For the best experience, open
https://m.punjabitribuneonline.com
on your mobile browser.
Advertisement

ਦਲਬਦਲੀਆਂ ਦੀ ਸਿਆਸਤ ਤੋਂ ਨੌਜਵਾਨਾਂ ਦਾ ਮੋਹ ਭੰਗ

06:43 AM Apr 11, 2024 IST
ਦਲਬਦਲੀਆਂ ਦੀ ਸਿਆਸਤ ਤੋਂ ਨੌਜਵਾਨਾਂ ਦਾ ਮੋਹ ਭੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 10 ਅਪਰੈਲ
ਲੋਕ ਸਭਾ ਦੀ ਨੁਮਾਇੰਦਗੀ ਲਈ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਦਲਬਦਲੀ ਦਾ ਰੁਝਾਨ ਨੌਜਵਾਨੀ ’ਤੇ ਡੂੰਘਾ ਅਸਰ ਪਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਦਾ ਜਿੱਥੇ ਬਲਾਕ ਸਮਿਤੀ, ਜ਼ਿਲ੍ਹਾ ਪਰਿਸ਼ਦ, ਪੰਚਾਇਤੀ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਭਾਰੀ ਚਾਅ ਤੇ ਉਤਸ਼ਾਹ ਹੁੰਦਾ ਸੀ, ਉੱਥੇ ਲੋਕ ਸਭਾ ਚੋਣਾਂ ਵਿੱਚ ਨੌਜਵਾਨ ਵਰਗ ਨੇ ਸਿਆਸੀ ਧਿਰਾਂ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜਦੋਂ ਵੀ ਕਿਸੇ ਸਿਆਸੀ ਧਿਰ ਨੇ ਰੈਲੀ, ਮੁਜ਼ਾਹਰਾ ਜਾਂ ਮੀਟਿੰਗ ਦਾ ਪ੍ਰਬੰਧ ਕਰਨਾ ਹੁੰਦਾ ਸੀ ਤਾਂ ਪਾਰਟੀਆਂ ਨਾਲ ਜੁੜੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪਾਰਟੀਆਂ ਅਤੇ ਆਗੂਆਂ ਦਾ ਸਮਰਥਨ ਕਰਦੇ ਸਨ। ਆਗੂ ਵੀ ਨੌਜਵਾਨਾਂ ਨੂੰ ‘ਭਵਿੱਖ ਦੇ ਵਾਰਸ’, ‘ਪਾਰਟੀ ਦੀ ਰੀੜ ਦੀ ਹੱਡੀ’ ਆਦਿ ਆਖ ਕੇ ਵਡਿਆਉਂਦੇ ਸਨ। ਜਦੋਂ ਕਿਸੇ ਸਿਆਸੀ ਧਿਰ ਵੱਲੋਂ ਜਲੂਸ ਜਾਂ ਰੈਲੀ ਕੱਢਣੀ ਹੁੰਦੀ ਤਾਂ ਲੀਡਰਾਂ ਦੀਆਂ ਕਾਰਾਂ ਅੱਗੇ ਸੈਂਕੜੇ ਦੁਪਹੀਆ ਵਾਹਨਾਂ ’ਤੇ ਸਵਾਰ ਨੌਜਵਾਨਾਂ ਦੇ ਗਰੁੱਪ ਪਾਰਟੀ ਦੇ ਝੰਡੇ ਲੈ ਕੇ ਜ਼ਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਗਾਉਂਦੇ ਨਜ਼ਰੀ ਪੈਂਦੇ ਸਨ। ਹੁਣ ਕਾਰਾਂ ਅੱਗੇ ਦੁਪਹੀਆ ਸਵਾਰ ਨੌਜਵਾਨਾਂ ਦੀ ਗਿਣਤੀ ਦਰਜਨਾਂ ਵਿੱਚ ਹੀ ਰਹਿ ਗਈ ਹੈ। ਲੰਬਾ ਸਮਾਂ ਸੱਤਾ ਦਾ ਨਿੱਘ ਮਾਣਨ ਵਾਲੀ ਪੰਜਾਬ ਦੀ ਇੱਕ ਸਿਆਸੀ ਪਾਰਟੀ ਨਾਲ ਜੁੜੇ ਇੱਕ ਨੌਜਵਾਨ, ਜੋ ਨੌਜਵਾਨਾਂ ਨੂੰ ਇਕੱਠੇ ਕਰਕੇ ਰੈਲੀਆਂ ਦੀ ਸ਼ਾਨ ਵਧਾਉਣ ਦਾ ਕੰਮ ਕਰਦਾ ਸੀ, ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਨੂੰ ਲਾਰੇ ਲਾਉਣ, ਆਪਣੇ ਹਿੱਤਾਂ ਨੂੰ ਪਹਿਲ ਦੇਣ ਦੇ ਰਾਹ ਪੈ ਗਈਆਂ ਹਨ। ਇਨ੍ਹਾਂ ਪਾਰਟੀਆਂ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਵਿੱਚ ਨਫ਼ਰਤ ਦਾ ਜ਼ਹਿਰ ਘੋਲ ਕੇ ਭਾਈਚਾਰਕ ਸਾਂਝ ਨੂੰ ਧੜਿਆਂ ’ਚ ਵੰਡਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸਿਆਸੀ ਪਾਰਟੀਆਂ ਦੇ ਮਨਸੂਬਿਆਂ ਨੂੰ ਸਮਝਣ ਲੱਗੇ ਹਨ ਅਤੇ ਇਨ੍ਹਾਂ ਤੋਂ ਦੂਰੀ ਬਣਾ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×