਾਲ ਬਰਤਰਫ਼ੀ ਵਾਲਾ ਕਦਮ ਚੁੱਕਿਆ ਸੀ ਕਿ ਕਮੇਟੀ ਦੇ ਦੋਵੇਂ ਮੈਂਬਰਾਂ ਨੂੰ ਟੈਲੀਫ਼ੋਨ ਜ਼ਰੀਏ ਹੀ ਮੀਟਿੰਗ ਵਿਚ ਸ਼ਾਮਲ ਕੀਤਾ ਗਿਆ ਸੀ। ਕਮੇਟੀ ਨੇ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਚਰਨਜੀਤ ਸਿੰਘ ਬਰਾੜ ਆਦਿ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ ਅਤੇ ਸੱਤ ਹਲਕਾ ਇੰਚਾਰਜ ਵੀ ਬਦਲੇ ਗਏ ਹਨ।
ਢੀਂਡਸਾ ਨੇ ਕਿਹਾ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵੱੱਲੋਂ ਮੰਗਲਵਾਰ ਨੂੰ ਲਿਆ ਫ਼ੈਸਲਾ ਪਾਰਟੀ ਦੇ ਸੰਵਿਧਾਨ ਅਤੇ ਰਵਾਇਤਾਂ ਤੋਂ ਉਲਟ ਹੈ ਜਿਸ ਕਰਕੇ ਇਸ ਨੂੰ ਰੱਦ ਕੀਤਾ ਜਾਂਦਾ ਹੈ ਕਿਉਂਕਿ ਇਹ ਅਧਿਕਾਰ ਸਿਰਫ਼ ਤੇ ਸਿਰਫ਼ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਹੈ। ਅਨੁਸ਼ਾਸਨੀ ਕਮੇਟੀ ਸਿਰਫ਼ ਵਰਕਿੰਗ ਕਮੇਟੀ ਜਾਂ ਪਾਰਟੀ ਪ੍ਰਧਾਨ ਨੂੰ ਸਿਫ਼ਾਰਸ਼ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਰਤਰਫ਼ ਕੀਤੇ ਆਗੂਆਂ ਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਕਮੇਟੀ ਦੀ ਕੋਈ ਮੀਟਿੰਗ ਹੋਈ। ਢੀਂਡਸਾ ਦੀ ਇਸ ਕਾਰਵਾਈ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਨਵੇਂ ਸੰਕਟ ਵਿਚ ਘਿਰ ਗਏ ਹਨ। ਡੇਰਾ ਸਿਰਸਾ ਦੀ ਸਿਆਸੀ ਕਮੇਟੀ ਦੇ ਮੈਂਬਰ ਪ੍ਰਦੀਪ ਕਲੇਰ ਦੇ ਖ਼ੁਲਾਸੇ ਵੀ ਬਾਦਲ ਪਰਿਵਾਰ ਨੂੰ ਢਾਹ ਲਾਉਣ ਵਾਲੇ ਹਨ ਜਿਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਨੇ ਖੰਡਨ ਵੀ ਕੀਤਾ ਹੈ। ਇਸੇ ਦੌਰਾਨ ਅਨੁਸ਼ਾਸਨੀ ਕਮੇਟੀ ਦਾ ਕਾਹਲ ਵਾਲਾ ਕਦਮ ਵੀ ਬਾਦਲ ਪਰਿਵਾਰ ਦੀ ਘੇਰਾਬੰਦੀ ਸਖ਼ਤ ਕਰਨ ਵਿਚ ਮਦਦਗਾਰ ਬਣ ਸਕਦਾ ਹੈ।
ਉਧਰ ਢੀਂਡਸਾ ਨੇ ਅੱਜ ਐਲਾਨ ਕੀਤਾ ਹੈ ਕਿ ਜਲਦੀ ਹੀ ਡੈਲੀਗੇਟਾਂ ਦਾ ਇਜਲਾਸ ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਬੁਲਾ ਕੇ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ ਤਾਂ ਕਿ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ। ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਛੇਤੀ ਹੀ ਜਨਰਲ ਇਜਲਾਸ ਦਾ ਸਮਾਂ ਤੇ ਸਥਾਨ ਬਾਰੇ ਫ਼ੈਸਲਾ ਕਰਨਗੇ। ਢੀਂਡਸਾ ਦਾ ਐਲਾਨ ਨਾਰਾਜ਼ ਧੜੇ ਦੇ ਪਾਰਟੀ ਉਪਰ ਜਮਹੂਰੀ ਤਰੀਕੇ ਨਾਲ ਕਾਬਜ਼ ਹੋਣ ਵੱਲ ਸੰਕੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਡੇਰਾ ਸਿਰਸਾ ਦੇ ਰਾਜਸੀ ਵਿੰਗ ਦੇ ਮੁਖੀ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰ ਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤਾਂ ਕੀਤੇ ਜਾਣ ਨੂੰ ਬੇਪਰਦ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਲੋਕਾਂ ਦਾ ਵਿਸ਼ਵਾਸ ਗੁਆ ਚੁੱਕਾ ਹੈ ਤੇ ਪਾਰਟੀ ਇਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ, ਸਰਕਲ ਪ੍ਰਧਾਨਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਇਕਜੁੱਟ ਹੋ ਕੇ ਪਾਰਟੀ ’ਤੇ ਬਣੇ ਗੰਭੀਰ ਸੰਕਟ ਦਾ ਡਟ ਕੇ ਸਾਹਮਣਾ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁਲੇਵਾਲਰਾਠਾਂ, ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੋਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾਂ ਆਦਿ ਹਾਜ਼ਰ ਸਨ।