ਅਕਾਲੀ ਦਲ ਵੱਲੋਂ ਮਲੂਕਾ ਦੀ ਹਲਕਾ ਇੰਚਾਰਜ ਵਜੋਂ ਛੁੱਟੀ
* ਨੂੰਹ ਤੇ ਪੁੱਤਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਕੀਤਾ ਫ਼ੈਸਲਾ
ਇਕਬਾਲ ਸਿੰਘ ਸ਼ਾਂਤ
ਲੰਬੀ, 12 ਅਪਰੈਲ
ਪੰਜਾਬ ਦੀ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਅਤੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਸਿਰ ਜਥੇਬੰਦਕ ਠੀਕਰਾ ਫੁੱਟ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕੇ ਦਾ ਇੰਚਾਰਜ ਥਾਪ ਦਿੱਤਾ ਹੈ। ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਅਤੇ ਹੁਣ ਤੱਕ ਮੌੜ ਹਲਕੇ ਦੇ ਇੰਚਾਰਜ ਸਨ। ਪਿੰਡ ਬਾਦਲ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ’ਚ ਅੱਜ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕੇ ਦਾ ਇੰਚਾਰਜ ਲਾਇਆ ਗਿਆ। ਦੂਜੇ ਪਾਸੇ ਬੀਬੀ ਮਲੂਕਾ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਮਿਲਣਾ ਲਗਪਗ ਤੈਅ ਹੈ।
ਤਾਜ਼ਾ ਘਟਨਾਕ੍ਰਮ ਤਹਿਤ ਮਲੂਕਾ ਦੀ ਨੂੰਹ ਅਤੇ ਪੁੁੱਤਰ ਵੱਲੋਂ ਭਾਜਪਾ ਨਾਲ ਜੁੜਨ ਨਾਲ ਉਨ੍ਹਾਂ ਦੀ ਵਫ਼ਾਦਾਰੀ ਖਦਸ਼ਿਆਂ ਦਾ ਸ਼ਿਕਾਰ ਹੋ ਗਈ ਹੈ। ਉੱਧਰ ਨਵੀਂ ਨਿਯੁਕਤੀ ਬਾਰੇ ਸ੍ਰੀ ਸੇਖੋਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੱਕ ਮੌੜ ਹਲਕੇ ਦਾ ਇੰਚਾਰਜ ਲਗਾਇਆ ਹੈ। ਉਹ ਹਫ਼ਤੇ ਦੇ ਤਿੰਨ ਦਿਨ ਹਲਕਾ ਮੌੜ ਅਤੇ ਤਿੰਨ ਦਿਨ ਜ਼ੀਰਾ ਹਲਕੇ ’ਚ ਡਿਊਟੀ ਨਿਭਾਉਣਗੇ। ਮੌੜ ਹਲਕੇ ਵਿੱਚ 65 ਪਿੰਡ ਹਨ, ਲੋਕ ਸਭਾ ਚੋਣਾਂ ਤੱਕ ਸਾਰੇ ਹਲਕੇ ਨੂੰ ਤਿੰਨ-ਚਾਰ ਵਾਰ ਕਵਰ ਕਰ ਲਿਆ ਜਾਵੇਗਾ। ਸ੍ਰੀ ਸੇਖੋਂ 2012-2017 ਦੌਰਾਨ ਬਤੌਰ ਵਿਧਾਇਕ ਅਤੇ ਮੰਤਰੀ ਮੌੜ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਪੁੱਤਰ ਤੇ ਨੂੰਹ ਨੂੰ ਰੋਕਣ ਦੀ ਕੀਤੀ ਸੀ ਕੋਸ਼ਿਸ਼: ਮਲੂਕਾ
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਗੋਲਮੋਲ ਜਵਾਬ ਦਿੱਤੇ। ਤਖ਼ਤ ਸਾਹਿਬ ਮੱਥਾ ਟੇਕਣ ਉਪਰੰਤ ਸਿਕੰਦਰ ਸਿੰਘ ਮਲੂਕਾ ਨੂੰ ਜਦੋਂ ਲੋਕਾਂ ਸਭਾ ਚੋਣਾਂ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ’ਚ ਕਿਹਾ ਕਿ ਅਕਾਲੀ ਦਲ ਦੇ ਹੱਕ ਵਿੱਚ ਵਧੀਆ ਮਾਹੌਲ ਬਣਿਆ ਹੋਇਆ ਹੈ। ਆਪਣੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਪਰਮਪਾਲ ਕੌਰ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਨੂੰ ਭਾਜਪਾ ’ਚ ਜਾਣ ਤੋਂ ਰੋਕਿਆ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਭਾਜਪਾ ਪਰਮਪਾਲ ਕੌਰ ਨੂੰ ਟਿਕਟ ਦਿੰਦੀ ਹੈ ਤਾਂ ਫਿਰ ਉਹ ਕਿਸ ਨਾਲ ਖੜ੍ਹਨਗੇ। ਇਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਸਮਾਂ ਆਉਣ ’ਤੇ ਦੇਣਗੇ। ਮੌੜ ਹਲਕਾ ਇੰਚਾਰਜ ਦੇ ਅਹੁਦੇ ਤੋਂ ਹਟਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸ੍ਰੀ ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹਨ ਤੇ ਉਹ ਕਿਸੇ ਨੂੰ ਵੀ ਬਦਲ ਸਕਦੇ ਹਨ। ਉਨ੍ਹਾਂ ਦੇ ਅਧਿਕਾਰਾਂ ’ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ। ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਾਲੇ ਤਾਂ ਅਕਾਲੀ ਹਨ, ਜਦ ਦੂਜੀ ਪਾਰਟੀ ਵਿਚ ਸ਼ਾਮਲ ਹੋਣਗੇ ਤਾਂ ਹੀ ਸਵਾਲ ਕਰਿਓ। ਇਸ ਮੌਕੇ ਜਥੇਦਾਰ ਮੋਹਨ ਸਿੰਘ ਬੰਗੀ ਅਤੇ ਗੁਰਪ੍ਰੀਤ ਸਿੰਘ ਝੱਬਰ (ਦੋਵੇਂ ਅੰਤਰਿੰਗ ਮੈਂਬਰ ਸ਼੍ਰੋਮਣੀ ਕਮੇਟੀ) ਮੌਜੂਦ ਸਨ।
ਮਲੂਕਾ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਉੱਠੀ
ਫਿਰੋਜ਼ਪੁਰ (ਸੰਜੀਵ ਹਾਂਡਾ): ਬਠਿੰਡਾ ਹਲਕੇ ’ਚ ਮਲੂਕਾ ਪਰਿਵਾਰ ਦੇ ਦੋ ਜੀਆਂ (ਪੁੱਤਰ-ਨੂੰਹ) ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਸਮੀਕਰਨ ਬਦਲ ਗਏ ਹਨ। ਪਾਰਟੀ ਵੱਲੋਂ ਮੌੜ ਮੰਡੀ ਹਲਕੇ ਦੀ ਜ਼ਿੰਮੇਵਾਰੀ ਪਹਿਲਾਂ ਸਿਕੰਦਰ ਸਿੰਘ ਮਲੂਕਾ ਨੂੰ ਦਿੱਤੀ ਗਈ ਸੀ ਪਰ ਹੁਣ ਇਹ ਜ਼ਿੰਮੇਵਾਰੀ ਜਨਮੇਜਾ ਸਿੰਘ ਸੇਖੋਂ ਨੂੰ ਸੌਂਪ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਬਾਦਲ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉੱਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਮਲੂਕਾ ਪਰਿਵਾਰ ਬਾਰੇ ਚਰਚਾ ਕੀਤੀ ਗਈ। ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਬਾਰੇ ਕੋਈ ਠੋਸ ਫ਼ੈਸਲਾ ਨਹੀਂ ਲਿਆ ਗਿਆ ਜਦਕਿ ਕੁਝ ਆਗੂਆਂ ਵੱਲੋਂ ਮਲੂਕਾ ਨੂੰ ਪਾਰਟੀ ਵਿਚੋਂ ਕੱਢਣ ਦੀ ਸਿਫ਼ਾਰਸ਼ ਕੀਤੀ ਗਈ।